ਅੰਮ੍ਰਿਤਸਰ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਅੰਤਰਿਮ ਕਮੇਟੀ ਦੀ ਅਹਿਮ ਮੀਟਿੰਗ 13 ਅਕਤੂਬਰ ਨੂੰ ਹੋਣ ਜਾ ਰਹੀ ਹੈ। ਇਹ ਬੈਠਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਸਵੇਰੇ 11 ਵਜੇ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਹੋਵੇਗੀ।
ਇਸ ਮੀਟਿੰਗ ਦੌਰਾਨ ਰੋਜ਼ਮਰ੍ਹਾ ਦੇ ਕੰਮਕਾਜ ਤੋਂ ਇਲਾਵਾ ਕਈ ਮਹੱਤਵਪੂਰਨ ਮਸਲੇ ਚਰਚਾ ਹੇਠ ਆਉਣਗੇ। ਖਾਸ ਤੌਰ ‘ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮਾਂ ਦੀਆਂ ਤਿਆਰੀਆਂ ‘ਤੇ ਵਿਸਤ੍ਰਿਤ ਵਿਚਾਰ ਵਟਾਂਦਰਾ ਹੋਵੇਗਾ। ਇਹ ਸ਼ਤਾਬਦੀ ਯਾਤਰਾ ਅਸਾਮ ਤੋਂ ਆਰੰਭ ਹੋਈ ਸੀ, ਜਿਸਦਾ ਦੂਜਾ ਪੜਾਅ ਹੁਣ ਸ਼ੁਰੂ ਹੋਣ ਵਾਲਾ ਹੈ। ਇਸ ਸੰਬੰਧੀ ਪ੍ਰੋਗਰਾਮਾਂ ਅਤੇ ਯੋਜਨਾਵਾਂ ਦੀ ਰੂਪਰੇਖਾ ਤੈਅ ਕੀਤੀ ਜਾਵੇਗੀ।
ਮੀਟਿੰਗ ਵਿੱਚ ਹਾਲ ਹੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਲਈ ਚੱਲ ਰਹੇ ਰਾਹਤ ਕਾਰਜਾਂ ਦੀ ਸਮੀਖਿਆ ਵੀ ਕੀਤੀ ਜਾਵੇਗੀ। ਸ਼੍ਰੋਮਣੀ ਕਮੇਟੀ ਦੀਆਂ ਵੱਖ-ਵੱਖ ਟੀਮਾਂ ਵੱਲੋਂ ਮੱਦਦ ਕਾਰਜਾਂ ਦੀ ਪ੍ਰਗਤੀ ਅਤੇ ਅਗਲੇ ਕਦਮਾਂ ਬਾਰੇ ਵੀ ਵਿਚਾਰ ਕੀਤਾ ਜਾਵੇਗਾ।
ਇਸ ਤੋਂ ਇਲਾਵਾ, ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਸਬੰਧੀ ਤਾਜ਼ਾ ਸਥਿਤੀ ਅਤੇ ਸੰਭਾਵਿਤ ਕਾਰਵਾਈਆਂ ’ਤੇ ਵੀ ਵਿਚਾਰ ਵਟਾਂਦਰਾ ਕੀਤਾ ਜਾਣ ਦੀ ਸੰਭਾਵਨਾ ਹੈ।
ਸ਼੍ਰੋਮਣੀ ਕਮੇਟੀ ਦੀ ਇਹ ਬੈਠਕ ਧਾਰਮਿਕ, ਸਮਾਜਕ ਅਤੇ ਪ੍ਰਬੰਧਕੀ ਪੱਧਰ ’ਤੇ ਕਈ ਮਹੱਤਵਪੂਰਨ ਫ਼ੈਸਲੇ ਲੈ ਸਕਦੀ ਹੈ, ਜਿਸ ਵੱਲ ਸਾਰੇ ਸਿੱਖ ਜਥੇਬੰਦੀਆਂ ਦੀ ਨਜ਼ਰ ਟਿਕੀ ਹੋਈ ਹੈ।