ਭਾਰਤ ਨੇ ਏਸ਼ੀਆ ਕੱਪ ਦੇ ਫਾਈਨਲ ਵਿੱਚ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਕੇ ਖਿਤਾਬ ਆਪਣੇ ਨਾਮ ਕੀਤਾ, ਪਰ ਇਸ ਇਤਿਹਾਸਕ ਜਿੱਤ ਤੋਂ ਬਾਅਦ ਇੱਕ ਅਜਿਹਾ ਮੰਜ਼ਰ ਸਾਹਮਣੇ ਆਇਆ ਜਿਸ ਨੇ ਪੂਰੇ ਟੂਰਨਾਮੈਂਟ ਦੀ ਚਰਚਾ ਦਾ ਰੁੱਖ ਬਦਲ ਦਿੱਤਾ। ਟਰਾਫੀ ਪ੍ਰਦਾਨ ਸਮਾਰੋਹ ਦੌਰਾਨ ਟੀਮ ਇੰਡੀਆ ਨੇ ਪਾਕਿਸਤਾਨ ਕ੍ਰਿਕਟ ਬੋਰਡ (PCB) ਦੇ ਚੇਅਰਮੈਨ ਮੋਹਸਿਨ ਨਕਵੀ ਤੋਂ ਟਰਾਫੀ ਲੈਣ ਤੋਂ ਸਪਸ਼ਟ ਤੌਰ ‘ਤੇ ਇਨਕਾਰ ਕਰ ਦਿੱਤਾ। ਇਹ ਫੈਸਲਾ ਸਿਰਫ਼ ਮੈਦਾਨੀ ਜਿੱਤ ਨਹੀਂ, ਸਗੋਂ ਭਾਰਤੀ ਖਿਡਾਰੀਆਂ ਦੇ ਸਿਧਾਂਤਾਂ ਅਤੇ ਇੱਜ਼ਤ ਨਾਲ ਜੁੜਿਆ ਹੋਇਆ ਸੀ। ਹੁਣ ਇਸ ਪੂਰੀ ਘਟਨਾ ਦੇ ਪਿੱਛੇ ਦੀ ਵਜ੍ਹਾ ਸਾਹਮਣੇ ਆ ਗਈ ਹੈ, ਜੋ ਸਿੱਧੇ ਤੌਰ ‘ਤੇ ਸੋਸ਼ਲ ਮੀਡੀਆ ਨਾਲ ਸੰਬੰਧਿਤ ਹੈ।
ਸੋਸ਼ਲ ਮੀਡੀਆ ਪੋਸਟਾਂ ਨੇ ਪੈਦਾ ਕੀਤਾ ਤਣਾਅ
ਖ਼ਬਰਾਂ ਮੁਤਾਬਕ, ਮੋਹਸਿਨ ਨਕਵੀ ਨੇ ਏਸ਼ੀਆ ਕੱਪ ਫਾਈਨਲ ਤੋਂ ਪਹਿਲਾਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਪਹਿਲਾਂ ਟਵਿੱਟਰ) ‘ਤੇ ਕਈ ਅਜਿਹੀਆਂ ਪੋਸਟਾਂ ਸਾਂਝੀਆਂ ਕੀਤੀਆਂ ਜੋ ਭਾਰਤੀ ਟੀਮ ਲਈ ਨਿਰਾਦਰਜਨਕ ਮੰਨੀਆਂ ਗਈਆਂ। ਇਨ੍ਹਾਂ ਵਿੱਚ ਸਭ ਤੋਂ ਵੱਧ ਚਰਚਾ ਵਿੱਚ ਰਹੀ ਇੱਕ ਤਸਵੀਰ ਸੀ ਜਿਸਦਾ ਸਿਰਲੇਖ “ਫਾਈਨਲ ਡੇ” ਸੀ। ਇਸ ਫੋਟੋ ਵਿੱਚ ਪਾਕਿਸਤਾਨੀ ਖਿਡਾਰੀ, ਜਿਵੇਂ ਕਿ ਕਪਤਾਨ ਸਲਮਾਨ ਆਗਾ ਅਤੇ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ, ਲੜਾਕੂ ਜਹਾਜ਼ਾਂ ਦੀ ਪਿੱਠਭੂਮੀ ਵਿੱਚ ਫਲਾਈਟ ਸੂਟ ਪਹਿਨੇ ਹੋਏ ਨਜ਼ਰ ਆ ਰਹੇ ਸਨ। ਭਾਰਤੀ ਖਿਡਾਰੀਆਂ ਅਤੇ ਪ੍ਰਬੰਧਨ ਨੂੰ ਇਹ ਤਸਵੀਰ ਇੱਕ ਖੇਡ ਮੁਕਾਬਲੇ ਨਾਲੋਂ ਜ਼ਿਆਦਾ ਸੈਨਾ ਦੀ ਤਾਕਤ ਦੇ ਪ੍ਰਦਰਸ਼ਨ ਵਾਂਗ ਲੱਗੀ। ਟੀਮ ਮੈਨੇਜਮੈਂਟ ਨੇ ਇਸਨੂੰ ਖੇਡਾਂ ਦੀ ਭਾਵਨਾ ਦੇ ਖਿਲਾਫ਼ ਮੰਨਿਆ।
ਇਸ ਤੋਂ ਇਲਾਵਾ, ਨਕਵੀ ਨੇ ਟੂਰਨਾਮੈਂਟ ਦੌਰਾਨ ਫੁਟਬਾਲ ਸਟਾਰ ਕ੍ਰਿਸਟੀਆਨੋ ਰੋਨਾਲਡੋ ਦਾ ਇੱਕ ਵੀਡੀਓ ਵੀ ਪੋਸਟ ਕੀਤਾ ਸੀ ਜਿਸ ਵਿੱਚ ਉਹ ਇੱਕ ਜਹਾਜ਼ ਨੂੰ ਕਰੈਸ਼ ਕਰਦਾ ਦਿਖਾਈ ਦੇ ਰਿਹਾ ਸੀ। ਇਹ ਵੀਡੀਓ ਹੈਰਿਸ ਰਉਫ ਦੀ ਇੱਕ ਮਜ਼ਾਕੀਆ ਪੋਸਟ ਨਾਲ ਮਿਲਦੀ-ਜੁਲਦੀ ਸੀ, ਪਰ ਭਾਰਤੀ ਖਿਡਾਰੀਆਂ ਨੂੰ ਇਹ ਭੜਕਾਊ ਅਤੇ ਗੈਰ-ਖੇਡਾਂ ਵਰਗੀ ਲੱਗੀ। ਉਨ੍ਹਾਂ ਦਾ ਮੰਨਣਾ ਸੀ ਕਿ ਮੋਹਸਿਨ ਨਕਵੀ ਦਾ ਰਵੱਈਆ ਇੱਕ ਕ੍ਰਿਕਟ ਪ੍ਰਸ਼ਾਸਕ ਵਾਂਗ ਨਹੀਂ ਸੀ, ਬਲਕਿ ਉਹ ਇੱਕ ਰਾਜਨੀਤਿਕ ਸ਼ਖਸੀਅਤ ਵਾਂਗ ਵਰਤਾਅ ਕਰ ਰਿਹਾ ਸੀ, ਜੋ ਸੋਸ਼ਲ ਮੀਡੀਆ ਰਾਹੀਂ ਭਾਰਤ ਵਿਰੁੱਧ ਸੰਕੇਤਬਾਜ਼ੀ ਕਰ ਰਿਹਾ ਸੀ।
ਭਾਰਤੀ ਟੀਮ ਦਾ ਸਪਸ਼ਟ ਸੁਨੇਹਾ
ਭਾਰਤੀ ਖਿਡਾਰੀਆਂ ਦਾ ਇਹ ਕਦਮ ਦਰਅਸਲ ਖੇਡਾਂ ਦੀ ਸ਼ੁੱਧਤਾ ਅਤੇ ਆਪਸੀ ਸਤਿਕਾਰ ਲਈ ਦਿੱਤਾ ਗਿਆ ਸਖ਼ਤ ਸੰਦੇਸ਼ ਸੀ। ਖਿਡਾਰੀਆਂ ਨੇ ਟਰਾਫੀ ਤਾਂ ਜਿੱਤੀ, ਪਰ ਉਸ ਵਿਅਕਤੀ ਤੋਂ ਨਹੀਂ ਲੈਣਾ ਚਾਹੀ ਜੋ ਖੇਡ ਦੀ ਥਾਂ ਰਾਜਨੀਤਿਕ ਸੰਕੇਤਾਂ ਨੂੰ ਪ੍ਰੋਤਸਾਹਿਤ ਕਰ ਰਿਹਾ ਸੀ। ਟੀਮ ਇੰਡੀਆ ਦੇ ਇਸ ਫੈਸਲੇ ਨੇ ਸੋਸ਼ਲ ਮੀਡੀਆ ‘ਤੇ ਭਾਰੀ ਚਰਚਾ ਨੂੰ ਜਨਮ ਦਿੱਤਾ ਹੈ। ਕਈ ਪ੍ਰਸ਼ੰਸਕਾਂ ਨੇ ਭਾਰਤੀ ਖਿਡਾਰੀਆਂ ਦੀ ਹਿੰਮਤ ਦੀ ਸਿਫ਼ਤ ਕੀਤੀ, ਕਿਉਂਕਿ ਉਨ੍ਹਾਂ ਨੇ ਸਪਸ਼ਟ ਕਰ ਦਿੱਤਾ ਕਿ ਖੇਡ ਮੈਦਾਨ ‘ਤੇ ਇੱਜ਼ਤ ਅਤੇ ਸਿਧਾਂਤ ਜਿੱਤ ਤੋਂ ਵੱਡੇ ਹਨ।
ਨਕਵੀ ਚੁੱਪ, ਪਰ ਵਿਵਾਦ ਗਹਿਰਾਇਆ
ਮੋਹਸਿਨ ਨਕਵੀ ਵੱਲੋਂ ਇਸ ਮਾਮਲੇ ‘ਤੇ ਅਜੇ ਤੱਕ ਕੋਈ ਸਪਸ਼ਟ ਬਿਆਨ ਨਹੀਂ ਆਇਆ, ਪਰ ਉਨ੍ਹਾਂ ਦੀਆਂ ਪੁਰਾਣੀਆਂ ਪੋਸਟਾਂ ਦੇ ਸਕ੍ਰੀਨਸ਼ਾਟ ਵੱਡੇ ਪੱਧਰ ‘ਤੇ ਵਾਇਰਲ ਹੋ ਰਹੇ ਹਨ। ਦੋਵੇਂ ਦੇਸ਼ਾਂ ਦੇ ਪ੍ਰਸ਼ੰਸਕਾਂ ਵਿਚਕਾਰ ਵੀ ਇਸ ਮਾਮਲੇ ਨੇ ਨਵਾਂ ਤਣਾਅ ਪੈਦਾ ਕਰ ਦਿੱਤਾ ਹੈ। ਖੇਡ ਦੇ ਮੰਚ ‘ਤੇ ਰਾਜਨੀਤੀ ਦੇ ਦਾਖਲੇ ਨੂੰ ਲੈ ਕੇ ਵੀ ਵੱਡੀ ਚਰਚਾ ਚਲ ਰਹੀ ਹੈ।
ਖੇਡਾਂ ਦੀ ਮਰਿਆਦਾ ਬਚਾਉਣ ਦਾ ਸੰਦੇਸ਼
ਭਾਰਤੀ ਟੀਮ ਦੇ ਇਸ ਫੈਸਲੇ ਨੇ ਨਾ ਸਿਰਫ਼ ਏਸ਼ੀਆ ਕੱਪ ਦੀ ਟਰਾਫੀ ਨੂੰ ਯਾਦਗਾਰ ਬਣਾਇਆ, ਬਲਕਿ ਖੇਡਾਂ ਦੀ ਮਰਿਆਦਾ ਬਾਰੇ ਇੱਕ ਮਜ਼ਬੂਤ ਸੰਦੇਸ਼ ਵੀ ਦਿੱਤਾ ਕਿ ਜਿੱਤ ਸਿਰਫ਼ ਰਨ ਜਾਂ ਵਿਕਟਾਂ ਨਾਲ ਨਹੀਂ, ਸਗੋਂ ਆਪਣੇ ਆਦਰਸ਼ਾਂ ਅਤੇ ਖੇਡਾਂ ਦੀ ਰੂਹ ਨੂੰ ਕਾਇਮ ਰੱਖਣ ਨਾਲ ਵੀ ਮਾਪੀ ਜਾਂਦੀ ਹੈ।