ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਡਿਬਰੂਗੜ੍ਹ ਜੇਲ੍ਹ (ਅਸਾਮ) ‘ਚ ਬੰਦ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਇਕ ਵੱਡਾ ਦਾਅਵਾ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ ‘ਤੇ ਚੱਲ ਰਹੀ ਇਕ ਪੋਸਟ ਮੁਤਾਬਕ, ਅਜਨਾਲਾ ਅਦਾਲਤ ‘ਚ ਪੁਲਸ ਵੱਲੋਂ ਪੇਸ਼ ਕੀਤੇ ਚਲਾਨ ਵਿਚ ਲਿਖਿਆ ਗਿਆ ਹੈ ਕਿ ਅੰਮ੍ਰਿਤਪਾਲ ਦੇ ਆਪਣੇ ਹੀ ਸਾਥੀ – ਵਰਿੰਦਰ ਸਿੰਘ ਫੌਜੀ ਅਤੇ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇਕੇ – ਨੇ ਬਿਆਨ ਦਿੱਤਾ ਕਿ ਉਹ ਨਸ਼ੇ ਕਰਦਾ ਸੀ।ਇਸ ਚਲਾਨ ਵਿੱਚ ਦੋ ਪੁਲਿਸ ਅਧਿਕਾਰੀਆਂ ਨੂੰ ਵੀ ਗਵਾਹ ਬਣਾਇਆ ਗਿਆ ਹੈ। ਪੋਸਟਾਂ ਅਤੇ ਚਲਾਨ ਦੀਆਂ ਕਾਪੀਆਂ ਵਿਚ ਨਸ਼ਿਆਂ ਦੇ ਵੱਡੇ ਪੈਮਾਨੇ ‘ਤੇ ਵਰਤੋਂ ਦਾ ਵੀ ਜ਼ਿਕਰ ਹੈ। ਹਾਲਾਂਕਿ, ਅਜੇ ਤੱਕ ਕਿਸੇ ਵੀ ਪੁਲਿਸ ਅਧਿਕਾਰੀ ਵੱਲੋਂ ਇਸ ਦੀ ਪੁਸ਼ਟੀ ਨਹੀਂ ਹੋਈ।
ਇਹ ਮਾਮਲਾ 2023 ਦੀ ਉਸ ਘਟਨਾ ਨਾਲ ਜੁੜਿਆ ਹੋਇਆ ਹੈ ਜਦੋਂ ਅੰਮ੍ਰਿਤਪਾਲ ਸਿੰਘ ਆਪਣੇ ਸਾਥੀ ਤੂਫਾਨ ਸਿੰਘ ਦੀ ਰਿਹਾਈ ਲਈ ਅਜਨਾਲਾ ਥਾਣੇ ‘ਤੇ ਪੁੱਜਿਆ ਸੀ। ਓਥੇ ਪੁਲਸ ਨਾਲ ਝੜਪ ਹੋਈ ਸੀ। ਬਾਅਦ ‘ਚ ਅੰਮ੍ਰਿਤਪਾਲ ਅਤੇ ਉਸਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰਕੇ NSA ਦੇ ਤਹਿਤ ਅਸਾਮ ਭੇਜ ਦਿੱਤਾ ਗਿਆ।ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਸਾਰੇ ਬਿਆਨ ਅਦਾਲਤ ਵਿੱਚ ਪੇਸ਼ ਕੀਤੇ ਚਲਾਨ ਦਾ ਹਿੱਸਾ ਹਨ। ਦੂਜੇ ਪਾਸੇ, ਅੰਮ੍ਰਿਤਪਾਲ ਸਿੰਘ ਦੇ ਵਕੀਲ ਇਮਾਨ ਸਿੰਘ ਖਾਰਾ ਨੇ ਇਨ੍ਹਾਂ ਦੋਸ਼ਾਂ ਨੂੰ “ਬਿਲਕੁਲ ਝੂਠਾ ਅਤੇ ਬੇਬੁਨਿਆਦ” ਕਰਾਰ ਦਿੱਤਾ ਹੈ।