ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ਹੜ ਦੇ ਕਾਰਨ ਬੇਘਰ ਹੋਏ ਪਰਿਵਾਰਾਂ ਲਈ ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ 24 ਘੰਟਿਆਂ ਦੇ ਅੰਦਰ ਨਵੇਂ ਘਰ ਤਿਆਰ ਕਰਕੇ ਦਿੱਤੇ ਗਏ ਹਨ। ਇਹ ਉਪਰਾਲਾ “ਮੂੜ੍ਹ ਵਸੇਬਾ ਪੰਜਾਬ ਦਾ” ਪੁਨਰਵਾਸ ਮੁਹਿੰਮ ਹੇਠ ਕੀਤਾ ਗਿਆ। ਅੰਮ੍ਰਿਤਸਰ ਵਿੱਚ 6 ਅਤੇ ਗੁਰਦਾਸਪੁਰ ਵਿੱਚ 7 ਘਰਾਂ ਦੀ ਨਿਰਮਾਣ ਪ੍ਰਕਿਰਿਆ ਸੰਪੂਰਨ ਕੀਤੀ ਗਈ ਹੈ। ਹਰ ਘਰ ਆਧੁਨਿਕ ਸੁਵਿਧਾਵਾਂ ਨਾਲ ਸਜਾਏ ਗਏ ਹਨ, ਜਿਨ੍ਹਾਂ ਵਿੱਚ ਦੋ ਕਮਰੇ, ਰਸੋਈ, ਲਿਵਿੰਗ ਏਰੀਆ ਅਤੇ ਵਾਸ਼ਿੰਗ ਏਰੀਆ ਸਮੇਤ ਬੁਨਿਆਦੀ ਸੁਵਿਧਾਵਾਂ ਸ਼ਾਮਲ ਹਨ।
ਮੀਡੀਆ ਨਾਲ ਗੱਲਬਾਤ ਦੌਰਾਨ ਕਲਗੀਧਰ ਟਰੱਸਟ ਦੇ ਪ੍ਰਤੀਨਿਧ ਨੇ ਕਿਹਾ ਕਿ ਸੇਵਾ ਅਤੇ ਮਨੁੱਖਤਾ ਸਿੱਖ ਧਰਮ ਦਾ ਅਟੁੱਟ ਹਿੱਸਾ ਹੈ। ਉਨ੍ਹਾਂ ਨੇ ਦੱਸਿਆ, “ਜਿਵੇਂ 2005 ਵਿੱਚ ਕਸ਼ਮੀਰ ਵਿੱਚ ਤਬਾਹੀ ਦੌਰਾਨ ਸਾਡੇ ਬਾਬਾ ਜੀ ਨੇ ਸ਼ੈਲਟਰ ਘਰ ਬਣਾਉਣ ਹੁਕਮ ਦਿੱਤਾ ਸੀ, ਉਸੇ ਤਰ੍ਹਾਂ ਅਸੀਂ ਹੁਣ ਪੰਜਾਬ ਦੇ ਹੜ ਪੀੜਤ ਪਰਿਵਾਰਾਂ ਲਈ ਛੱਤ ਮੁਹੱਈਆ ਕਰ ਰਹੇ ਹਾਂ। ਇਹ ਸਾਡਾ ਫਰਜ਼ ਹੈ ਅਤੇ ਮਨੁੱਖਤਾ ਲਈ ਸੇਵਾ ਵੀ।”
ਟਰੱਸਟ ਨੇ ਹੜ ਤੋਂ ਬਾਅਦ ਜ਼ਰੂਰਤਮੰਦ ਪਰਿਵਾਰਾਂ ਦੀ ਸੂਚੀ ਪ੍ਰਸ਼ਾਸਨ ਨਾਲ ਮਿਲ ਕੇ ਤਿਆਰ ਕੀਤੀ ਅਤੇ ਜਿਵੇਂ ਹੀ ਡਾਟਾ ਮਿਲਿਆ, ਟੀਮ ਨੇ ਤੁਰੰਤ ਘਰਾਂ ਦਾ ਨਿਰਮਾਣ ਸ਼ੁਰੂ ਕਰ ਦਿੱਤਾ। ਹਰ ਘਰ ਲਗਭਗ 1000 ਵਰਗ ਫੁੱਟ ਦਾ ਹੈ, ਜਿਸ ਵਿੱਚ ਇਨਸੂਲੇਸ਼ਨ ਅਤੇ ਸੁਰੱਖਿਆ ਦੇ ਖਾਸ ਇੰਤਜ਼ਾਮ ਕੀਤੇ ਗਏ ਹਨ, ਤਾਂ ਜੋ ਗਰਮੀ ਅਤੇ ਠੰਡ ਦੋਵਾਂ ਮੌਸਮਾਂ ਵਿੱਚ ਪਰਿਵਾਰ ਸੁਖਦਾਈ ਤਰੀਕੇ ਨਾਲ ਰਹਿ ਸਕਣ।
ਐਡੀਸ਼ਨਲ ਡਿਪਟੀ ਕਮਿਸ਼ਨਰ (ADC) ਰੋਹਿਤ ਗੁਪਤਾ ਨੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ, “ਹੜ ਆਉਣ ‘ਤੇ ਕਲਗੀਧਰ ਟਰੱਸਟ ਨੇ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਕੀਤੀ ਸੀ। ਹੁਣ ਨਵੇਂ ਘਰਾਂ ਦਾ ਇਹ ਉਪਰਾਲਾ ਬੇਮਿਸਾਲ ਹੈ। ਇਹ ਸਾਬਤ ਕਰਦਾ ਹੈ ਕਿ ਸਰਕਾਰ ਅਤੇ ਸਿਵਲ ਸੋਸਾਇਟੀ ਜਦੋਂ ਇਕੱਠੇ ਕੰਮ ਕਰਦੇ ਹਨ ਤਾਂ ਮਨੁੱਖਤਾ ਦੀ ਜਿੱਤ ਹੁੰਦੀ ਹੈ।” ਉਨ੍ਹਾਂ ਨੇ ਇਹ ਵੀ ਕਿਹਾ ਕਿ ਪ੍ਰੀ-ਫੈਬਰਿਕੇਟਡ ਘਰਾਂ ਦਾ ਮਾਡਲ ਸਰਕਾਰ ਲਈ ਪ੍ਰੇਰਣਾ ਦਾ ਸਰੋਤ ਬਣ ਸਕਦਾ ਹੈ, ਕਿਉਂਕਿ ਇਸ ਨਾਲ ਘੱਟ ਸਮੇਂ ਅਤੇ ਘੱਟ ਖਰਚ ‘ਤੇ ਲੋਕਾਂ ਨੂੰ ਸੁਰੱਖਿਅਤ ਛੱਤ ਮਿਲ ਸਕਦੀ ਹੈ।
ਹੜ ਪੀੜਤ ਪਰਿਵਾਰਾਂ ਨੇ ਕਲਗੀਧਰ ਟਰੱਸਟ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਜਦੋਂ ਘਰ ਪਾਣੀ ਵਿੱਚ ਡਿੱਗੇ ਹੋਏ ਸਨ, ਉਹ ਤਰਪਾਲ ਹੇਠ ਰਹਿ ਰਹੇ ਸਨ। ਹੁਣ ਉਹਨਾਂ ਨੂੰ ਸਿਰਫ਼ ਛੱਤ ਹੀ ਨਹੀਂ ਮਿਲੀ, ਸਗੋਂ ਇਜ਼ਤ ਅਤੇ ਉਮੀਦ ਵੀ ਮੁੜ ਮਿਲੀ ਹੈ। ਟਰੱਸਟ ਨੇ ਪਰਿਵਾਰਾਂ ਨੂੰ ਤਿੰਨ ਮਹੀਨਿਆਂ ਲਈ ਰਾਸ਼ਨ ਵੀ ਮੁਹੱਈਆ ਕਰਵਾਇਆ ਹੈ, ਜਿਸ ਨਾਲ ਉਹ ਆਪਣੀ ਜ਼ਿੰਦਗੀ ਮੁੜ ਸ਼ੁਰੂ ਕਰ ਸਕਦੇ ਹਨ।
ਟਰੱਸਟ ਦੇ ਪ੍ਰਤੀਨਿਧ ਨੇ ਆਖਿਰਕਾਰ ਕਿਹਾ, “ਇਹ ਸਾਰਾ ਉਪਰਾਲਾ ਸੰਗਤ ਦੀ ਸੇਵਾ ਨਾਲ ਸੰਭਵ ਹੋਇਆ ਹੈ। ਅਸੀਂ ਸੰਗਤ ਦੇ ਪੈਸੇ ਨਾਲ ਸੰਗਤ ਦੀ ਸੇਵਾ ਕਰਦੇ ਹਾਂ। ਸਾਡੀ ਸੰਸਥਾ ਦਾ ਸਾਰਾ ਕੰਮ ਪੂਰੀ ਪਾਰਦਰਸ਼ਤਾ ਅਤੇ ਜ਼ਿੰਮੇਵਾਰੀ ਨਾਲ ਕੀਤਾ ਜਾਂਦਾ ਹੈ। ਇਹ ਪ੍ਰਯਾਸ ਨਾ ਸਿਰਫ਼ ਮਦਦ ਦਾ ਪ੍ਰਤੀਕ ਹੈ, ਸਗੋਂ ਮਨੁੱਖਤਾ ਅਤੇ ਸਿੱਖ ਸਿਧਾਂਤਾਂ ਦੀ ਜੀਵੰਤ ਮਿਸਾਲ ਵੀ ਹੈ, ਜਿਸ ਨਾਲ ਹੜ ਪੀੜਤ ਪਰਿਵਾਰਾਂ ਵਿੱਚ ਫਿਰ ਤੋਂ ਜੀਵਨ ਦੀ ਆਸ ਜਗੀ ਹੈ।”