ਅਕਤੂਬਰ ਦੀ ਸ਼ੁਰੂਆਤ ਵਿੱਚ ਹੋਈ ਬਾਰਿਸ਼ ਤੋਂ ਬਾਅਦ ਪੰਜਾਬ ਵਿੱਚ ਮੌਸਮ ਹੌਲੇ-ਹੌਲੇ ਬਦਲ ਰਿਹਾ ਹੈ। ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਗਿਰਾਵਟ ਆ ਰਹੀ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ ਮੁਤਾਬਕ, ਦੀਵਾਲੀ ਤੋਂ ਬਾਅਦ ਪੰਜਾਬ ਵਿੱਚ ਤਾਪਮਾਨ ਵਿੱਚ ਹੋਰ ਗਿਰਾਵਟ ਹੋਵੇਗੀ ਅਤੇ ਸਰਦੀਆਂ ਦੀ ਸ਼ੁਰੂਆਤ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਵੇਗਾ।
ਵਰਤਮਾਨ ਸਮੇਂ ਸੂਬੇ ਵਿੱਚ ਦਿਨ ਦਾ ਔਸਤ ਤਾਪਮਾਨ 31 ਤੋਂ 32 ਡਿਗਰੀ ਸੈਲਸੀਅਸ ਅਤੇ ਰਾਤ ਦਾ ਤਾਪਮਾਨ 17 ਤੋਂ 18 ਡਿਗਰੀ ਸੈਲਸੀਅਸ ਦੇ ਆਸ-ਪਾਸ ਹੈ। ਪਰ, ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, 15 ਅਕਤੂਬਰ ਤੋਂ ਬਾਅਦ ਰਾਤ ਦੇ ਤਾਪਮਾਨ ਵਿੱਚ 2 ਤੋਂ 3 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਆ ਸਕਦੀ ਹੈ, ਜਿਸ ਨਾਲ ਰਾਤਾਂ ਹੋਰ ਠੰਢੀਆਂ ਹੋ ਜਾਣਗੀਆਂ। ਉਸ ਸਮੇਂ ਤਾਪਮਾਨ 14 ਤੋਂ 16 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਮੌਸਮ ਵਿਸ਼ੇਸ਼ਗਿਆਨਾਂ ਦਾ ਕਹਿਣਾ ਹੈ ਕਿ ਦੀਵਾਲੀ ਤੋਂ ਬਾਅਦ ਉੱਤਰੀ ਹਵਾਵਾਂ ਦੀ ਗਤੀ ਵੱਧਣ ਨਾਲ ਸੂਬੇ ਭਰ ਵਿੱਚ ਠੰਢ ਦਾ ਪ੍ਰਭਾਵ ਵਧੇਗਾ। ਖ਼ਾਸ ਕਰਕੇ ਮਜ੍ਹਾ, ਦੋਆਬਾ ਅਤੇ ਮਾਲਵਾ ਖੇਤਰਾਂ ਵਿੱਚ ਰਾਤ ਦਾ ਤਾਪਮਾਨ ਤੇਜ਼ੀ ਨਾਲ ਘਟੇਗਾ। ਸਵੇਰੇ ਅਤੇ ਸ਼ਾਮ ਦੇ ਸਮੇਂ ਹਲਕੀ ਠੰਢ ਮਹਿਸੂਸ ਹੋਵੇਗੀ ਅਤੇ ਕਈ ਜਗ੍ਹਾਂ ਧੁੰਦ ਦੇ ਆਸਾਰ ਵੀ ਬਣ ਸਕਦੇ ਹਨ।
ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਚੇਤਾਵਨੀ ਵਿੱਚ ਕਿਹਾ ਗਿਆ ਹੈ ਕਿ ਮੌਸਮ ਦੇ ਅਚਾਨਕ ਬਦਲਾਅ ਕਾਰਨ ਲੋਕਾਂ ਨੂੰ ਬੁਖਾਰ, ਖੰਘ, ਜ਼ੁਕਾਮ, ਡੇਂਗੂ ਅਤੇ ਟਾਈਫਾਈਡ ਵਰਗੀਆਂ ਮੌਸਮੀ ਬਿਮਾਰੀਆਂ ਦਾ ਖ਼ਤਰਾ ਵੱਧ ਸਕਦਾ ਹੈ। ਵਿਸ਼ੇਸ਼ ਤੌਰ ’ਤੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਮਾਹਿਰਾਂ ਦਾ ਸਲਾਹ ਹੈ ਕਿ ਲੋਕ ਸਵੇਰੇ ਤੇ ਸ਼ਾਮ ਦੇ ਸਮੇਂ ਗਰਮ ਕੱਪੜੇ ਪਹਿਨਣ, ਬਾਹਰ ਦਾ ਖਾਣਾ ਖਾਣ ਤੋਂ ਪਰਹੇਜ਼ ਕਰਨ ਅਤੇ ਆਪਣੀ ਰੋਗ-ਪ੍ਰਤੀਰੋਧਕ ਤਾਕਤ ਵਧਾਉਣ ਲਈ ਸਿਹਤਮੰਦ ਖੁਰਾਕ ਅਪਣਾਉਣ।
ਦੀਵਾਲੀ ਤੋਂ ਬਾਅਦ ਜਿੱਥੇ ਮੌਸਮ ਸੁਹਾਵਣਾ ਹੋਵੇਗਾ, ਉਥੇ ਹੀ ਠੰਢ ਦੀ ਆਹਟ ਨਾਲ ਸਰਦੀਆਂ ਦੀ ਪਹਲੀ ਝਲਕ ਪੰਜਾਬੀਆਂ ਨੂੰ ਮਹਿਸੂਸ ਹੋਣ ਲੱਗੇਗੀ