ਅੰਮ੍ਰਿਤਸਰ ਦਿਹਾਤੀ : ਪੰਜਾਬ ਵਿੱਚ ਨਸ਼ੇ ਖ਼ਿਲਾਫ਼ ਚਲ ਰਹੀ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਅਜਨਾਲਾ ਪੁਲਿਸ ਨੇ ਨਸ਼ੇ ਦੇ ਕਾਲੇ ਧੰਦੇ ਕਰਨ ਵਾਲੇ ਇੱਕ ਪਤੀ-ਪਤਨੀ ਨੂੰ ਹੈਰੋਇਨ ਅਤੇ ਨਸ਼ੇ ਦੀ ਕਮਾਈ ਸਮੇਤ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਇਹ ਗ੍ਰਿਫ਼ਤਾਰੀ ਅਜਨਾਲਾ ਖੇਤਰ ਵਿੱਚ ਬੜ੍ਹਦੇ ਡਰੱਗ ਰੈਕਟ ਨੂੰ ਲੈ ਕੇ ਸੁਰੱਖਿਆ ਵਸਵਸੇ ਪੈਦਾ ਕਰ ਰਹੀ ਸੀ।
ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਐੱਸ.ਐੱਸ.ਪੀ ਮਨਿੰਦਰ ਸਿੰਘ ਦੀ ਹਦਾਇਤਾਂ ਮੁਤਾਬਕ ਡੀ.ਐੱਸ.ਪੀ ਅਜਨਾਲਾ ਗੁਰਵਿੰਦਰ ਸਿੰਘ ਔਲਖ ਦੀ ਅਗਵਾਈ ਹੇਠ ਨਸ਼ੇ ਦੇ ਸੌਦਾਗਰਾਂ ਵਿਰੁੱਧ ਵੱਡੇ ਪੱਧਰ ’ਤੇ ਕਾਰਵਾਈ ਜਾਰੀ ਹੈ। ਇਸੇ ਦੌਰਾਨ ਪੁਲਿਸ ਨੇ ਪਿੰਡ ਲੱਖੂਵਾਲ ਦੇ ਰਹਿਣ ਵਾਲੇ ਹਰਦੀਪ ਸਿੰਘ ਅਤੇ ਉਸ ਦੀ ਪਤਨੀ ਕੰਵਲਜੀਤ ਕੌਰ ਨੂੰ 20 ਗ੍ਰਾਮ ਹੈਰੋਇਨ ਅਤੇ 650 ਰੁਪਏ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕਰ ਲਿਆ।
ਥਾਣਾ ਅਜਨਾਲਾ ਵਿਖੇ ਬੁਲਾਈ ਗਈ ਪ੍ਰੈੱਸ ਕਾਨਫਰੰਸ ਦੌਰਾਨ ਐੱਸ.ਐੱਚ.ਓ ਸਬ-ਇੰਸਪੈਕਟਰ ਹਰਚੰਦ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਇਹ ਕਾਰਵਾਈ ਕੀਤੀ ਗਈ ਹੈ। ਪਿੰਡ ਵਾਸੀਆਂ ਵੱਲੋਂ ਮੁੱਖ ਮੰਤਰੀ ਦੇ ਆਨਲਾਈਨ ਪੋਰਟਲ ’ਤੇ ਇਨ੍ਹਾਂ ਦੇ ਨਸ਼ਿਆਂ ਦੇ ਵਪਾਰ ਬਾਰੇ ਸ਼ਿਕਾਇਤ ਕੀਤੀ ਗਈ ਸੀ। ਸ਼ਿਕਾਇਤ ਮਿਲਦੇ ਹੀ ਏ.ਐੱਸ.ਆਈ ਕਰਨੈਲ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਇਹ ਵੱਡੀ ਕਾਰਵਾਈ ਅੰਜਾਮ ਦਿੱਤੀ।
ਪੁਲਿਸ ਮੁਤਾਬਕ ਮੁੱਢਲੀ ਤਫ਼ਤੀਸ਼ ਦੌਰਾਨ ਇਹ ਸਾਹਮਣੇ ਆਇਆ ਕਿ ਗ੍ਰਿਫ਼ਤਾਰ ਕੀਤੇ ਗਏ ਹਰਦੀਪ ਸਿੰਘ ਦਾ ਚਾਚੇ ਦਾ ਮੁੰਡਾ, ਜੋ ਕਿ ਹੋਮਗਾਰਡ ਵਿੱਚ ਤਾਇਨਾਤ ਹੈ ਅਤੇ ਕੁਝ ਦਿਨ ਪਹਿਲਾਂ ਹੀ ਜ਼ਮਾਨਤ ’ਤੇ ਜੇਲ੍ਹ ਤੋਂ ਬਾਹਰ ਆਇਆ ਹੈ, ਉਹ ਮੁਲਜ਼ਮਾਂ ਨੂੰ ਹੈਰੋਇਨ ਸਪਲਾਈ ਕਰਦਾ ਸੀ। ਗ੍ਰਿਫ਼ਤਾਰ ਦੋਵੇਂ ਇਸ ਹੈਰੋਇਨ ਨੂੰ ਅੱਗੇ ਹੋਰ ਸਪਲਾਈ ਕਰਨ ਦਾ ਕੰਮ ਕਰਦੇ ਸਨ।
ਪੁਲਿਸ ਵੱਲੋਂ ਦੋਵੇਂ ਵਿਰੁੱਧ ਥਾਣਾ ਅਜਨਾਲਾ ਵਿੱਚ ਐੱਨ.ਡੀ.ਪੀ.ਐੱਸ ਐਕਟ ਤਹਿਤ ਮਾਮਲਾ ਦਰਜ਼ ਕਰਕੇ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਨਸ਼ੇ ਦੇ ਇਸ ਜਾਲ ਦੇ ਹੋਰ ਤੰਤੂਆਂ ਦਾ ਪਤਾ ਲਗਾਉਣ ਲਈ ਪੁੱਛਗਿੱਛ ਜਾਰੀ ਹੈ ਅਤੇ ਜਲਦ ਹੋਰ ਵੱਡੇ ਖੁਲਾਸੇ ਹੋ ਸਕਦੇ ਹਨ।

