ਅੰਮ੍ਰਿਤਸਰ ਦੇ ਰਾਜਾਸਾਂਸੀ ਖੇਤਰ ਅਧੀਨ ਆਉਂਦੇ ਪਿੰਡ ਧਾਰੀਵਾਲ ‘ਚ ਵਾਪਰੀ ਇੱਕ ਦਹਿਸ਼ਤਜਨਕ ਘਟਨਾ ਨੇ ਪੂਰੇ ਇਲਾਕੇ ਨੂੰ ਸਹਿਮਾ ਦਿੱਤਾ ਹੈ। ਇਟਲੀ ‘ਚ ਰਹਿੰਦਾ 42 ਸਾਲਾ NRI ਮਲਕੀਤ ਸਿੰਘ ਆਪਣੇ ਪਰਿਵਾਰ ਨਾਲ ਕੁਝ ਦਿਨਾਂ ਦੀਆਂ ਛੁੱਟੀਆਂ ਮਨਾਉਣ ਵਾਸਤੇ ਪਿੰਡ ਆਇਆ ਹੋਇਆ ਸੀ। ਪਰਿਵਾਰਿਕ ਮੈਂਬਰਾਂ ਅਨੁਸਾਰ, ਮਲਕੀਤ ਆਪਣੇ ਪਿਤਾ ਸੁਰਜੀਤ ਸਿੰਘ ਅਤੇ ਦੋਸਤ ਸੁਖਬੀਰ ਨਾਲ ਖੇਤਾਂ ਵਿੱਚ ਕਣਕ ਦੀ ਵਾਢੀ ਕਰ ਰਿਹਾ ਸੀ ਜਦੋਂ ਉਸੇ ਪਿੰਡ ਦਾ ਵਿਕਰਮ ਹਾਸ਼ੀ ਆਪਣੇ ਇੱਕ ਸਾਥੀ ਨਾਲ ਮੌਕੇ ਤੇ ਆਇਆ ਅਤੇ ਮਲਕੀਤ ਉੱਤੇ ਅਚਾਨਕ ਗੋਲੀਆਂ ਚਲਾ ਦਿੱਤੀਆਂ।
ਗੋਲੀ ਲੱਗਣ ਤੋਂ ਬਾਅਦ ਮਲਕੀਤ ਨੇ ਆਪਣੀ ਮਾਂ ਨੂੰ ਫੋਨ ਕਰਦੇ ਕਹਿੰਦੇ ਕਿਹਾ, “ਮੈਨੂੰ ਬਚਾਓ, ਵਿਕਰਮ ਨੇ ਮੈਨੂੰ ਗੋਲੀ ਮਾਰ ਦਿੱਤੀ ਹੈ।” ਇਹ ਆਖ਼ਰੀ ਕਾਲ ਉਸਦੀ ਜ਼ਿੰਦਗੀ ਦੀ ਸਭ ਤੋਂ ਦਰਦਨਾਕ ਪੁਕਾਰ ਬਣ ਗਈ। ਪਰਿਵਾਰ ਦੇ ਪਹੁੰਚਣ ਤੋਂ ਪਹਿਲਾਂ ਹੀ ਮਲਕੀਤ ਜ਼ਖ਼ਮਾਂ ਦੀ ਤਾਬ ਨਾ ਝੱਲ ਸਕਿਆ ਅਤੇ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ।
ਪਰਿਵਾਰ ਦਾ ਕਹਿਣਾ — “ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਹੈ”
ਮਲਕੀਤ ਦੀ ਭੈਣ ਪਲਵਿੰਦਰ ਕੌਰ ਨੇ ਦੱਸਿਆ ਕਿ ਉਸਦਾ ਭਰਾ ਇਟਲੀ ‘ਚ ਮਜ਼ਦੂਰੀ ਕਰਦਾ ਸੀ ਅਤੇ ਹਰ ਸਾਲ ਘਰ ਆ ਕੇ ਖੇਤੀ ਵਿੱਚ ਪਿਤਾ ਦੀ ਮਦਦ ਕਰਦਾ ਸੀ। ਉਸਨੇ ਕਿਹਾ ਕਿ ਪਰਿਵਾਰ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਸੀ। ਇਹ ਕਤਲ ਇੱਕ ਸੋਚੀ ਸਮਝੀ ਯੋਜਨਾ ਅਨੁਸਾਰ ਕੀਤਾ ਗਿਆ ਹੈ। ਉਨ੍ਹਾਂ ਨੇ ਸਰਕਾਰ ਅਤੇ ਪੁਲਿਸ ਤੋਂ ਮੰਗ ਕੀਤੀ ਕਿ ਵਿਕਰਮ ਹਾਸ਼ੀ ਅਤੇ ਉਸਦੇ ਸਾਥੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।
ਉਸਨੇ ਦੱਸਿਆ ਕਿ ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਮਲਕੀਤ ਦੇ ਸਿਰ ਅਤੇ ਗਰਦਨ ਵਿੱਚ ਦੋ ਗੋਲੀ ਦੇ ਜ਼ਖ਼ਮ ਸਨ। ਹਾਲਤ ਬਹੁਤ ਗੰਭੀਰ ਸੀ ਅਤੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸਨੇ ਦਮ ਤੋੜ ਦਿੱਤਾ।
ਮੁਲਜ਼ਮ ਵਿਕਰਮ ਹਾਲ ਹੀ ਵਿੱਚ ਜ਼ਮਾਨਤ ‘ਤੇ ਰਿਹਾਅ ਹੋਇਆ ਸੀ
ਪਿੰਡ ਦੇ ਲੋਕਾਂ ਨੇ ਦੱਸਿਆ ਕਿ ਵਿਕਰਮ ਪਿੰਡ ਦਾ ਕਾਲਾ ਚਿਹਰਾ ਸੀ ਅਤੇ ਉਸਦਾ ਕਈ ਗੈਰਕਾਨੂੰਨੀ ਗਤੀਵਿਧੀਆਂ ਨਾਲ ਸਬੰਧ ਸੀ। ਉਸਦੇ ਖ਼ਿਲਾਫ਼ ਪਹਿਲਾਂ ਬੰਬ ਧਮਾਕੇ ਦੇ ਮਾਮਲੇ ਵਿਚ ਵੀ ਕੇਸ ਦਰਜ ਸੀ। ਕੁਝ ਮਹੀਨੇ ਪਹਿਲਾਂ ਹੀ ਉਹ ਜ਼ਮਾਨਤ ‘ਤੇ ਬਾਹਰ ਆਇਆ ਸੀ ਅਤੇ ਪਿੰਡ ਵਿੱਚ ਦਹਿਸ਼ਤ ਫੈਲਾ ਰਿਹਾ ਸੀ।
ਪੁਲਿਸ ਵੱਲੋਂ ਜਾਂਚ ਜਾਰੀ
ਧਾਰੀਵਾਲ ਥਾਣੇ ਦੇ ਇੰਚਾਰਜ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਸੁਰਜੀਤ ਸਿੰਘ ਦੇ ਬਿਆਨ ਅਧਾਰ ‘ਤੇ ਵਿਕਰਮ ਸਿੰਘ ਅਤੇ ਉਸਦੇ ਸਾਥੀ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਘਟਨਾ ਸਥਾਨ ਤੋਂ 10 ਖਾਲੀ ਗੋਲੀਆਂ ਦੇ ਖੋਲ ਬਰਾਮਦ ਕੀਤੇ ਗਏ ਹਨ। ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ ਪਰ ਪੁਲਿਸ ਨੇ ਕਿਹਾ ਕਿ ਦੋਸ਼ੀਆਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।
ਪਿੰਡ ਦੇ ਲੋਕਾਂ ਵਿੱਚ ਇਸ ਕਤਲ ਨੂੰ ਲੈ ਕੇ ਕਾਫ਼ੀ ਗੁੱਸਾ ਹੈ। ਉਹਨਾਂ ਨੇ ਸੜਕਾਂ ‘ਤੇ ਇਕੱਠੇ ਹੋ ਕੇ ਨਾਰੇਬਾਜ਼ੀ ਕੀਤੀ ਅਤੇ ਮਲਕੀਤ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਮਲਕੀਤ ਸਿੰਘ ਦੀ ਮੌਤ ਨੇ ਸਿਰਫ਼ ਇੱਕ ਪਰਿਵਾਰ ਨਹੀਂ ਸਗੋਂ ਪੂਰੇ ਪਿੰਡ ਨੂੰ ਝੰਝੋੜ ਦਿੱਤਾ ਹੈ। ਪਰਿਵਾਰ ਹੁਣ ਇੱਕੋ ਗੱਲ ਕਹਿ ਰਿਹਾ ਹੈ — “ਸਾਡਾ ਮਲਕੀਤ ਮੁੜ ਤਾਂ ਨਹੀਂ ਆ ਸਕਦਾ, ਪਰ ਉਸਦੇ ਕਾਤਲਾਂ ਨੂੰ ਸਜ਼ਾ ਮਿਲੇ, ਇਹੀ ਸਾਡਾ ਇਨਸਾਫ਼ ਹੋਵੇਗਾ।”

