ਚੰਡੀਗੜ੍ਹ: ਪੰਜਾਬੀ ਸਿਨੇਮਾ ਉਦਯੋਗ (ਪਾਲੀਵੁੱਡ) ਹੁਣ ਸਿਰਫ਼ ਸਥਾਨਕ ਦਰਸ਼ਕਾਂ ਤੱਕ ਸੀਮਤ ਨਹੀਂ ਰਿਹਾ। ਗਲੋਬਲ ਪੱਧਰ ‘ਤੇ ਆਪਣੀ ਮਜ਼ਬੂਤ ਪਛਾਣ ਬਣਾਉਂਦਾ ਇਹ ਖੇਤਰ ਹੁਣ ਇੱਕ ਨਵੇਂ ਰੁਝਾਨ ਦੀ ਗਵਾਹੀ ਦੇ ਰਿਹਾ ਹੈ — ਬਾਲੀਵੁੱਡ ਅਦਾਕਾਰਾਂ ਦੀ ਵਧਦੀ ਦਾਖਲਅੰਦਾਜ਼ੀ ਅਤੇ ਪੰਜਾਬੀ ਅਦਾਕਾਰਾਂ ਦਾ ਮੁੰਬਈ ਵੱਲ ਵੱਧਦਾ ਰੁਝਾਨ।
ਜਿੱਥੇ ਇੱਕ ਪਾਸੇ ਪੰਜਾਬੀ ਸਿਨੇਮਾ ਵਿੱਚ ਬਾਲੀਵੁੱਡ ਦੀਆਂ ਹਸੀਨਾਵਾਂ ਆਪਣਾ ਦਬਦਬਾ ਬਣਾਉਣ ਵਿੱਚ ਲੱਗੀਆਂ ਹਨ, ਉੱਥੇ ਹੀ ਦੂਜੇ ਪਾਸੇ ਕਈ ਪ੍ਰਸਿੱਧ ਪੰਜਾਬੀ ਅਦਾਕਾਰਾਂ ਮੁੰਬਈ ਦੀ ਚਮਕ-ਧਮਕ ਵਾਲੀ ਦੁਨੀਆਂ ਵੱਲ ਵਧ ਰਹੀਆਂ ਹਨ।
ਇਹ ਰੁਝਾਨ ਨਵਾਂ ਨਹੀਂ। ਕਈ ਦਹਾਕੇ ਪਹਿਲਾਂ ਵੀ ਇੰਦਰਾ ਬਿੱਲੀ, ਸ਼ੋਭਨਾ ਸਿੰਘ, ਭਾਵਨਾ ਭੱਟ, ਪ੍ਰੀਤੀ ਸਪਰੂ, ਕੀਰਤੀ ਸਿੰਘ ਵਰਗੀਆਂ ਬਾਲੀਵੁੱਡ ਅਦਾਕਾਰਾਂ ਨੇ ਪੰਜਾਬੀ ਸਿਨੇਮਾ ਵਿੱਚ ਆਪਣੀ ਛਾਪ ਛੱਡੀ ਸੀ। ਪਰ ਮੌਜੂਦਾ ਸਮੇਂ ਵਿੱਚ ਇਹ ਦਾਖਲਅੰਦਾਜ਼ੀ ਹੋਰ ਤੇਜ਼ੀ ਨਾਲ ਵੱਧ ਰਹੀ ਹੈ।
ਪਾਲੀਵੁੱਡ ਤੋਂ ਬਾਲੀਵੁੱਡ ਵੱਲ ਵੱਧਦੀਆਂ ਅਦਾਕਾਰਾਂ
ਹਾਲ ਦੇ ਸਾਲਾਂ ਵਿੱਚ ਕਈ ਪੰਜਾਬੀ ਅਦਾਕਾਰਾਂ ਨੇ ਆਪਣਾ ਧਿਆਨ ਬਾਲੀਵੁੱਡ ਪ੍ਰੋਜੈਕਟਾਂ ਵੱਲ ਕੇਂਦਰਿਤ ਕੀਤਾ ਹੈ। ਉਦਾਹਰਨ ਵਜੋਂ ਸੁਰਭੀ ਮਹਿੰਦਰੂ, ਜਿਨ੍ਹਾਂ ਨੇ ਜੱਜ ਸਿੰਘ ਐਲਐਲਬੀ ਵਰਗੀਆਂ ਪੰਜਾਬੀ ਫਿਲਮਾਂ ਨਾਲ ਲੋਕਾਂ ਦੇ ਦਿਲ ਜਿੱਤੇ, ਹੁਣ ਮੁੰਬਈ ਵਿੱਚ ਆਪਣੇ ਨਵੇਂ ਕਰੀਅਰ ਦੀ ਸ਼ੁਰੂਆਤ ਕਰ ਚੁੱਕੀਆਂ ਹਨ।
ਇਸੇ ਤਰ੍ਹਾਂ ਇਹਾਨਾ ਢਿੱਲੋਂ, ਜਿਨ੍ਹਾਂ ਨੇ ਬਲੈਕੀਆਂ, ਡੈਡੀ ਕੂਲ ਮੁੰਡੇ ਫੂਲ, ਗੋਲ ਗੱਪੇ ਵਰਗੀਆਂ ਫਿਲਮਾਂ ਵਿੱਚ ਸ਼ਾਨਦਾਰ ਅਦਾਕਾਰੀ ਕੀਤੀ, ਹੁਣ ਹੇਟ ਸਟੋਰੀ 4, ਭੁਜ, ਅਤੇ ਰਾਧੇ ਵਰਗੀਆਂ ਬਾਲੀਵੁੱਡ ਫਿਲਮਾਂ ਰਾਹੀਂ ਰਾਸ਼ਟਰੀ ਪੱਧਰ ‘ਤੇ ਆਪਣੀ ਪਹਿਚਾਣ ਬਣਾ ਰਹੀਆਂ ਹਨ।
ਵਾਮਿਕਾ ਗੱਬੀ, ਜਿਸ ਨੇ ਨਿੱਕਾ ਜ਼ੈਲਦਾਰ, ਗੱਲਵਕੜੀ, ਕਲੀ ਜੋਟਾ ਆਦਿ ਹਿੱਟ ਫਿਲਮਾਂ ਨਾਲ ਪਾਲੀਵੁੱਡ ਵਿੱਚ ਖਾਸ ਸਥਾਨ ਬਣਾਇਆ ਸੀ, ਅੱਜਕੱਲ੍ਹ ਹਿੰਦੀ ਵੈੱਬ ਸੀਰੀਜ਼ ਅਤੇ ਬਿੱਗ ਪ੍ਰੋਡਕਸ਼ਨ ਫਿਲਮਾਂ ਵਿੱਚ ਆਪਣਾ ਟੈਲੈਂਟ ਵਿਖਾ ਰਹੀ ਹੈ।
ਇਨ੍ਹਾਂ ਤੋਂ ਇਲਾਵਾ ਸ਼ਹਿਨਾਜ਼ ਗਿੱਲ, ਕਾਨਿਕਾ ਮਾਨ, ਸੁਰਵੀਨ ਚਾਵਲਾ, ਮਾਹੀ ਗਿੱਲ, ਹਿਮਾਂਸ਼ੀ ਖੁਰਾਣਾ ਵਰਗੀਆਂ ਕਈ ਹੋਰ ਅਦਾਕਾਰਾਂ ਵੀ ਹੁਣ ਕਦੇ-ਕਦੇ ਹੀ ਪੰਜਾਬੀ ਫਿਲਮਾਂ ਵਿੱਚ ਨਜ਼ਰ ਆਉਂਦੀਆਂ ਹਨ।
ਬਾਲੀਵੁੱਡ ਤੋਂ ਪਾਲੀਵੁੱਡ ਆ ਰਹੀਆਂ ਨਵੀਆਂ ਚਿਹਰਿਆਂ ਦੀ ਲਹਿਰ
ਦੂਜੇ ਪਾਸੇ ਬਾਲੀਵੁੱਡ ਦੀਆਂ ਕਈ ਅਦਾਕਾਰਾਂ ਪੰਜਾਬੀ ਸਿਨੇਮਾ ਵੱਲ ਰੁਝਾਨ ਦਿਖਾ ਰਹੀਆਂ ਹਨ। ਇਨ੍ਹਾਂ ਵਿੱਚ ਜ਼ਰੀਨ ਖਾਨ, ਜੈਸਮੀਨ ਭਸੀਨ, ਟੀਨਾ ਅਹੂਜਾ, ਸੰਜੀਦਾ ਸ਼ੇਖ, ਅਦਿਤੀ ਸ਼ਰਮਾ, ਪਾਇਲ ਰਾਜਪੂਤ, ਰੁਬੀਨਾ ਦਿਲਾਇਕ, ਹਿਨਾ ਖਾਨ ਵਰਗੀਆਂ ਅਦਾਕਾਰਾਂ ਸ਼ਾਮਲ ਹਨ, ਜਿਨ੍ਹਾਂ ਨੇ ਹਾਲੀਆਂ ਸਾਲਾਂ ਵਿੱਚ ਪੰਜਾਬੀ ਫਿਲਮਾਂ ਵਿੱਚ ਦਾਖਲਾ ਕੀਤਾ ਹੈ।
ਇਹ ਰੁਝਾਨ ਸਿਰਫ਼ ਪ੍ਰੋਫੈਸ਼ਨਲ ਮੌਕਿਆਂ ਦੀ ਨਹੀਂ, ਸਗੋਂ ਪੰਜਾਬੀ ਸਿਨੇਮਾ ਦੀ ਵਧ ਰਹੀ ਵਿਸ਼ਵ ਪੱਧਰੀ ਪਹੁੰਚ ਦਾ ਪ੍ਰਤੀਕ ਹੈ। ਪਾਲੀਵੁੱਡ ਹੁਣ ਸਿਰਫ਼ ਖੇਤਰੀ ਮਨੋਰੰਜਨ ਤੱਕ ਸੀਮਿਤ ਨਹੀਂ ਰਿਹਾ, ਸਗੋਂ ਇੱਕ ਵਿਸ਼ਵ ਪੱਧਰੀ ਪਲੇਟਫਾਰਮ ਬਣਦਾ ਜਾ ਰਿਹਾ ਹੈ, ਜਿਸ ਵੱਲ ਬਾਲੀਵੁੱਡ ਅਤੇ ਹੋਰ ਖੇਤਰਾਂ ਦੇ ਕਲਾਕਾਰ ਆਕਰਸ਼ਿਤ ਹੋ ਰਹੇ ਹਨ।
ਜੇਕਰ ਇਹ ਰੁਝਾਨ ਐਸੇ ਹੀ ਜਾਰੀ ਰਿਹਾ, ਤਾਂ ਭਵਿੱਖ ਵਿੱਚ ਪੰਜਾਬੀ ਸਿਨੇਮਾ ਦੀ ਸਕਰੀਨ ਉੱਤੇ ਬਾਲੀਵੁੱਡ ਅਦਾਕਾਰਾਂ ਦੀ ਮੌਜੂਦਗੀ ਹੋਰ ਵੀ ਹਾਵੀ ਹੋ ਸਕਦੀ ਹੈ, ਅਤੇ ਇਹ ਮਿਲਾਪ ਪਾਲੀਵੁੱਡ ਨੂੰ ਨਵੇਂ ਉਚਾਈਆਂ ਤੱਕ ਲੈ ਜਾ ਸਕਦਾ ਹੈ।