ਕਸੌਲੀ (ਹਿਮਾਚਲ ਪ੍ਰਦੇਸ਼) – ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਗ੍ਰਹਿ ਅਤੇ ਵਿੱਤ ਮੰਤਰੀ ਪੀ. ਚਿਦੰਬਰਮ ਦੇ ਤਾਜ਼ਾ ਬਿਆਨ ਨੇ ਰਾਸ਼ਟਰੀ ਪੱਧਰ ‘ਤੇ ਸਿਆਸੀ ਹਲਚਲ ਮਚਾ ਦਿੱਤੀ ਹੈ। ਚਿਦੰਬਰਮ ਨੇ ਕਿਹਾ ਹੈ ਕਿ ਆਪਰੇਸ਼ਨ ਬਲੂ ਸਟਾਰ (Operation Blue Star) ਇੱਕ “ਗਲਤ ਤਰੀਕਾ” ਸੀ ਅਤੇ ਇਸ ਗਲਤੀ ਦੀ ਕੀਮਤ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਆਪਣੀ ਜਾਨ ਨਾਲ ਚੁਕਾਈ।
ਚਿਦੰਬਰਮ ਸ਼ਨੀਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਕਸੌਲੀ ‘ਚ ਹੋਏ ਖੁਸ਼ਵੰਤ ਸਿੰਘ ਸਾਹਿਤ ਉਤਸਵ ਵਿੱਚ ਸ਼ਾਮਲ ਹੋਏ ਸਨ, ਜਿੱਥੇ ਉਹ ਪੱਤਰਕਾਰ ਹਰਿੰਦਰ ਬਾਵੇਜਾ ਦੀ ਕਿਤਾਬ “They Will Shoot You, Madam” ‘ਤੇ ਚਰਚਾ ਦੌਰਾਨ ਬੋਲ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਕਿਹਾ, “ਜੂਨ 1984 ਵਿੱਚ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਤੋਂ ਵੱਖਵਾਦੀਆਂ ਨੂੰ ਕੱਢਣ ਲਈ ਕੀਤਾ ਗਿਆ ਆਪਰੇਸ਼ਨ ਬਲੂ ਸਟਾਰ ਇੱਕ ਗਲਤ ਤਰੀਕਾ ਸੀ। ਇੰਦਰਾ ਗਾਂਧੀ ਨੇ ਇਸ ਗਲਤੀ ਦੀ ਭਾਰੀ ਕੀਮਤ ਆਪਣੀ ਜਾਨ ਨਾਲ ਚੁਕਾਈ।”
ਕਾਂਗਰਸ ਦੇ ਅੰਦਰ ਵਧੀ ਨਾਰਾਜ਼ਗੀ
ਚਿਦੰਬਰਮ ਦੇ ਇਸ ਬਿਆਨ ਤੋਂ ਬਾਅਦ ਕਾਂਗਰਸ ਪਾਰਟੀ ਦੇ ਅੰਦਰ ਹੀ ਗੁੱਸੇ ਦੀ ਲਹਿਰ ਦਿੱਖੀ। ਪਾਰਟੀ ਦੇ ਉੱਚ ਪੱਧਰੀ ਸੂਤਰਾਂ ਨੇ ਕਿਹਾ ਕਿ “ਕਾਂਗਰਸ ਇਸ ਬਿਆਨ ਤੋਂ ਨਾਰਾਜ਼ ਹੈ। ਚੋਟੀ ਦੀ ਲੀਡਰਸ਼ਿਪ ਤੋਂ ਲੈ ਕੇ ਸਧਾਰਣ ਵਰਕਰ ਤੱਕ, ਹਰ ਕੋਈ ਇਸ ਬਿਆਨ ਨਾਲ ਅਸਹਿਮਤ ਹੈ।” ਪਾਰਟੀ ਦੇ ਇੱਕ ਸੀਨੀਅਰ ਮੈਂਬਰ ਨੇ ਕਿਹਾ ਕਿ ਜਿਨ੍ਹਾਂ ਨੇਤਾਵਾਂ ਨੂੰ ਕਾਂਗਰਸ ਵੱਲੋਂ ਸਭ ਕੁਝ ਮਿਲਿਆ ਹੈ, ਉਨ੍ਹਾਂ ਨੂੰ ਬਿਆਨ ਦਿੰਦਿਆਂ ਜ਼ਿਆਦਾ ਸਾਵਧਾਨ ਰਹਿਣਾ ਚਾਹੀਦਾ ਹੈ, ਕਿਉਂਕਿ ਵਾਰ-ਵਾਰ ਅਜਿਹੇ ਬਿਆਨ ਪਾਰਟੀ ਦੀ ਛਵੀ ਨੂੰ ਨੁਕਸਾਨ ਪਹੁੰਚਾਉਂਦੇ ਹਨ।
“ਇਹ ਸਿਰਫ਼ ਇੰਦਰਾ ਗਾਂਧੀ ਦਾ ਫੈਸਲਾ ਨਹੀਂ ਸੀ” – ਚਿਦੰਬਰਮ
ਹਾਲਾਂਕਿ ਚਿਦੰਬਰਮ ਨੇ ਆਪਣੀ ਗੱਲ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ ਆਪਰੇਸ਼ਨ ਬਲੂ ਸਟਾਰ ਲਈ ਸਿਰਫ਼ ਇੰਦਰਾ ਗਾਂਧੀ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਉਨ੍ਹਾਂ ਦੇ ਬੋਲਾਂ ਵਿੱਚ, “ਇਹ ਫੈਸਲਾ ਫੌਜ, ਪੁਲਿਸ, ਖੁਫੀਆ ਏਜੰਸੀਆਂ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਸਾਂਝੀ ਸਲਾਹ ਨਾਲ ਲਿਆ ਗਿਆ ਸੀ। ਸਾਰੇ ਮਿਲ ਕੇ ਇਹ ਸੋਚ ਬੈਠੇ ਕਿ ਸ੍ਰੀ ਦਰਬਾਰ ਸਾਹਿਬ ‘ਚ ਫੌਜ ਭੇਜਣਾ ਹੀ ਠੀਕ ਹੋਵੇਗਾ, ਪਰ ਬਾਅਦ ਵਿੱਚ ਇਹ ਫੈਸਲਾ ਗਲਤ ਸਾਬਤ ਹੋਇਆ।”
ਪਹਿਲਾਂ ਰਾਹੁਲ ਗਾਂਧੀ ਵੀ ਕਰ ਚੁੱਕੇ ਹਨ ਅਜਿਹਾ ਬਿਆਨ
ਇਹ ਪਹਿਲੀ ਵਾਰ ਨਹੀਂ ਕਿ ਕਾਂਗਰਸ ਦੇ ਕਿਸੇ ਨੇਤਾ ਨੇ ਆਪਰੇਸ਼ਨ ਬਲੂ ਸਟਾਰ ਨੂੰ ਗਲਤੀ ਕਿਹਾ ਹੋਵੇ। ਇਸ ਤੋਂ ਪਹਿਲਾਂ, ਰਾਹੁਲ ਗਾਂਧੀ ਨੇ ਵੀ 4 ਮਈ ਨੂੰ ਇੱਕ ਇੰਟਰਵਿਊ ਦੌਰਾਨ ਕਿਹਾ ਸੀ ਕਿ “1984 ਦਾ ਆਪਰੇਸ਼ਨ ਬਲੂ ਸਟਾਰ ਇੱਕ ਗਲਤੀ ਸੀ।” ਰਾਹੁਲ ਨੇ ਕਿਹਾ ਸੀ ਕਿ “ਮੈਂ 1980 ਦੇ ਦਹਾਕੇ ਤੋਂ ਪਹਿਲਾਂ ਕਾਂਗਰਸ ਵੱਲੋਂ ਕੀਤੀਆਂ ਗਲਤੀਆਂ ਦੀ ਜ਼ਿੰਮੇਵਾਰੀ ਲੈਣ ਲਈ ਤਿਆਰ ਹਾਂ।”
ਇਤਿਹਾਸਕ ਪ੍ਰਸੰਗ
ਯਾਦ ਰਹੇ ਕਿ ਆਪਰੇਸ਼ਨ ਬਲੂ ਸਟਾਰ ਜੂਨ 1984 ਵਿੱਚ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਆਦੇਸ਼ ’ਤੇ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ (Golden Temple) ‘ਚ ਫੌਜੀ ਕਾਰਵਾਈ ਦੇ ਤਹਿਤ ਕੀਤਾ ਗਿਆ ਸੀ। ਇਸ ਕਾਰਵਾਈ ਦਾ ਉਦੇਸ਼ ਦਰਬਾਰ ਸਾਹਿਬ ਅੰਦਰ ਠਿਕਾਣਾ ਬਣਾਏ ਬੈਠੇ ਖਾਲਿਸਤਾਨੀ ਆਗੂ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਉਸਦੇ ਸਮਰਥਕਾਂ ਨੂੰ ਕੱਢਣਾ ਸੀ। ਇਸ ਦੌਰਾਨ ਹੋਈ ਹਿੰਸਾ ਵਿੱਚ ਕਈ ਲੋਕਾਂ ਦੀ ਜਾਨ ਗਈ ਸੀ ਅਤੇ ਇਸ ਦੇ ਕੁਝ ਮਹੀਨਿਆਂ ਬਾਅਦ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦੀ ਉਸਦੇ ਸੁਰੱਖਿਆ ਕਰਮਚਾਰੀਆਂ ਵੱਲੋਂ ਹੱਤਿਆ ਕਰ ਦਿੱਤੀ ਗਈ ਸੀ।
ਚਿਦੰਬਰਮ ਦਾ ਇਹ ਬਿਆਨ ਨਾ ਸਿਰਫ਼ ਕਾਂਗਰਸ ਲਈ ਅਸਹਜ ਸਥਿਤੀ ਪੈਦਾ ਕਰ ਗਿਆ ਹੈ, ਸਗੋਂ ਸਿਆਸੀ ਮੰਚਾਂ ’ਤੇ ਵੀ ਇਸ ’ਤੇ ਤੀਖ਼ੀ ਚਰਚਾ ਛਿੜ ਗਈ ਹੈ।