ਉੱਤਰੀ ਭਾਰਤ ਵਿੱਚ ਪਿਛਲੇ ਕੁਝ ਦਿਨਾਂ ਤੋਂ ਵਾਤਾਵਰਣ ਪ੍ਰਦੂਸ਼ਣ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਸੋਮਵਾਰ, 27 ਅਕਤੂਬਰ 2025 ਨੂੰ ਜਾਰੀ ਕੀਤਾ ਗਿਆ ਕੇਂਦਰੀ ਪ੍ਰਦੂਸ਼ਣ ਨਿਯੰਤਰਣ ਬੋਰਡ (CPCB) ਦਾ ਤਾਜ਼ਾ ਡਾਟਾ ਦਰਸਾਉਂਦਾ ਹੈ ਕਿ ਹਰਿਆਣਾ ਦੇ ਕਈ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ‘ਪੂਰ’ ਤੋਂ ‘ਵੇਰੀ ਪੂਰ’ ਸ਼੍ਰੇਣੀ ‘ਚ ਦਰਜ ਕੀਤੀ ਗਈ ਹੈ, ਜਦੋਂ ਕਿ ਗੁਆਂਢੀ ਪੰਜਾਬ ਵਿੱਚ ਹਾਲਾਤ ਤੁਲਨਾਤਮਕ ਤੌਰ ‘ਤੇ ਬਿਹਤਰ ਰਹੇ ਅਤੇ ਜ਼ਿਆਦਾਤਰ ਥਾਵਾਂ ‘ਚ AQI ‘ਮੋਡਰੇਟ’ ਖੇਤਰ ਵਿੱਚ ਰਿਹਾ।
ਹਰਿਆਣਾ ਦੇ ਬਹਾਦੁਰਗੜ੍ਹ ‘ਚ ਦੁਪਹਿਰ 4 ਵਜੇ ਤੱਕ ਹਵਾ ਗੁਣਵੱਤਾ ਸੂਚਕਾਂਕ (AQI) 387 ਦਰਜ ਕੀਤਾ ਗਿਆ, ਜੋ ਕਿ ‘ਬਹੁਤ ਖ਼ਰਾਬ’ ਸ਼੍ਰੇਣੀ ਵਿੱਚ ਆਉਂਦਾ ਹੈ। ਇਨ੍ਹਾਂ ਦੇ ਨਾਲ ਧਾਰੂਹੇੜਾ (334), ਮਨੇਸਰ (330), ਫ਼ਤੇਹਾਬਾਦ (323), ਬੱਲਭਗੜ੍ਹ (319) ਅਤੇ ਅੰਬਾਲਾ (308) ਵਿੱਚ ਵੀ ਪ੍ਰਦੂਸ਼ਣ ਦਾ ਪੱਧਰ ਚਿੰਤਾਜਨਕ ਤਸਵੀਰ ਪੇਸ਼ ਕਰਦਾ ਨਜ਼ਰ ਆਇਆ।
ਹਰਿਆਣਾ ਦੇ ਕੁਝ ਹੋਰ ਜ਼ਿਲ੍ਹੇ ਵੀ ਹਵਾ ਪ੍ਰਦੂਸ਼ਣ ਦੀ ਮਾਰ ਤੋਂ ਬਚ ਨਹੀਂ ਸਕੇ। ਚਰਖੀ ਦਾਦਰੀ ‘ਚ AQI 274, ਜਿੰਦ ‘ਚ 300, ਭਿਵਾਨੀ ‘ਚ 293, ਕਰਨਾਲ ‘ਚ 225, ਪੰਚਕੂਲਾ ‘ਚ 226, ਕੁਰੁਕਸ਼ੇਤਰ ‘ਚ 229, ਪਾਣੀਪਤ ‘ਚ 230 ਅਤੇ ਯਮੁਨਾਨਗਰ ‘ਚ 253 ਦਰਜ ਕੀਤਾ ਗਿਆ, ਜੋ ਸਭ ‘ਪੂਰ’ ਸ਼੍ਰੇਣੀ ਵਿੱਚ ਹੀ ਆਉਂਦੇ ਹਨ।
ਦੂਜੇ ਪਾਸੇ, ਪੰਜਾਬ ਵਿੱਚ ਹਵਾ ਦੀ ਗੁਣਵੱਤਾ ਕੁਝ ਹੱਦ ਤੱਕ ਬਿਹਤਰ ਰਹੀ ਹੈ। ਜਲੰਧਰ ‘ਚ AQI 193, ਲੁਧਿਆਣਾ 196, ਖੰਣਾ 133, ਅੰਮ੍ਰਿਤਸਰ 157, ਪਟਿਆਲਾ 140, ਬਠਿੰਡਾ 148, ਮੰਡੀ ਗੋਬਿੰਦਗੜ੍ਹ 137 ਅਤੇ ਰੂਪਨਗਰ 116 ਦਰਜ ਹੋਇਆ। ਇਹ ਸਾਰੇ ਅਕਸਰ ‘ਮੋਡਰੇਟ’ ਸਥਿਤੀ ਦਰਸਾਉਂਦੇ ਹਨ। ਚੰਡੀगढ़, ਜੋ ਕਿ ਪੰਜਾਬ ਅਤੇ ਹਰਿਆਣਾ ਦੋਹਾਂ ਦੀ ਸਾਂਝੀ ਰਾਜਧਾਨੀ ਹੈ, ਉੱਥੇ AQI 136 ਰਿਹਾ।
ਵਾਤਾਵਰਣ ਵਿਭਾਗ ਦੇ ਮਾਹਿਰਾਂ ਦੱਸਿਆ ਕਿ ਪਿਛਲੇ ਦਿਨਾਂ ‘ਚ ਤਾਪਮਾਨ ਦੇ ਘਟਣ ਅਤੇ ਹਵਾ ਦੀ ਗਤੀ ਸੁਸਤ ਹੋਣ ਕਰਕੇ ਪ੍ਰਦੂਸ਼ਕ ਤੱਤ ਹਵਾ ‘ਚ ਹੀ ਜ਼ਿਆਦਾ ਜਮ ਰਹੇ ਹਨ। ਇਸ ਨਾਲ ਸਾਝ ਹੁੰਦੀ ਧੂੰਧ ਅਤੇ ਧੂੰਏਂ ਦੀ ਮਾਤਰਾ ਵਧ ਰਹੀ ਹੈ, ਜੋ ਲੋਕਾਂ ਦੀ ਸਿਹਤ ਲਈ ਖ਼ਤਰਾ ਬਣ ਰਹੀ ਹੈ।
AQI ਦਾ ਕੀ ਹੈ ਮਾਪਦੰਡ?
- 0 ਤੋਂ 50: ਵਧੀਆ
- 51 ਤੋਂ 100: ਸੰਤੋਸ਼ਜਨਕ
- 101 ਤੋਂ 200: ਮੋਡਰੇਟ
- 201 ਤੋਂ 300: ਪੂਰ
- 301 ਤੋਂ 400: ਵੇਰੀ ਪੂਰ
- 401 ਤੋਂ ਉੱਪਰ: ਸੀਵਿਅਰ ਤੋਂ ਸੀਵਿਅਰ ਪਲੱਸ
ਲੋਕਾਂ ਲਈ ਚੇਤਾਵਨੀ
ਸਿਹਤ ਵਿਸ਼ੇਸ਼ਗਿਆਨ ਲੋਕਾਂ ਨੂੰ ਸਲਾਹ ਦੇ ਰਹੇ ਹਨ ਕਿ ਜਿਨ੍ਹਾਂ ਖੇਤਰਾਂ ਵਿੱਚ ਹਵਾ ਗੁਣਵੱਤਾ ਬਹੁਤ ਖ਼ਰਾਬ ਹੈ, ਉੱਥੇ ਲੋਕ ਘਰਾਂ ਤੋਂ ਬਾਹਰ ਘੱਟ ਨਿਕਲਣ, ਖ਼ਾਸਕਰ ਬਜ਼ੁਰਗ, ਬੱਚੇ ਅਤੇ ਸਾਹ ਦੀ ਬਿਮਾਰੀਆਂ ਨਾਲ ਪੀੜਤ ਮਰੀਜ਼। ਜ਼ਰੂਰੀ ਕੰਮ ਲਈ ਬਾਹਰ ਨਿਕਲਦੇ ਸਮੇਂ N95 ਮਾਸਕ ਦੀ ਵਰਤੋਂ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ।

