ਅਜਨਾਲਾ : ਪੰਜਾਬ ਵਿੱਚ ਹਾਲ ਹੀ ਵਿੱਚ ਆਏ ਹੜਾਂ ਕਾਰਨ ਜਿੱਥੇ ਖੇਤੀਬਾੜੀ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ, ਉੱਥੇ ਹੀ ਹੁਣ ਪਸ਼ੂ ਪਾਲਕ ਕਿਸਾਨਾਂ ਦੇ ਸਾਹਮਣੇ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ। ਅਜਨਾਲਾ ਦੇ ਪਿੰਡ ਧਾਰੀਵਾਲ ਕਲੇਰ ਵਿੱਚ ਸੂਰਾਂ ਵਿੱਚ ‘ਅਮਰੀਕਨ ਸਵਾਈਨ ਫੀਵਰ’ ਦੀ ਬਿਮਾਰੀ ਫੈਲਣ ਨਾਲ ਖੇਤਰ ਵਿੱਚ ਹੜਕੰਪ ਮਚ ਗਿਆ ਹੈ। ਹੁਣ ਤੱਕ ਇਸ ਬਿਮਾਰੀ ਕਾਰਨ 200 ਤੋਂ ਵੱਧ ਸੂਰਾਂ ਦੀ ਮੌਤ ਹੋ ਚੁੱਕੀ ਹੈ ਅਤੇ ਬਚੇ ਹੋਏ ਸੂਰਾਂ ਨੂੰ ਵੀ ਪਸ਼ੂ ਪਾਲਣ ਵਿਭਾਗ ਦੀ ਟੀਮ ਵੱਲੋਂ ਮਾਰ ਕੇ ਜ਼ਮੀਨ ਵਿੱਚ ਦੱਬ ਦਿੱਤਾ ਗਿਆ ਹੈ।
ਕਿਸਾਨ ਦਾ ਵੱਡਾ ਆਰਥਿਕ ਨੁਕਸਾਨ
ਪਿੰਡ ਦੇ ਇੱਕ ਸੂਰ ਪਾਲਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਨੇ ਲਗਭਗ 23 ਲੱਖ ਰੁਪਏ ਖਰਚ ਕਰਕੇ ਆਪਣਾ ਸੂਰ ਫਾਰਮ ਬਣਾਇਆ ਸੀ। ਉਸਦੇ ਮੁਤਾਬਕ, ਬਿਮਾਰੀ ਦੀ ਸ਼ੁਰੂਆਤ 25 ਅਗਸਤ ਨੂੰ ਹੋਈ ਸੀ। ਪਹਿਲਾਂ ਉਸਨੇ ਸਰਕਾਰੀ ਹਸਪਤਾਲਾਂ ਨਾਲ ਸੰਪਰਕ ਕੀਤਾ ਤੇ ਇਲਾਜ ਦੀ ਗੱਲ ਕੀਤੀ ਗਈ। ਪਰੰਤੂ ਸਮੇਂ ‘ਤੇ ਕੋਈ ਢੁਕਵਾਂ ਕਦਮ ਨਾ ਚੁੱਕਿਆਂ ਹੌਲੀ-ਹੌਲੀ ਕਰਦਿਆਂ 200 ਤੋਂ ਵੱਧ ਸੂਰਾਂ ਦੀ ਮੌਤ ਹੋ ਗਈ। ਹੁਣ ਜਦ ਉਸਦੇ ਕੋਲ ਸਿਰਫ਼ ਛੇ ਸੂਰ ਬਚੇ ਸਨ, ਤਦ ਪਸ਼ੂ ਪਾਲਣ ਵਿਭਾਗ ਦੀ ਪੂਰੀ ਟੀਮ ਪਿੰਡ ਵਿੱਚ ਪਹੁੰਚੀ ਅਤੇ ਸਾਰੇ ਸੂਰਾਂ ਨੂੰ ਮਾਰ ਕੇ ਖੱਡੇ ਵਿੱਚ ਦੱਬ ਦਿੱਤਾ ਗਿਆ। ਕਿਸਾਨ ਨੇ ਇਸ ਘਟਨਾ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਨੁਕਸਾਨ ਦੱਸਦੇ ਹੋਏ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਪਸ਼ੂ ਪਾਲਣ ਵਿਭਾਗ ਦੀ ਕਾਰਵਾਈ
ਇਸ ਮਾਮਲੇ ‘ਚ ਪਸ਼ੂ ਪਾਲਣ ਵਿਭਾਗ ਦੇ ਅਸਿਸਟੈਂਟ ਡਾਇਰੈਕਟਰ ਰਵਿੰਦਰ ਸਿੰਘ ਕਾਂਗ ਨੇ ਕਿਹਾ ਕਿ “ਅਮਰੀਕਨ ਸਵਾਈਨ ਫੀਵਰ” ਇੱਕ ਬਹੁਤ ਹੀ ਖ਼ਤਰਨਾਕ ਵਾਇਰਲ ਬਿਮਾਰੀ ਹੈ ਜਿਸਦਾ ਅਜੇ ਤੱਕ ਕੋਈ ਇਲਾਜ ਸੰਭਵ ਨਹੀਂ ਹੈ। ਇਹ ਬਿਮਾਰੀ ਸਿਰਫ਼ ਸੂਰਾਂ ਵਿੱਚ ਫੈਲਦੀ ਹੈ ਅਤੇ ਉਹਨਾਂ ਦੀ ਮੌਤ ਦਾ ਕਾਰਨ ਬਣਦੀ ਹੈ। ਇਸ ਲਈ ਜਦੋਂ ਵੀ ਕਿਸੇ ਸੂਰ ਵਿੱਚ ਇਸਦੀ ਪੁਸ਼ਟੀ ਹੁੰਦੀ ਹੈ ਤਾਂ ਬਿਮਾਰ ਸੂਰਾਂ ਨੂੰ ਮਾਰ ਕੇ ਉਨ੍ਹਾਂ ਨੂੰ ਫਾਰਮ ਹਾਊਸ ਵਿੱਚ ਹੀ ਦੱਬ ਦਿੱਤਾ ਜਾਂਦਾ ਹੈ ਅਤੇ ਸਾਰੇ ਫਾਰਮ ਨੂੰ ਸੈਨੀਟਾਈਜ਼ ਕੀਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਇਹ ਬਿਮਾਰੀ ਤਿੰਨ ਕਿਲੋਮੀਟਰ ਦੇ ਘੇਰੇ ਵਿੱਚ ਫੈਲ ਸਕਦੀ ਹੈ, ਇਸ ਲਈ ਉਸ ਖੇਤਰ ਦੇ ਸਾਰੇ ਸੂਰ ਫਾਰਮਾਂ ਨੂੰ ਨਿਗਰਾਨੀ ਹੇਠ ਰੱਖਿਆ ਜਾਵੇਗਾ ਅਤੇ ਸੈਨੀਟਾਈਜ਼ੇਸ਼ਨ ਦੀ ਕਾਰਵਾਈ ਕੀਤੀ ਜਾਵੇਗੀ। ਅਗਰ ਕਿਸੇ ਹੋਰ ਫਾਰਮ ਵਿੱਚ ਵੀ ਇਸਦੀ ਪੁਸ਼ਟੀ ਹੁੰਦੀ ਹੈ ਤਾਂ ਉੱਥੇ ਵੀ ਇਹੀ ਕਾਰਵਾਈ ਕੀਤੀ ਜਾਵੇਗੀ।
ਮਨੁੱਖੀ ਸਿਹਤ ਉੱਤੇ ਕੋਈ ਅਸਰ ਨਹੀਂ
ਅਧਿਕਾਰੀਆਂ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ “ਅਮਰੀਕਨ ਸਵਾਈਨ ਫੀਵਰ” ਦਾ ਮਨੁੱਖੀ ਜ਼ਿੰਦਗੀ ਉੱਤੇ ਕੋਈ ਅਸਰ ਨਹੀਂ ਪੈਂਦਾ। ਇਹ ਸਿਰਫ਼ ਸੂਰਾਂ ਵਿੱਚ ਹੀ ਫੈਲਦੀ ਹੈ। ਫਿਰ ਵੀ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਮੀਟ ਜਾਂ ਦੁੱਧ ਦੀ ਵਰਤੋਂ ਕਰਨ ਤੋਂ ਪਹਿਲਾਂ ਉਸਨੂੰ ਚੰਗੀ ਤਰ੍ਹਾਂ ਉਬਾਲ ਕੇ ਹੀ ਖਪਤ ਕਰਨ।
ਸੂਰਾਂ ਦੀ ਵਿਕਰੀ ‘ਤੇ ਪਾਬੰਦੀ
ਫਿਲਹਾਲ ਪਿੰਡ ਧਾਰੀਵਾਲ ਕਲੇਰ ਦੇ ਪ੍ਰਭਾਵਿਤ ਸੂਰ ਫਾਰਮ ਤੋਂ ਸੂਰਾਂ ਦੀ ਵਿਕਰੀ ਅਤੇ ਮੀਟ ਦੀ ਬਿਕਰੀ ਪੂਰੀ ਤਰ੍ਹਾਂ ਰੋਕ ਦਿੱਤੀ ਗਈ ਹੈ। ਪਸ਼ੂ ਪਾਲਣ ਵਿਭਾਗ ਦਾ ਕਹਿਣਾ ਹੈ ਕਿ ਇਹ ਕਦਮ ਬਿਮਾਰੀ ਨੂੰ ਹੋਰ ਫਾਰਮਾਂ ਤੱਕ ਫੈਲਣ ਤੋਂ ਰੋਕਣ ਲਈ ਜ਼ਰੂਰੀ ਹੈ।