ਚੰਡੀਗੜ੍ਹ:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ‘ਤੇ ਵੱਡਾ ਹਮਲਾ ਬੋਲਦਿਆਂ ਕਿਹਾ ਹੈ ਕਿ ਪਹਿਲਾਂ ਲੋਕਾਂ ਦੇ ਵੋਟਾਂ ਦੀ ਚੋਰੀ ਕਰਨ ਵਾਲੀ ਭਾਜਪਾ ਹੁਣ ਲੋਕਾਂ ਦੇ ਮੂੰਹੋਂ ਰੋਟੀ ਛੀਣਨ ‘ਤੇ ਤਲਗੀ ਹੋਈ ਹੈ। ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ “ਰਾਸ਼ਨ ਚੋਰ” ਕਰਾਰ ਦਿੰਦਿਆਂ ਦੋਸ਼ ਲਗਾਇਆ ਕਿ ਜਨਤਕ ਵੰਡ ਪ੍ਰਣਾਲੀ (PDS) ਅਧੀਨ ਲੱਖਾਂ ਪਰਿਵਾਰਾਂ ਦੇ ਰਾਸ਼ਨ ਕਾਰਡ ਕੱਟੇ ਜਾ ਰਹੇ ਹਨ, ਜਿਸ ਨਾਲ ਗਰੀਬ ਲੋਕ ਮੁਫ਼ਤ ਰਾਸ਼ਨ ਤੋਂ ਵਾਂਝੇ ਰਹਿ ਜਾਣਗੇ।
ਭਗਵੰਤ ਮਾਨ ਨੇ ਦੱਸਿਆ ਕਿ ਉਨ੍ਹਾਂ ਕੋਲ ਆਈ ਰਿਪੋਰਟ ਮੁਤਾਬਕ ਕੇਂਦਰ ਸਰਕਾਰ ਵੱਲੋਂ 8,02,994 ਰਾਸ਼ਨ ਕਾਰਡ ਕੱਟਣ ਦੀ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਕਾਰਨ ਲਗਭਗ 32 ਲੱਖ ਲੋਕਾਂ ਨੂੰ ਰਾਸ਼ਨ ਸਕੀਮ ਤੋਂ ਬਾਹਰ ਕੀਤਾ ਜਾਵੇਗਾ। ਉਨ੍ਹਾਂ ਸਖ਼ਤ ਸ਼ਬਦਾਂ ਵਿੱਚ ਕਿਹਾ, “ਪਹਿਲਾਂ ਇਹ ਲੋਕ ਵੋਟ ਚੋਰ ਸਨ, ਹੁਣ ਇਹ ਰਾਸ਼ਨ ਚੋਰ ਬਣ ਗਏ ਹਨ। ਪਰ ਜਦ ਤੱਕ ਮੈਂ ਮੁੱਖ ਮੰਤਰੀ ਹਾਂ, ਪੰਜਾਬ ਦੇ ਕਿਸੇ ਵੀ ਹੱਕਦਾਰ ਪਰਿਵਾਰ ਦਾ ਰਾਸ਼ਨ ਕਾਰਡ ਨਹੀਂ ਕੱਟਿਆ ਜਾਵੇਗਾ।”
ਕੇਂਦਰ ਦੇ ਨਿਯਮਾਂ ‘ਤੇ ਸਵਾਲ
ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਵੱਲੋਂ ਬਣਾਏ ਗਏ ਨਿਯਮ ਪੰਜਾਬ ਲਈ ਬਿਲਕੁਲ ਗ਼ਲਤ ਹਨ ਅਤੇ ਸੂਬੇ ਦੀ ਹਕੀਕਤ ਨਾਲ ਕੋਈ ਸਬੰਧ ਨਹੀਂ ਰੱਖਦੇ। ਉਨ੍ਹਾਂ ਦੱਸਿਆ ਕਿ ਨਿਯਮਾਂ ਮੁਤਾਬਕ ਜੇਕਰ ਕਿਸੇ ਪਰਿਵਾਰ ਕੋਲ ਚਾਰ ਪਹੀਆ ਵਾਹਨ ਹੈ, 25 ਲੱਖ ਤੋਂ ਵੱਧ ਦਾ ਟਰਨਓਵਰ ਹੈ, ਢਾਈ ਏਕੜ ਤੋਂ ਵੱਧ ਜ਼ਮੀਨ ਹੈ ਜਾਂ ਪਰਿਵਾਰ ਦਾ ਕੋਈ ਮੈਂਬਰ ਸਰਕਾਰੀ ਨੌਕਰੀ ਕਰ ਰਿਹਾ ਹੈ ਤਾਂ ਉਹਨਾਂ ਦਾ ਰਾਸ਼ਨ ਕਾਰਡ ਕੱਟ ਦਿੱਤਾ ਜਾਵੇਗਾ।
ਭਗਵੰਤ ਮਾਨ ਨੇ ਇਸ ਫ਼ੈਸਲੇ ‘ਤੇ ਪ੍ਰਸ਼ਨ ਚੁੱਕਿਆ ਕਿ ਜੇਕਰ ਇੱਕ ਪਰਿਵਾਰ ਵਿੱਚੋਂ ਸਿਰਫ਼ ਇੱਕ ਮੈਂਬਰ ਨੌਕਰੀ ਕਰ ਰਿਹਾ ਹੈ ਅਤੇ ਉਹ ਸ਼ਹਿਰ ਵਿੱਚ ਚਲਾ ਜਾਂਦਾ ਹੈ, ਤਾਂ ਪਿੰਡ ਵਿੱਚ ਬਾਕੀ ਬਚੇ ਮੈਂਬਰਾਂ ਦਾ ਕੀ ਦੋਸ਼ ਹੈ? “ਕੀ ਸਰਕਾਰ ਪੂਰੇ ਪਰਿਵਾਰ ਨੂੰ ਭੁੱਖਾ ਮਾਰੇਗੀ? ਜੇਕਰ ਕਿਸੇ ਦੇ ਨਾਂ ‘ਤੇ ਗੱਡੀ ਹੈ ਤਾਂ ਬੱਚਿਆਂ ਜਾਂ ਬਜ਼ੁਰਗਾਂ ਦਾ ਕੀ ਕਸੂਰ ਹੈ?” – ਮਾਨ ਨੇ ਪੁੱਛਿਆ।
ਪੰਜਾਬ ਸਰਕਾਰ ਦੀ ਕਾਰਵਾਈ
ਭਗਵੰਤ ਮਾਨ ਨੇ ਦੱਸਿਆ ਕਿ ਇਸ ਵੇਲੇ ਪੰਜਾਬ ਵਿੱਚ 1 ਕਰੋੜ 53 ਲੱਖ ਲਾਭਪਾਤਰੀਆਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਹੈ। ਪਰ, ਰਾਜ ਸਰਕਾਰ ਦੀ ਤਸਦੀਕ ਮੁਤਾਬਕ ਉਨ੍ਹਾਂ ਵਿੱਚੋਂ 1 ਕਰੋੜ 29 ਲੱਖ ਕਾਰਡ ਵੈਧ ਹਨ, ਬਾਕੀਆਂ ਦੀ ਜਾਂਚ ਅਜੇ ਬਾਕੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੂੰ ਘੱਟੋ-ਘੱਟ 6 ਮਹੀਨਿਆਂ ਦਾ ਸਮਾਂ ਦੇਣਾ ਚਾਹੀਦਾ ਹੈ, ਤਾਂ ਜੋ ਸੂਬਾ ਸਰਕਾਰ ਪੂਰੀ ਤਸਦੀਕ ਕਰ ਸਕੇ।
ਕੇਂਦਰ ਦੀਆਂ “ਉਲਝਣ ਵਾਲੀਆਂ” ਯੋਜਨਾਵਾਂ
ਭਗਵੰਤ ਮਾਨ ਨੇ ਕੇਂਦਰ ਦੀਆਂ ਸਕੀਮਾਂ ‘ਤੇ ਵੀ ਤੰਜ਼ ਕਸਿਆ। ਉਨ੍ਹਾਂ ਕਿਹਾ ਕਿ ਪਹਿਲਾਂ ਕੇਂਦਰ ਲੋਕਾਂ ਨੂੰ ਚੁੱਲ੍ਹਾ ਦਿੰਦਾ ਹੈ, ਫਿਰ ਘਰ ਬਣਾਉਣ ਦੀ ਯੋਜਨਾ ਲਿਆਉਂਦਾ ਹੈ ਅਤੇ ਆਖ਼ਰ ਵਿੱਚ ਕਹਿੰਦਾ ਹੈ ਕਿ ਜਦੋਂ ਤੁਹਾਡੇ ਕੋਲ ਚੁੱਲ੍ਹਾ ਅਤੇ ਘਰ ਹੈ ਤਾਂ ਤੁਸੀਂ ਇਸ ਯੋਜਨਾ ਲਈ ਯੋਗ ਨਹੀਂ ਰਹੇ। ਇਹ ਸਭ ਕੁਝ ਸਿਰਫ਼ ਲੋਕਾਂ ਨਾਲ ਧੋਖਾ ਕਰਨ ਦੇ ਬਰਾਬਰ ਹੈ।
ਸਿੱਧੀ ਚੇਤਾਵਨੀ
ਸੀਐਮ ਮਾਨ ਨੇ ਸਪਸ਼ਟ ਕੀਤਾ ਕਿ ਪੰਜਾਬ ਸਰਕਾਰ ਕਿਸੇ ਦਾ ਵੀ ਹੱਕ ਨਹੀਂ ਖੋਹਣ ਦੇਵੇਗੀ। ਉਨ੍ਹਾਂ ਕਿਹਾ ਕਿ ਜੋ ਲੋਕ ਅਸਲ ਵਿੱਚ ਗਰੀਬ ਹਨ ਅਤੇ ਰਾਸ਼ਨ ਸਕੀਮ ‘ਤੇ ਨਿਰਭਰ ਹਨ, ਉਹਨਾਂ ਨੂੰ ਕਿਸੇ ਵੀ ਹਾਲਤ ਵਿੱਚ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ।