ਚੀਨ ਦੇ ਉੱਤਰ-ਪੱਛਮੀ ਸੂਬੇ ਗਾਂਸੂ ਵਿੱਚ ਸ਼ਨੀਵਾਰ ਸਵੇਰੇ ਆਏ ਸ਼ਕਤੀਸ਼ਾਲੀ ਭੂਚਾਲ ਨੇ ਭਾਰੀ ਤਬਾਹੀ ਮਚਾਈ। ਚੀਨ ਭੂਚਾਲ ਕੇਂਦਰ ਦੇ ਅਨੁਸਾਰ, ਰਿਕਟਰ ਪੈਮਾਨੇ ‘ਤੇ 5.6 ਤੀਬਰਤਾ ਵਾਲਾ ਇਹ ਭੂਚਾਲ ਸਥਾਨਕ ਸਮੇਂ ਅਨੁਸਾਰ ਸਵੇਰੇ 5:49 ਵਜੇ ਲੋਂਗਸ਼ੀ ਕਾਉਂਟੀ ਵਿੱਚ ਦਰਜ ਕੀਤਾ ਗਿਆ। ਭੂਚਾਲ ਦਾ ਕੇਂਦਰ ਧਰਤੀ ਤੋਂ ਕੇਵਲ 10 ਕਿਲੋਮੀਟਰ ਦੀ ਡੂੰਘਾਈ ‘ਤੇ ਹੋਣ ਕਾਰਨ ਇਸਦੇ ਝਟਕੇ ਬਹੁਤ ਤੇਜ਼ ਮਹਿਸੂਸ ਕੀਤੇ ਗਏ।
ਸਰਕਾਰੀ ਖ਼ਬਰ ਏਜੰਸੀ ਸ਼ਿਨਹੂਆ ਮੁਤਾਬਕ, ਹਾਦਸੇ ਵਿੱਚ ਘੱਟੋ-ਘੱਟ 7 ਲੋਕ ਜ਼ਖ਼ਮੀ ਹੋਏ ਹਨ, ਹਾਲਾਂਕਿ ਸਭ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਭੂਚਾਲ ਕਾਰਨ 8 ਮਕਾਨ ਪੂਰੀ ਤਰ੍ਹਾਂ ਢਹਿ ਗਏ, ਜਦਕਿ 100 ਤੋਂ ਵੱਧ ਘਰਾਂ ਨੂੰ ਗੰਭੀਰ ਨੁਕਸਾਨ ਪਹੁੰਚਿਆ ਹੈ। ਸੈਂਕੜੇ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ।
ਸੋਸ਼ਲ ਮੀਡੀਆ ‘ਤੇ ਜਾਰੀ ਕੀਤੀਆਂ ਵੀਡੀਓਜ਼ ਵਿੱਚ ਵੇਖਿਆ ਜਾ ਸਕਦਾ ਹੈ ਕਿ ਬਚਾਅ ਟੀਮਾਂ ਮਲਬਾ ਹਟਾਉਣ ਲਈ ਦਿਨ-ਰਾਤ ਮਿਹਨਤ ਕਰ ਰਹੀਆਂ ਹਨ, ਤਾਂ ਜੋ ਕਿਸੇ ਵੀ ਸੰਭਾਵੀ ਜਾਨੀ ਨੁਕਸਾਨ ਨੂੰ ਰੋਕਿਆ ਜਾ ਸਕੇ। ਪ੍ਰਸ਼ਾਸਨ ਵੱਲੋਂ ਐਮਰਜੈਂਸੀ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ, ਜਿਨ੍ਹਾਂ ਤਹਿਤ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਸਮੱਗਰੀ, ਭੋਜਨ ਤੇ ਦਵਾਈਆਂ ਪਹੁੰਚਾਈਆਂ ਜਾ ਰਹੀਆਂ ਹਨ।
ਸਥਾਨਕ ਲੋਕਾਂ ਨੇ ਦੱਸਿਆ ਕਿ ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਇਮਾਰਤਾਂ ਹਿੱਲਣ ਲੱਗੀਆਂ ਅਤੇ ਲੋਕ ਦਹਿਸ਼ਤ ਵਿੱਚ ਘਰਾਂ ਤੋਂ ਬਾਹਰ ਨਿਕਲ ਪਏ। ਭੂਚਾਲ ਦੇ ਬਾਅਦ ਵੀ ਕਈ ਛੋਟੇ ਝਟਕੇ ਮਹਿਸੂਸ ਕੀਤੇ ਗਏ ਹਨ, ਜਿਸ ਕਰਕੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਵਿਗਿਆਨੀ ਅਜੇ ਵੀ ਇਲਾਕੇ ਦੀ ਮਾਨੀਟਰਿੰਗ ਕਰ ਰਹੇ ਹਨ ਤਾਂ ਜੋ ਹੋਰ ਕਿਸੇ ਸੰਭਾਵੀ ਖ਼ਤਰੇ ਬਾਰੇ ਚੇਤਾਵਨੀ ਦਿੱਤੀ ਜਾ ਸਕੇ।
ਗਾਂਸੂ ਪ੍ਰਸ਼ਾਸਨ ਨੇ ਕਿਹਾ ਹੈ ਕਿ ਸਰਕਾਰ ਪ੍ਰਭਾਵਿਤ ਲੋਕਾਂ ਦੀ ਪੁਨਰਵਾਸਨਾ ਅਤੇ ਆਰਥਿਕ ਸਹਾਇਤਾ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਤਬਾਹ ਹੋਏ ਘਰਾਂ ਦੀ ਮੁੜ ਨਿਰਮਾਣ ਪ੍ਰਕਿਰਿਆ ਜਲਦੀ ਸ਼ੁਰੂ ਕੀਤੀ ਜਾਵੇਗੀ