ਉੱਤਰੀ ਭਾਰਤ ਵਿੱਚ ਅਗਲੇ ਕੁਝ ਦਿਨਾਂ ਦੌਰਾਨ ਸਵੇਰੇ ਅਤੇ ਸ਼ਾਮ ਨੂੰ ਮੌਸਮ ਠੰਡਾ ਰਹਿਣ ਦੀ ਉਮੀਦ ਹੈ। ਮੌਸਮ ਵਿਭਾਗ ਨੇ ਪਹਾੜੀ ਰਾਜਾਂ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਚੱਲ ਰਹੀ ਬਰਫ਼ਬਾਰੀ ਦੇ ਪ੍ਰਭਾਵ ਕਾਰਨ ਹਰਿਆਣਾ, ਪੰਜਾਬ, ਦਿੱਲੀ ਅਤੇ ਉੱਤਰ ਪ੍ਰਦੇਸ਼ ਵਿੱਚ ਤਾਪਮਾਨ ਵਿੱਚ ਕਮੀ ਹੋਣ ਦੀ ਭਵਿੱਖਬਾਣੀ ਕੀਤੀ ਹੈ। ਇਸ ਨਾਲ ਧੁੰਦ ਦੇ ਨਾਲ-ਨਾਲ ਠੰਢ ਦੀ ਭਾਵਨਾ ਵੀ ਵਧੇਗੀ, ਖਾਸ ਕਰਕੇ ਸਵੇਰੇ ਅਤੇ ਸ਼ਾਮ ਦੇ ਸਮੇਂ।
ਇਸਦੇ ਨਾਲ-ਨਾਲ ਆਈਐਮਡੀ ਨੇ 15 ਤੋਂ 17 ਅਕਤੂਬਰ ਤੱਕ ਮੱਧ ਪ੍ਰਦੇਸ਼, ਛੱਤੀਸਗੜ੍ਹ, ਤਾਮਿਲਨਾਡੂ, ਓਡੀਸ਼ਾ, ਮਹਾਰਾਸ਼ਟਰ ਅਤੇ ਵਿਦਰਭ ਦੇ ਕੁਝ ਹਿੱਸਿਆਂ ਵਿੱਚ ਤੂਫ਼ਾਨੀ ਹਵਾਵਾਂ ਅਤੇ ਦਰਮਿਆਨੀ ਤੋਂ ਭਾਰੀ ਬਾਰਿਸ਼ ਲਈ ਅਲਰਟ ਜਾਰੀ ਕੀਤਾ ਹੈ।
ਪੰਜਾਬ ਅਤੇ ਚੰਡੀਗੜ੍ਹ ਦਾ ਮੌਸਮ
ਪੰਜਾਬ ਅਤੇ ਚੰਡੀਗੜ੍ਹ ਵਿੱਚ ਅਗਲੇ ਸੱਤ ਦਿਨਾਂ ਦੌਰਾਨ ਮੌਸਮ ਖੁਸ਼ਕ ਰਹੇਗਾ। ਇਸ ਦੌਰਾਨ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ ਅਤੇ ਮੀਂਹ ਪੈਣ ਦੀ ਸੰਭਾਵਨਾ ਵੀ ਨਹੀਂ ਹੈ। ਹਾਲਾਂਕਿ, ਪਿਛਲੇ 24 ਘੰਟਿਆਂ ਦੌਰਾਨ ਰਾਜ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 0.1 ਡਿਗਰੀ ਸੈਲਸੀਅਸ ਦੀ ਹਲਕੀ ਘੱਟੀ ਦਰਜ ਕੀਤੀ ਗਈ।
ਬਠਿੰਡਾ ਇਸ ਦੌਰਾਨ ਸਭ ਤੋਂ ਗਰਮ ਰਿਹਾ। ਇੱਥੇ ਵੱਧ ਤੋਂ ਵੱਧ ਤਾਪਮਾਨ 34.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਾਲਾਂਕਿ ਦਿਨ ਦੇ ਸਮੇਂ ਮੌਸਮ ਗਰਮ ਰਿਹਾ, ਸਵੇਰੇ ਅਤੇ ਸ਼ਾਮ ਨੂੰ ਥੋੜ੍ਹੀ ਜਿਹੀ ਠੰਢ ਮਹਿਸੂਸ ਕੀਤੀ ਗਈ।
ਠੰਢ ਵੱਧਣ ਦੀ ਸੰਭਾਵਨਾ
ਮੌਸਮ ਵਿਭਾਗ ਦੇ ਅਨੁਸਾਰ, ਦੀਵਾਲੀ ਤੋਂ ਬਾਅਦ ਪੰਜਾਬ ਵਿੱਚ ਠੰਢ ਹੌਲੀ-ਹੌਲੀ ਵੱਧ ਸਕਦੀ ਹੈ। ਆਉਣ ਵਾਲੇ ਦਿਨਾਂ ਵਿੱਚ ਦੋ ਪੱਛਮੀ ਗੜਬੜੀਆਂ ਸਰਗਰਮ ਹੋਣ ਦੀ ਸੰਭਾਵਨਾ ਹੈ। ਇਸ ਨਾਲ ਪੰਜਾਬ ਵਿੱਚ ਹਲਕੀ-ਭਾਰੀ ਬਾਰਿਸ਼ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬਰਫ਼ਬਾਰੀ ਦੇ ਦਿਨ ਆ ਸਕਦੇ ਹਨ।
ਇਸ ਲਈ ਲੋਕਾਂ ਨੂੰ ਸਵੇਰੇ ਅਤੇ ਸ਼ਾਮ ਦੇ ਸਮੇਂ ਠੰਢ ਲਈ ਤਿਆਰ ਰਹਿਣ ਅਤੇ ਮੌਸਮ ਅੱਪਡੇਟ ਨੂੰ ਧਿਆਨ ਵਿੱਚ ਰੱਖਣ ਦੀ ਸਲਾਹ ਦਿੱਤੀ ਗਈ ਹੈ।