ਮੰਗਲਵਾਰ ਸਵੇਰੇ ਰੂਸ ਦੇ ਦੂਰ ਪੂਰਬੀ ਖੇਤਰ ਕਾਮਚਟਕਾ ਵਿੱਚ ਜ਼ਮੀਨ ਭਾਰੀ ਝਟਕਿਆਂ ਨਾਲ ਕੰਬ ਗਈ। ਭੂਚਾਲ ਦੀ ਤੀਬਰਤਾ 8.7 ਮਾਪੀ ਗਈ, ਜੋ ਕਿ ਬਹੁਤ ਹੀ ਖਤਰਨਾਕ ਮੰਨੀ ਜਾਂਦੀ ਹੈ। ਇਹ ਝਟਕੇ ਸਮੁੰਦਰ ਵਿੱਚ ਲਗਭਗ 19 ਕਿਲੋਮੀਟਰ ਡੂੰਘਾਈ ‘ਤੇ ਆਏ, ਜਿਸ ਕਾਰਨ ਕੰਪਨ ਦੀ ਤੀਬਰਤਾ ਸਤ੍ਹਾ ‘ਤੇ ਜ਼ਿਆਦਾ ਮਹਿਸੂਸ ਹੋਈ।
ਸੁਨਾਮੀ ਦੀ ਚਿਤਾਵਨੀ
ਭੂਚਾਲ ਤੋਂ ਬਾਅਦ ਰੂਸ, ਜਾਪਾਨ, ਅਮਰੀਕਾ ਅਤੇ ਹੋਰ ਕਈ ਦੇਸ਼ਾਂ ਨੇ ਸੁਨਾਮੀ ਨੂੰ ਲੈ ਕੇ ਚੇਤਾਵਨੀ ਜਾਰੀ ਕਰ ਦਿੱਤੀ ਹੈ। ਅਮਰੀਕੀ ਏਜੰਸੀਆਂ ਦੇ ਅਨੁਸਾਰ, ਭੂਚਾਲ ਤੋਂ ਬਾਅਦ ਸਮੁੰਦਰ ਵਿੱਚ ਤਿੰਨ ਫੁੱਟ ਉੱਚੀਆਂ ਲਹਿਰਾਂ ਉੱਠ ਸਕਦੀਆਂ ਹਨ, ਜੋ ਤੱਟੀ ਇਲਾਕਿਆਂ ਲਈ ਖ਼ਤਰਨਾਕ ਸਾਬਤ ਹੋ ਸਕਦੀਆਂ ਹਨ।
ਕਿਹੜੇ ਖੇਤਰ ਹਨ ਪ੍ਰਭਾਵਿਤ?
ਸੁਨਾਮੀ ਅਲਰਟ ਹੇਠ ਆਉਣ ਵਾਲੇ ਮੁੱਖ ਇਲਾਕਿਆਂ ਵਿੱਚ ਜਾਪਾਨ, ਕੈਲੀਫੋਰਨੀਆ (ਅਮਰੀਕਾ), ਫਿਲੀਪੀਨਜ਼, ਨਿਊਜ਼ੀਲੈਂਡ, ਮੈਕਸੀਕੋ, ਇੰਡੋਨੇਸ਼ੀਆ, ਫਿਜੀ, ਪੇਰੂ, ਪਾਪੂਆ ਨਿਊ ਗਿਨੀ, ਸਮੋਆ, ਤਾਈਵਾਨ, ਵਾਨੂਆਟੂ ਅਤੇ ਹੋਰ ਟਾਪੂ ਦੇਸ਼ ਸ਼ਾਮਲ ਹਨ।
ਜਾਪਾਨ ‘ਚ ਹਾਈ ਅਲਰਟ
ਜਾਪਾਨ ਦੀ ਮੌਸਮ ਵਿਭਾਗ ਨੇ ਹੋੱਕਾਈਡੋ, ਤੋਹੋਕੂ, ਕਾਂਟੋ ਇਜ਼ੂ ਅਤੇ ਓਗਾਸਾਵਾਰਾ ਟਾਪੂਆਂ ਲਈ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਹੈ। ਇੱਥੇ ਲਗਭਗ ਇੱਕ ਮੀਟਰ ਉੱਚੀਆਂ ਲਹਿਰਾਂ ਆਉਣ ਦੀ ਸੰਭਾਵਨਾ ਜਤਾਈ ਗਈ ਹੈ। ਜਾਪਾਨ ਦੇ ਪ੍ਰਧਾਨ ਮੰਤਰੀ ਨੂੰ ਤੁਰੰਤ ਸੂਚਿਤ ਕੀਤਾ ਗਿਆ ਹੈ ਅਤੇ ਸਰਕਾਰ ਨੇ ਐਮਰਜੈਂਸੀ ਮੀਟਿੰਗ ਬੁਲਾਈ ਹੈ। ਰਾਹਤ ਕਾਰਜਾਂ ਲਈ ਟੀਮਾਂ ਤਿਆਰ ਹਨ।