ਮੋਹਾਲੀ – ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਨਾਲ ਜੁੜੇ ਭ੍ਰਿਸ਼ਟਾਚਾਰ ਮਾਮਲੇ ਦੀਆਂ ਪਰਤਾਂ ਇਕ ਵਾਰ ਫਿਰ ਖੁਲ੍ਹਦੀਆਂ ਨਜ਼ਰ ਆ ਰਹੀਆਂ ਹਨ। ਮੋਹਾਲੀ ਵਿੱਚ ਦਰਜ ਕੀਤੇ ਗਏ ਇੱਕ ਹੋਰ ਪਰਚੇ ਵਿੱਚ ਇਸ ਕੇਸ ਦਾ ਜ਼ਿਕਰ ਹੋਣ ਤੋਂ ਬਾਅਦ ਨਵੇਂ ਖੁਲਾਸੇ ਸਾਹਮਣੇ ਆਏ ਹਨ। ਜਾਣਕਾਰੀ ਮੁਤਾਬਕ, ਸਿੰਗਲਾ ਨਾਲ ਜੁੜੀ ਕਥਿਤ ਆਡੀਓ ਵਿੱਚ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।
ਸੂਤਰਾਂ ਅਨੁਸਾਰ, FSL (ਫੋਰੈਂਸਿਕ ਸਾਇੰਸ ਲੈਬ) ਦੇ ਸਾਬਕਾ ਡਾਇਰੈਕਟਰ ਅਸ਼ਵਨੀ ਕਾਲੀਆ ਨੇ ਸਬੂਤਾਂ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਆਡੀਓ ਬ੍ਰਾਂਚ ਵਿੱਚ ਤਾਇਨਾਤ ਇੱਕ ਮਹਿਲਾ ਅਫ਼ਸਰ ਤੋਂ ਅਧਿਕਾਰਿਤ ਮੋਹਰ ਮੰਗੀ ਸੀ। ਜਦੋਂ ਮੋਹਰ ਨਾ ਦਿੱਤੀ ਗਈ ਤਾਂ ਕਾਲੀਆ ਨੇ ਉਸ ਅਧਿਕਾਰੀ ਨਾਲ ਨਸਲੀ ਤੇ ਜਾਤੀ ਸੂਚਕ ਸ਼ਬਦ ਵਰਤੇ। ਖਾਸ ਗੱਲ ਇਹ ਹੈ ਕਿ ਇਹੀ ਮਹਿਲਾ ਅਧਿਕਾਰੀ ਉਹ ਵਿਅਕਤੀ ਸੀ ਜਿਸ ਨੇ ਸਿੰਗਲਾ ਦੀ ਆਡੀਓ ਦੇ ਮੈਚ ਹੋਣ ਬਾਰੇ ਅਸਲੀ ਰਿਪੋਰਟ ਤਿਆਰ ਕਰਕੇ ਭੇਜੀ ਸੀ।
ਹੁਣ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕਾਲੀਆ ਨੇ ਉਸ ਅਸਲੀ ਰਿਪੋਰਟ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਸੀ। ਇਸ ਸਬੰਧੀ ਹੁਣ ਪੁਲਿਸ ਵੱਲੋਂ ਵਿਆਪਕ ਜਾਂਚ ਕੀਤੀ ਜਾਵੇਗੀ। ਕਾਲੀਆ ਖ਼ਿਲਾਫ਼ SC/ST ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਪੁਲਿਸ ਵੱਲੋਂ ਉਨ੍ਹਾਂ ਦੀ ਗ੍ਰਿਫ਼ਤਾਰੀ ਵੀ ਜਲਦ ਹੋ ਸਕਦੀ ਹੈ। ਉਮੀਦ ਹੈ ਕਿ ਇਸ ਤੋਂ ਬਾਅਦ ਕੇਸ ਨਾਲ ਸੰਬੰਧਤ ਹੋਰ ਵੱਡੇ ਖੁਲਾਸੇ ਸਾਹਮਣੇ ਆ ਸਕਦੇ ਹਨ।
ਯਾਦ ਰਹੇ ਕਿ ਭ੍ਰਿਸ਼ਟਾਚਾਰ ਮਾਮਲੇ ਵਿੱਚ ਵਿਜੇ ਸਿੰਗਲਾ ਨੂੰ ਪਿਛਲੇ ਮਹੀਨੇ ਕਲੀਨ ਚਿੱਟ ਮਿਲ ਚੁੱਕੀ ਹੈ। ਉਹਨਾਂ ’ਤੇ ਦੋਸ਼ ਸੀ ਕਿ ਉਹ ਆਪਣੇ ਓ.ਐਸ.ਡੀ. ਪ੍ਰਦੀਪ ਕੁਮਾਰ ਦੇ ਨਾਲ ਮਿਲਕੇ ਸਰਕਾਰੀ ਟੈਂਡਰਾਂ ਵਿੱਚੋਂ ਇੱਕ ਪ੍ਰਤੀਸ਼ਤ ਕਮਿਸ਼ਨ ਮੰਗ ਰਹੇ ਸਨ। ਮੋਹਾਲੀ ਦੇ ਫੇਜ਼-8 ਥਾਣੇ ਵਿੱਚ ਉਨ੍ਹਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦੀਆਂ ਧਾਰਾਵਾਂ 7 ਤੇ 8 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਹਾਲਾਂਕਿ ਜਾਂਚ ਤੋਂ ਬਾਅਦ ਪੁਲਿਸ ਨੇ ਸਿੰਗਲਾ ਨੂੰ ਕਲੀਨ ਚਿੱਟ ਦੇ ਕੇ ਅਦਾਲਤ ਵਿੱਚ ਕਲੋਜ਼ਰ ਰਿਪੋਰਟ ਦਾਖ਼ਲ ਕਰ ਦਿੱਤੀ ਸੀ।