Site icon Punjab Mirror

ਸਖ਼ਤ ਸੁਰੱਖਿਆ ਵਿਚਾਲੇ ਭਾਰਤ ਜੋੜੋ ਯਾਤਰਾ ਹੋਈ ਸ਼ੁਰੂ ਜੰਮੂ ‘ਚ ਧਮਾਕੇ ਤੋਂ ਬਾਅਦ ਅਲਰਟ ਜਾਰੀ

ਭਾਰਤ ਜੋੜੋ ਯਾਤਰਾ ਐਤਵਾਰ ਨੂੰ ਜੰਮੂ ਦੇ ਕਠੂਆ ਜ਼ਿਲ੍ਹੇ ਦੇ ਹੀਰਾਨਗਰ ਤੋਂ ਸਖ਼ਤ ਸੁਰੱਖਿਆ ਵਿਚਕਾਰ ਮੁੜ ਸ਼ੁਰੂ ਹੋ ਗਈ ਹੈ। ਸ਼ਨੀਵਾਰ ਨੂੰ ਬ੍ਰੇਕ ਤੋਂ ਬਾਅਦ ਇਹ ਯਾਤਰਾ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਅਗਵਾਈ ‘ਚ ਸਵੇਰੇ 7 ਵਜੇ ਹੀਰਾਨਗਰ ਤੋਂ ਸ਼ੁਰੂ ਹੋਈ ਸੀ। ਸ਼ਨੀਵਾਰ ਨੂੰ ਨਰਵਾਲ ‘ਚ ਹੋਏ ਧਮਾਕੇ ਤੋਂ ਬਾਅਦ ਜਾਂਚ ਏਜੰਸੀਆਂ ਨੇ ਸੁਰੱਖਿਆ ਅਲਰਟ ਜਾਰੀ ਕਰ ਦਿੱਤਾ ਹੈ। NIA ਦੀ ਟੀਮ ਜਾਂਚ ਲਈ ਪਹੁੰਚ ਗਈ ਹੈ। ਨਾਲ ਹੀ, ਐਲਜੀ ਮਨੋਜ ਸਿਨਹਾ ਵੱਲੋਂ ਉੱਚ ਪੱਧਰੀ ਮੀਟਿੰਗ ਬੁਲਾਈ ਗਈ ਹੈ।

ਜੰਮੂ-ਕਸ਼ਮੀਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵਿਕਰ ਰਸੂਲ ਵਾਨੀ, ਕਾਰਜਕਾਰੀ ਪ੍ਰਧਾਨ ਰਮਨ ਭੱਲਾ ਅਤੇ ਹਜ਼ਾਰਾਂ ਵਰਕਰਾਂ ਨਾਲ ਤਿਰੰਗਾ ਲੈ ਕੇ ਰਾਹੁਲ ਗਾਂਧੀ ਨੇ ਸਵੇਰੇ 8 ਵਜੇ ਲੋਂਡੀ ਚੌਕੀ ਨੂੰ ਪਾਰ ਕੀਤਾ। ਇਹ ਯਾਤਰਾ ਸਾਂਬਾ ਜ਼ਿਲ੍ਹੇ ਦੇ ਟਪਾਇਲ-ਗਗਵਾਲ ਵਿੱਚ ਦਾਖ਼ਲ ਹੋ ਗਈ ਹੈ। ਸੁਰੱਖਿਆ ਕਾਰਨਾਂ ਕਰਕੇ ਜੰਮੂ-ਪਠਾਨਕੋਟ ਹਾਈਵੇਅ ਨੂੰ ਸੀਲ ਕਰ ਦਿੱਤਾ ਗਿਆ ਹੈ।

ਇੰਚਾਰਜ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਸੁਰੱਖਿਆ ਦੇ ਮੁੱਦੇ ’ਤੇ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਇਹ ਸਾਡੀ ਪ੍ਰਮੁੱਖ ਤਰਜੀਹ ਹੈ। ਸੁਰੱਖਿਆ ਏਜੰਸੀਆਂ ਜੋ ਵੀ ਕਹਿਣਗੀਆਂ ਅਸੀਂ ਉਸ ਦਾ ਪਾਲਣ ਕਰਾਂਗੇ। ਅੱਜ ਇਹ ਯਾਤਰਾ 25 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਚੱਕ ਨਾਨਕ ਪਹੁੰਚੇਗੀ, ਜਿੱਥੇ ਰਾਤ ਦਾ ਠਹਿਰਾਅ ਹੋਵੇਗਾ। ਸੋਮਵਾਰ ਨੂੰ ਸਾਂਬਾ ਦੇ ਵਿਜੇਪੁਰ ਤੋਂ ਯਾਤਰਾ ਫਿਰ ਜੰਮੂ ਲਈ ਰਵਾਨਾ ਹੋਵੇਗੀ।

Exit mobile version