ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾ ਇਲਾਕੇ ਵਿੱਚ ਰਾਤ ਦੇ ਸਮੇਂ ਇੱਕ ਘਰ ’ਤੇ ਹੋਏ ਹਮਲੇ ਨਾਲ ਪੂਰੇ ਮੁਹੱਲੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ, ਇਹ ਘਟਨਾ ਬੁੱਧਵਾਰ ਰਾਤ ਨੂੰ ਹੋਈ ਜਦੋਂ ਲਗਭਗ 15 ਤੋਂ 20 ਲੋਕਾਂ ਦੇ ਗਰੁੱਪ ਨੇ ਇੱਕ ਪਰਿਵਾਰ ਦੇ ਘਰ ਉੱਤੇ ਧਾਵਾ ਬੋਲ ਦਿੱਤਾ। ਹਮਲਾਵਰਾਂ ਨੇ ਇੱਟਾਂ ਅਤੇ ਪੱਥਰਾਂ ਨਾਲ ਘਰ ਦੀਆਂ ਬਾਰੀਆਂ ਅਤੇ ਦਰਵਾਜ਼ੇ ਤੋੜ ਦਿੱਤੇ, ਜਿਸ ਨਾਲ ਘਰ ਅੰਦਰ ਮੌਜੂਦ ਔਰਤਾਂ, ਬੱਚੇ ਅਤੇ ਵੱਡੇ-ਛੋਟੇ ਲੋਕ ਦਹਿਸ਼ਤ ਵਿੱਚ ਆ ਗਏ।
ਪੀੜਤ ਔਰਤ ਨੇ ਦੱਸਿਆ ਕਿ ਘਟਨਾ ਵੇਲੇ ਉਹ ਆਪਣੀ ਮਾਂ ਨਾਲ ਘਰ ’ਚ ਇਕੱਲੀ ਸੀ। ਮਾਂ ਨੂੰ ਹਾਲ ਹੀ ਵਿੱਚ ਹਸਪਤਾਲ ਤੋਂ ਛੁੱਟੀ ਮਿਲੀ ਸੀ। ਰਾਤ ਨੂੰ ਬਾਹਰੋਂ ਸ਼ੋਰ ਸੁਣਕੇ ਜਦੋਂ ਉਹ ਦਰਵਾਜ਼ਾ ਬੰਦ ਕਰਨ ਲਈ ਗਈ ਤਾਂ ਕੁਝ ਲੋਕਾਂ ਨੇ ਇੱਟਾਂ ਮਾਰ ਕੇ ਦਰਵਾਜ਼ਾ ਤੋੜ ਦਿੱਤਾ ਅਤੇ ਘਰ ਅੰਦਰ ਦਾਖਲ ਹੋ ਗਏ। ਉਨ੍ਹਾਂ ਨੇ ਘਰ ਦੀਆਂ ਚੀਜ਼ਾਂ ਤੋੜੀਆਂ, ਖਿੜਕੀਆਂ ਅਤੇ ਬਾਰੀਆਂ ਨੂੰ ਨੁਕਸਾਨ ਪਹੁੰਚਾਇਆ। ਔਰਤ ਦਾ ਕਹਿਣਾ ਹੈ ਕਿ ਹਮਲਾਵਰਾਂ ਨੇ ਉਸਦੇ ਕੱਪੜੇ ਵੀ ਫਾੜ ਦਿੱਤੇ ਅਤੇ ਪਰਿਵਾਰ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਝਗੜਾ ਕਿਸੇ ਛੋਟੀ ਬਹਿਸ ਤੋਂ ਸ਼ੁਰੂ ਹੋਇਆ ਸੀ ਪਰ ਕੁਝ ਹੀ ਸਮੇਂ ਵਿੱਚ ਮਾਮਲਾ ਹਿੰਸਕ ਰੂਪ ਧਾਰ ਗਿਆ। ਇੱਕ ਨੌਜਵਾਨ ਕਰਨਵੀਰ ਸਿੰਘ ਨੇ ਕਿਹਾ ਕਿ ਮਾਮਲੇ ਨੂੰ ਲੈ ਕੇ ਗੰਭੀਰ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਜਿੰਨੇ ਵੀ ਲੋਕ ਇਸ ਹਮਲੇ ਵਿੱਚ ਸ਼ਾਮਿਲ ਹਨ, ਉਨ੍ਹਾਂ ਨੂੰ ਕਾਨੂੰਨੀ ਤੌਰ ’ਤੇ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।
ਦੂਜੇ ਪਾਸੇ, ਜਦੋਂ ਮੀਡੀਆ ਨੇ ਥਾਣਾ ਗੇਟ ਪੁਲਿਸ ਨਾਲ ਸੰਪਰਕ ਕੀਤਾ ਤਾਂ ਪੁਲਿਸ ਅਧਿਕਾਰੀ ਨੇ ਕਿਸੇ ਵੀ ਪ੍ਰਕਾਰ ਦਾ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਕਿਹਾ ਕਿ ਪੁਲਿਸ ਕਮਿਸ਼ਨਰ ਦੀ ਮਨਜ਼ੂਰੀ ਤੋਂ ਬਿਨਾਂ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ। ਇਸ ਦੌਰਾਨ, ਮੌਕੇ ’ਤੇ ਮੀਡੀਆ ਅਤੇ ਪੁਲਿਸ ਅਧਿਕਾਰੀ ਵਿਚਾਲੇ ਤਕਰਾਰ ਵੀ ਦੇਖੀ ਗਈ, ਜਿੱਥੇ ਕੁਝ ਅਧਿਕਾਰੀ ਪੱਤਰਕਾਰਾਂ ਨਾਲ ਬਦਸਲੂਕੀ ਕਰਦੇ ਹੋਏ ਕੈਮਰਿਆਂ ਤੋਂ ਬਚਦੇ ਨਜ਼ਰ ਆਏ।
ਇਸ ਸਮੇਂ ਪੂਰੇ ਇਲਾਕੇ ਵਿੱਚ ਤਣਾਅ ਦਾ ਮਾਹੌਲ ਹੈ ਅਤੇ ਸਥਾਨਕ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਿੰਨੇ ਵੀ ਲੋਕ ਹਮਲੇ ਵਿੱਚ ਸ਼ਾਮਿਲ ਹਨ, ਉਨ੍ਹਾਂ ਖਿਲਾਫ਼ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।