ਚੰਡੀਗੜ੍ਹ: ਡੱਡੂਮਾਜਰਾ ਦੇ ਇੱਕ ਪਾਰਕ ਵਿੱਚ ਸ਼ਨੀਵਾਰ ਰਾਤ ਪਾਰਕ ‘ਚ ਸੈਰ ਕਰਦੇ ਸਮੇਂ ਇਕ ਨੌਜਵਾਨ ਹਿਮਾਂਸ਼ੂ ਉਤੇ ਚਾਰ ਹਥਿਆਰਬੰਦ ਨੌਜਵਾਨਾਂ ਵੱਲੋਂ ਜਾਨਲੇਵਾ ਹਮਲਾ ਹੋਇਆ। ਘਟਨਾ ਵਿੱਚ ਹਿਮਾਂਸ਼ੂ ਗੰਭੀਰ ਜ਼ਖਮੀ ਹੋ ਗਿਆ ਅਤੇ ਉਸਨੂੰ ਪਰਿਵਾਰ ਵੱਲੋਂ ਤੁਰੰਤ ਸੈਕਟਰ-16 ਜਨਰਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਮਲੋਆ ਥਾਣੇ ਨੇ ਹਿਮਾਂਸ਼ੂ ਦੀ ਸ਼ਿਕਾਇਤ ‘ਅਧਾਰ’ ਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਰਿਪੋਰਟ ਅਤੇ ਪੀੜਤ ਦੇ ਬਿਆਨ ਮੁਤਾਬਕ, ਹਿਮਾਂਸ਼ੂ ਦੱਸਦਾ ਹੈ ਕਿ ਉਹ ਸ਼ਾਮ ਨੂੰ ਪਾਰਕ ਵਿੱਚ ਸੈਰ ਕਰ ਰਹਿਆ ਸੀ ਕਿ ਉਸ ਵੇਲੇ ਸੁਮਿਤ ਅਤੇ ਗੋਲੂ ਆ ਕੇ ਉਸ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਬਾਅਦ ਵਿੱਚ ਗੋਲੂ ਨੇ ਉਸਦੀ ਲੱਤ ‘ਤੇ ਹਾਕੀ ਨਾਲ ਹਮਲਾ ਕੀਤਾ ਅਤੇ ਸੁਮਿਤ ਨੇ ਚਾਕੂ ਕੱਢ ਕੇ ਹਿਮਾਂਸ਼ੂ ਦੀ ਗਰਦਨ ‘ਤੇ ਰੱਖ ਕੇ ਉਸਨੂੰ ਪਾਰਕ ਤੋਂ ਬਾਹਰ ਲਿਜਾਇਆ। ਇਸ ਤੋਂ ਬਾਅਦ ਰੋਮੀ, ਬੁੱਢਾ ਅਤੇ ਆਰੀਆ ਨੇ ਮਿਲ ਕੇ ਉਸਨੂੰ ਡੰਡਿਆਂ ਨਾਲ ਕੁੱਟਨਾ ਸ਼ੁਰੂ ਕਰ ਦਿੱਤਾ।
ਹਿਮਾਂਸ਼ੂ ਨੇ ਦੱਸਿਆ ਕਿ ਸੁਮਿਤ ਨੇ ਦੋਹਾਂ ਕੰਨਾਂ ‘ਤੇ ਵੀ ਚਾਕੂ ਨਾਲ ਹਮਲਾ ਕਰਿਆ ਅਤੇ ਹੋਰਨਾਂ ਨੇ ਹਾਕੀ ਨਾਲ ਉਸਨੂੰ ਲਥਪਥ ਕਰ ਦਿੱਤਾ। ਹਮਲੇ ਤੋਂ ਬਾਅਦ ਮੁਲਜ਼ਮ ਤੁਰੰਤ ਮੌਕੇ ਤੋਂ ਫਰਾਰ ਹੋ ਗਏ। ਪਰਿਵਾਰ ਨੇ ਹਿਮਾਂਸ਼ੂ ਨੂੰ ਸਥਾਨਕ ਹਸਪਤਾਲ ਵਿੱਚ ਲਿਜਾਇਆ, ਜਿੱਥੋਂ ਉਸਨੂੰ ਸੈਕਟਰ-16 ਜਨਰਲ ਹਸਪਤਾਲ ਰੈਫ਼ਰ ਕੀਤਾ ਗਿਆ।
ਥਾਣੇ ਦੀ ਕਾਰਵਾਈ ਅਤੇ ਜਾਂਚ:
ਮਲੋਆ ਥਾਣੇ ਨੇ ਹਿਮਾਂਸ਼ੂ ਦੇ ਬਿਆਨ ‘ਅਧਾਰ’ ਤੇ ਸੁਮਿਤ, ਗੋਲੂ, ਰੋਮੀ, ਬੁੱਢਾ, ਆਰੀਆ ਅਤੇ ਹੋਰਾਂ ਖਿਲਾਫ਼ FIR ਦਰਜ ਕਰ ਲਈ ਹੈ। ਪੁਲਿਸ ਨੇ ਮੌਕੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਗਵਾਹਾਂ ਦੇ ਬਿਆਨਾਂ ਅਤੇ ਸੀਸੀਟੀਵੀ ਫੁਟੇਜ ਇਕੱਠੇ ਕੀਤੇ ਜਾ ਰਹੇ ਹਨ। ਐਸ.ਐਚ.ਓ. ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਖੋਜ ਤੇ ਫਰਾਰ ਮੁਲਜ਼ਮਾਂ ਦੀ ਤਲਾਸ਼ੀ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਜਿੰਨੇ ਵੀ ਸਬੂਤ ਮਿਲਣਗੇ, ਉਸ ਅਧਾਰ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਜ਼ਖਮੀ ਦੀ ਹਾਲਤ ਅਤੇ ਪਰਿਵਾਰ ਦੀ ਮੰਗ:
ਹਿਮਾਂਸ਼ੂ ਦੀ ਸਿਹਤ ਦੀ ਸਥਿਤੀ ਗੰਭੀਰ ਪਰ ਸਥਿਰ ਦੱਸੀ ਜਾ ਰਹੀ ਹੈ। ਪਰਿਵਾਰ ਵਾਲੇ ਪੁਲਿਸ ਤੋਂ ਮੁਲਜ਼ਮਾਂ ਨੂੰ ਫੜਨ ਅਤੇ ਪੂਰੀ ਤਰ੍ਹਾਂ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕਰ ਰਹੇ ਹਨ। ਪਰਿਵਾਰ ਨੇ ਇਹ ਵੀ ਦਾਅਵਾ ਕੀਤਾ ਕਿ ਹਮਲਾ ਉਸਦੇ ਭਰਾ ਦੀ ਪਹਿਲਾਂ ਹੋਈ ਕੁੱਟਮਾਰ ਦਾ ਬਦਲਾ ਲੈਣ ਲਈ ਕੀਤਾ ਗਿਆ।