ਪੰਜਾਬ: ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਅਹਿਮ ਅਪਡੇਟ ਆਇਆ ਹੈ। ਪੰਜਾਬ ਰੋਡਵੇਜ਼ ਪਨਬੱਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ (Punjab 25/11) ਨੇ 14 ਅਕਤੂਬਰ, 2025 ਨੂੰ ਜਥੇਬੰਦੀ ਵੱਲੋਂ ਗੇਟ ਰੈਲੀਆਂ ਅਤੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਇਹ ਰੋਸ ਪ੍ਰਦਰਸ਼ਨ ਦੁਪਹਿਰ 12 ਵਜੇ ਤੋਂ ਸ਼ੁਰੂ ਹੋਣਗੇ।
ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਕੱਚੇ ਮੁਲਾਜ਼ਮਾਂ ਦੀਆਂ ਮਹੀਨਾਵਾਰ ਤਨਖਾਹਾਂ ਸਮੇਂ ਸਿਰ ਨਾ ਮਿਲਣ, ਮੰਨੀ ਗਈਆਂ ਮੰਗਾਂ ਨੂੰ ਲਾਗੂ ਨਾ ਕਰਨ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਵਿੱਚ ਨਾਕਾਮ ਰਹਿਣ ਵਾਲੇ ਠੇਕੇਦਾਰਾਂ ਅਤੇ ਇੰਤਜ਼ਾਮੀਆਂ ਦੇ ਫੈਸਲਿਆਂ ਦੇ ਵਿਰੁੱਧ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਹਨਾਂ ਨੇ ਦਾਅਵਾ ਕੀਤਾ ਕਿ ਜਥੇਬੰਦੀ ਵੱਲੋਂ ਤਿਆਰ ਕੀਤੀਆਂ ਨੀਤੀਆਂ ਅਤੇ ਮਾਨਯੋਗ ਕੋਰਟਾਂ ਦੇ ਜੱਜਮੈਂਟਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਇਸ ਦੇ ਨਾਲ-ਨਾਲ, ਵੱਖ-ਵੱਖ ਵਿਭਾਗਾਂ ਅਤੇ ਸੂਬਿਆਂ ਦੀਆਂ ਨੋਟੀਫਿਕੇਸ਼ਨਾਂ ਦਾ ਵੀ ਉਲੰਘਣ ਕੀਤਾ ਗਿਆ ਹੈ।
ਯੂਨੀਅਨ ਨੇ ਅਪੀਲ ਕੀਤੀ ਹੈ ਕਿ ਸਮੂਹ ਪਨਬੱਸ/ਪੀਆਰਟੀਸੀ ਡਿਪੂ ਕਮੇਟੀਆਂ 14 ਅਕਤੂਬਰ ਨੂੰ ਦੁਪਹਿਰ 12 ਵਜੇ ਤੋਂ ਬੱਸ ਸਟੈਂਡ ਬੰਦ ਕਰਕੇ ਗੇਟ ਰੈਲੀਆਂ ਦੇ ਰੂਪ ਵਿੱਚ ਰੋਸ ਪ੍ਰਦਰਸ਼ਨ ਕਰਨ। ਇਸ ਦੌਰਾਨ, ਉਹ ਵੱਖ-ਵੱਖ ਰੂਟਾਂ ਤੇ ਚੱਲ ਰਹੀਆਂ ਬੱਸਾਂ ਦੇ ਸਟਾਫ ਨਾਲ ਸੰਪਰਕ ਵਿੱਚ ਰਹਿਣਗੇ ਅਤੇ ਯਕੀਨੀ ਬਣਾਉਣਗੇ ਕਿ ਸੰਘਰਸ਼ ਸੁਰੱਖਿਅਤ ਅਤੇ ਸੁਚੱਜੇ ਤਰੀਕੇ ਨਾਲ ਕੀਤੇ ਜਾਣ।
ਦੁਪਹਿਰ 2 ਵਜੇ ਤੱਕ ਯੂਨੀਅਨ ਵੱਲੋਂ ਤਰੁੰਤ ਤਿਖੇ ਐਕਸ਼ਨਾਂ ਦੀ ਰੂਪਰੇਖਾ ਵੀ ਸਾਂਝੀ ਕੀਤੀ ਜਾਵੇਗੀ, ਜਿਸ ਵਿੱਚ ਵੱਖ-ਵੱਖ ਥਾਵਾਂ ਤੇ ਅਗਲੇ ਸੰਘਰਸ਼ ਲਈ ਯੋਜਨਾਵਾਂ ਸ਼ਾਮਲ ਹੋਣਗੀਆਂ। ਇਸ ਪੱਧਰ ਦੇ ਸੰਘਰਸ਼ ਦਾ ਮੁੱਖ ਉਦੇਸ਼ ਸਰਕਾਰੀ ਬੱਸਾਂ ਵਿੱਚ ਕੰਮ ਕਰਨ ਵਾਲੇ ਕੱਚੇ ਮੁਲਾਜ਼ਮਾਂ ਦੀਆਂ ਹੱਕਾਂ ਅਤੇ ਮੰਗਾਂ ਨੂੰ ਮੰਨਵਾਉਣਾ ਹੈ।
ਯੂਨੀਅਨ ਦੇ ਆਗੂਆਂ ਨੇ ਆਖਿਆ ਕਿ ਇਹ ਰੋਸ ਪ੍ਰਦਰਸ਼ਨ ਅਤੇ ਗੇਟ ਰੈਲੀਆਂ ਸਿਰਫ਼ ਇੱਕ ਚੇਤਾਵਨੀ ਹੈ ਅਤੇ ਜਰੂਰੀ ਕਾਰਵਾਈ ਨਾ ਕੀਤੀ ਜਾਣ ‘ਤੇ ਅਗਲੇ ਦਿਨਾਂ ਵਿੱਚ ਹੋਰ ਤਿਖੇ ਸੰਘਰਸ਼ ਕੀਤੇ ਜਾਣਗੇ। ਸਰਕਾਰੀ ਬੱਸ ਸੇਵਾਵਾਂ ‘ਤੇ ਨਿਰਭਰ ਯਾਤਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ 14 ਅਕਤੂਬਰ ਨੂੰ ਯਾਤਰਾ ਦੀ ਯੋਜਨਾ ਬਣਾਉਂਦੇ ਸਮੇਂ ਇਸ ਸੰਘਰਸ਼ ਨੂੰ ਧਿਆਨ ਵਿੱਚ ਰੱਖਣ।