ਐਂਟਰਟੇਨਮੈਂਟ ਡੈਸਕ: ਪੰਜਾਬ ਵਿੱਚ ਹੜ੍ਹਾਂ ਕਾਰਨ ਮਚੀ ਤਬਾਹੀ ਨੇ ਜਿੱਥੇ ਹਜ਼ਾਰਾਂ ਪਰਿਵਾਰਾਂ ਨੂੰ ਪ੍ਰਭਾਵਿਤ ਕੀਤਾ ਹੈ, ਓਥੇ ਹੀ ਫਿਲਮ ਇੰਡਸਟਰੀ ਨਾਲ ਜੁੜੇ ਕਲਾਕਾਰ ਵੀ ਇਸ ਮੁਸ਼ਕਲ ਘੜੀ ਵਿੱਚ ਲੋਕਾਂ ਦੀ ਸਹਾਇਤਾ ਲਈ ਅੱਗੇ ਆ ਰਹੇ ਹਨ। ਬਿੱਗ ਬੌਸ 13 ਫੇਮ ਅਤੇ ਪ੍ਰਸਿੱਧ ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਵੀ ਇਸ ਸੰਕਟਮਈ ਸਮੇਂ ਵਿੱਚ ਇੱਕ ਵੱਡਾ ਫੈਸਲਾ ਲੈਂਦਿਆਂ ਲੋਕਾਂ ਦੇ ਦਿਲ ਜਿੱਤ ਲਏ ਹਨ।
ਸ਼ਹਿਨਾਜ਼ ਗਿੱਲ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਆਪਣੀ ਆਉਣ ਵਾਲੀ ਫਿਲਮ ‘ਇੱਕ ਕੁੜੀ’ ਦੀ ਰਿਲੀਜ਼ ਤਾਰੀਖ਼ ਨੂੰ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ। ਇਹ ਫਿਲਮ, ਜੋ ਪਹਿਲਾਂ 19 ਸਤੰਬਰ 2025 ਨੂੰ ਰਿਲੀਜ਼ ਹੋਣੀ ਸੀ, ਹੁਣ ਨਵੇਂ ਸ਼ਡਿਊਲ ਮੁਤਾਬਕ 31 ਅਕਤੂਬਰ 2025 ਨੂੰ ਸਿਨੇਮਾਘਰਾਂ ਵਿੱਚ ਦਿਖਾਈ ਜਾਵੇਗੀ।
ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਪੋਸਟ ਵਿੱਚ ਲਿਖਿਆ –
“ਪੰਜਾਬ ਦੇ ਕਈ ਇਲਾਕਿਆਂ ਵਿੱਚ ਆਏ ਭਿਆਨਕ ਹੜ੍ਹਾਂ ਨੂੰ ਦੇਖ ਕੇ ਸਾਡੀ ਟੀਮ ਨੇ ਇਹ ਫੈਸਲਾ ਲਿਆ ਹੈ ਕਿ ਇਸ ਸਮੇਂ ਲੋਕਾਂ ਦੇ ਨਾਲ ਖੜ੍ਹਾ ਹੋਣਾ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਇਸੇ ਕਰਕੇ ਅਸੀਂ ਫਿਲਮ ਦੀ ਰਿਲੀਜ਼ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ‘ਇੱਕ ਕੁੜੀ’ ਦੀ ਪੂਰੀ ਟੀਮ ਇਸ ਸਮੇਂ NGOਜ਼ ਦੇ ਸੰਪਰਕ ਵਿੱਚ ਹੈ ਅਤੇ ਪ੍ਰਭੂ ਦੀ ਕਿਰਪਾ ਨਾਲ ਅਸੀਂ ਪੰਜਾਬ ਦੇ ਸਮਰਥਨ ਲਈ ਆਪਣਾ ਯੋਗਦਾਨ ਪਾਉਂਦੇ ਰਹਾਂਗੇ।”

ਇਸ ਤੋਂ ਇਲਾਵਾ, ਸ਼ਹਿਨਾਜ਼ ਨੇ ਆਪਣੇ ਵਲੋਂ ਵੀ ਹੜ੍ਹ ਪ੍ਰਭਾਵਿਤ ਲੋਕਾਂ ਲਈ ਸਹਾਇਤਾ ਭੇਜੀ ਹੈ। ਜਾਣਕਾਰੀ ਮੁਤਾਬਕ, ਉਨ੍ਹਾਂ ਨੇ ਮੁੰਬਈ ਦੇ ਅੰਧੇਰੀ ਵੈਸਟ ਵਿੱਚ ਸਥਿਤ ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰੇ ਰਾਹੀਂ ਜ਼ਰੂਰੀ ਸਮਾਨ ਪੰਜਾਬ ਭੇਜਿਆ ਹੈ। ਇਹ ਉਨ੍ਹਾਂ ਦੇ ਮਨੁੱਖਤਾ ਪ੍ਰਤੀ ਜਜ਼ਬੇ ਦੀ ਮਿਸਾਲ ਮੰਨੀ ਜਾ ਰਹੀ ਹੈ।

ਯਾਦ ਰਹੇ ਕਿ ਇਹ ਫਿਲਮ ਸ਼ਹਿਨਾਜ਼ ਗਿੱਲ ਦੀ ਨਿਰਮਾਤਾ ਵਜੋਂ ਪਹਿਲੀ ਫਿਲਮ ਹੈ ਅਤੇ ਇਸ ਵਿੱਚ ਉਹ ਦੋਹਰੀ ਭੂਮਿਕਾ ਨਿਭਾ ਰਹੀ ਹੈ। ਫਿਲਮ ਵਿੱਚ ਮਸ਼ਹੂਰ ਕਲਾਕਾਰ ਨਿਰਮਲ ਰਿਸ਼ੀ, ਹਾਰਬੀ ਸੰਘਾ ਅਤੇ ਉਦੈਬੀਰ ਸੰਧੂ ਵੀ ਅਹਿਮ ਕਿਰਦਾਰਾਂ ਵਿੱਚ ਨਜ਼ਰ ਆਉਣਗੇ।

ਸ਼ਹਿਨਾਜ਼ ਗਿੱਲ ਦੇ ਇਸ ਫੈਸਲੇ ਨੂੰ ਲੈ ਕੇ ਫੈਨਜ਼ ਵੱਲੋਂ ਸੋਸ਼ਲ ਮੀਡੀਆ ‘ਤੇ ਵੱਡੀ ਪ੍ਰਤੀਕ੍ਰਿਆ ਆ ਰਹੀ ਹੈ। ਲੋਕ ਕਹਿ ਰਹੇ ਹਨ ਕਿ ਉਹ ਸਿਰਫ਼ ਇੱਕ ਅਦਾਕਾਰਾ ਹੀ ਨਹੀਂ, ਬਲਕਿ ਇੱਕ ਸਮਝਦਾਰ ਤੇ ਜ਼ਿੰਮੇਵਾਰ ਇਨਸਾਨ ਵੀ ਹਨ, ਜੋ ਆਪਣੇ ਸੂਬੇ ਨਾਲ ਸੰਕਟ ਦੀ ਘੜੀ ਵਿੱਚ ਖੜ੍ਹੀਆਂ ਹਨ।