ਦੰਦਾਂ ਦਾ ਦਰਦ ਉਹ ਦਰਦ ਹੈ ਜੋ ਇਨਸਾਨ ਨੂੰ ਬੇਚੈਨ ਕਰ ਦਿੰਦਾ ਹੈ। ਜਦੋਂ ਦੰਦਾਂ ਵਿੱਚ ਕੀੜਾ ਲੱਗਣਾ, ਕੈਵਿਟੀ ਬਣਨਾ ਜਾਂ ਮੂੰਹ ਦੀ ਸਫਾਈ ਦਾ ਧਿਆਨ ਨਾ ਰੱਖਣਾ ਜਿਹੀਆਂ ਆਦਤਾਂ ਲੰਮੇ ਸਮੇਂ ਤੱਕ ਚੱਲਦੀਆਂ ਰਹਿੰਦੀਆਂ ਹਨ, ਤਾਂ ਇਹ ਦਰਦ ਦਾ ਕਾਰਨ ਬਣ ਸਕਦੀਆਂ ਹਨ। ਬਹੁਤ ਵਾਰ ਲੋਕ ਹਲਕੇ ਦਰਦ ਜਾਂ ਸੰਵੇਦਨਸ਼ੀਲਤਾ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ, ਪਰ ਜਦੋਂ ਦਰਦ ਰਾਤ ਦੇ ਸਮੇਂ ਅਚਾਨਕ ਵਧ ਜਾਂਦਾ ਹੈ, ਤਾਂ ਇਹ ਬਹੁਤ ਤਕਲੀਫ਼ਦੇਹ ਹੋ ਸਕਦਾ ਹੈ।
ਜੇ ਅਜਿਹੀ ਸਥਿਤੀ ਵਿੱਚ ਦੰਦਾਂ ਦੇ ਦਰਦ ਦੀ ਕੋਈ ਦਵਾਈ ਘਰ ਵਿੱਚ ਨਹੀਂ ਹੈ, ਤਾਂ ਕੁਝ ਸਧਾਰਣ ਘਰੇਲੂ ਉਪਾਅ ਨਾਲ ਵੀ ਇਸ ਦਰਦ ਤੋਂ ਅਸਥਾਈ ਰਾਹਤ ਮਿਲ ਸਕਦੀ ਹੈ। ਆਓ ਜਾਣਦੇ ਹਾਂ ਉਹ ਦੋ ਘਰੇਲੂ ਨੁਸਖੇ ਜੋ ਦੰਦਾਂ ਦੇ ਦਰਦ ਵਿੱਚ ਤੁਰੰਤ ਰਾਹਤ ਦੇ ਸਕਦੇ ਹਨ —
1. ਨਮਕ ਵਾਲੇ ਪਾਣੀ ਨਾਲ ਕੁਰਲੀ ਕਰੋ
ਦੰਦਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਕੋਸੇ ਪਾਣੀ ਵਿਚ ਅੱਧਾ ਚਮਚ ਨਮਕ ਮਿਲਾ ਕੇ ਗਾਰਗਲ ਕਰੋ। ਇਹ ਸਭ ਤੋਂ ਆਸਾਨ ਅਤੇ ਪ੍ਰਭਾਵਸ਼ਾਲੀ ਉਪਾਅ ਹੈ। ਨਮਕ ਵਾਲਾ ਪਾਣੀ ਕੁਦਰਤੀ ਐਂਟੀਸੈਪਟਿਕ ਵਜੋਂ ਕੰਮ ਕਰਦਾ ਹੈ ਜੋ ਮੂੰਹ ਵਿਚ ਮੌਜੂਦ ਬੈਕਟੀਰੀਆ ਨੂੰ ਮਾਰਦਾ ਹੈ ਅਤੇ ਦੰਦਾਂ ਵਿਚ ਫੰਸੀ ਹੋਈ ਗੰਦਗੀ ਨੂੰ ਦੂਰ ਕਰਦਾ ਹੈ। ਇਸ ਨਾਲ ਮਸੂੜਿਆਂ ਦੀ ਸੋਜ ਵੀ ਘੱਟ ਹੋ ਜਾਂਦੀ ਹੈ ਅਤੇ ਦਰਦ ਤੋਂ ਅਸਥਾਈ ਰਾਹਤ ਮਿਲਦੀ ਹੈ।
2. ਫਟਕੜੀ (ਫਿਟਕਰੀ) ਲਗਾਓ
ਫਟਕੜੀ ਵਿੱਚ ਐਂਟੀਬੈਕਟੀਰੀਅਲ ਅਤੇ ਐਂਟੀਮਾਈਕ੍ਰੋਬਾਇਲ ਗੁਣ ਹੁੰਦੇ ਹਨ ਜੋ ਦੰਦਾਂ ਦੇ ਦਰਦ ਵਿਚ ਕਾਫੀ ਮਦਦਗਾਰ ਸਾਬਤ ਹੁੰਦੇ ਹਨ। ਇੱਕ ਛੋਟੀ ਜਿਹੀ ਫਟਕੜੀ ਨੂੰ ਪੀਸ ਕੇ ਪਾਊਡਰ ਬਣਾ ਲਵੋ ਅਤੇ ਦਰਦ ਵਾਲੀ ਥਾਂ ਤੇ ਲਗਾਓ। ਇਸਨੂੰ 10 ਤੋਂ 15 ਮਿੰਟ ਲਈ ਛੱਡ ਦਿਓ ਅਤੇ ਫਿਰ ਮੂੰਹ ਧੋ ਲਵੋ।
ਇਸ ਤੋਂ ਇਲਾਵਾ, ਤੁਸੀਂ ਕੋਸੇ ਪਾਣੀ ਵਿਚ ਫਟਕੜੀ ਪਾਊਡਰ ਮਿਲਾ ਕੇ ਉਸ ਨਾਲ ਗਰਾਰੇ ਵੀ ਕਰ ਸਕਦੇ ਹੋ। ਇਸ ਨਾਲ ਦੰਦਾਂ ਵਿਚ ਮੌਜੂਦ ਬੈਕਟੀਰੀਆ ਖਤਮ ਹੁੰਦੇ ਹਨ ਅਤੇ ਦਰਦ ਵਿੱਚ ਰਾਹਤ ਮਿਲਦੀ ਹੈ।
ਦੰਦਾਂ ਦੇ ਦਰਦ ਨੂੰ ਕਦੇ ਨਾ ਕਰੋ ਅਣਡਿੱਠਾ
ਦੰਦਾਂ ਦਾ ਦਰਦ ਅਕਸਰ ਕਿਸੇ ਵੱਡੀ ਸਮੱਸਿਆ ਦੀ ਨਿਸ਼ਾਨੀ ਹੁੰਦਾ ਹੈ — ਜਿਵੇਂ ਕਿ ਕੀੜਾ ਲੱਗਣਾ, ਮਸੂੜਿਆਂ ਵਿੱਚ ਸੋਜ ਜਾਂ ਦੰਦਾਂ ਦੀ ਜੜ੍ਹ ਦਾ ਸੰਕਰਮਣ। ਜੇ ਇਸਨੂੰ ਲੰਮਾ ਸਮਾਂ ਅਣਡਿੱਠਾ ਛੱਡ ਦਿੱਤਾ ਜਾਵੇ, ਤਾਂ ਇਹ ਸਮੱਸਿਆ ਹੋਰ ਵੀ ਵੱਧ ਸਕਦੀ ਹੈ। ਇਸ ਲਈ ਨਿਯਮਿਤ ਤੌਰ ‘ਤੇ ਬਰਸ਼ ਕਰਨਾ, ਫਲੌਸਿੰਗ ਕਰਨੀ ਅਤੇ ਮਿੱਠੀਆਂ ਚੀਜ਼ਾਂ ਦਾ ਸੇਵਨ ਘਟਾਉਣਾ ਜ਼ਰੂਰੀ ਹੈ।
ਜੇ ਦਰਦ ਇੱਕ ਜਾਂ ਦੋ ਦਿਨ ਤੋਂ ਵੱਧ ਰਹਿੰਦਾ ਹੈ ਜਾਂ ਮੂੰਹ ਵਿਚ ਸੋਜ ਜਾਂ ਬੁਖਾਰ ਹੋ ਜਾਵੇ, ਤਾਂ ਤੁਰੰਤ ਕਿਸੇ ਡੈਂਟਿਸਟ ਨਾਲ ਸੰਪਰਕ ਕਰੋ।
ਖੰਡਨ (Disclaimer): ਇਹ ਜਾਣਕਾਰੀ ਸਿਰਫ਼ ਆਮ ਜਾਣਕਾਰੀ ਦੇਣ ਲਈ ਹੈ। ਇਹ ਕਿਸੇ ਵੀ ਤਰ੍ਹਾਂ ਡਾਕਟਰੀ ਸਲਾਹ ਦਾ ਬਦਲ ਨਹੀਂ ਹੈ। ਕਿਸੇ ਵੀ ਦੰਦਾਂ ਜਾਂ ਸਿਹਤ ਸੰਬੰਧੀ ਸਮੱਸਿਆ ਲਈ ਹਮੇਸ਼ਾਂ ਕਿਸੇ ਯੋਗ ਡਾਕਟਰ ਜਾਂ ਡੈਂਟਲ ਵਿਸ਼ੇਸ਼ਗਿਆ ਨਾਲ ਸਲਾਹ ਕਰੋ।