ਪੰਜਾਬ ਵਿੱਚ ਸਟਾਫ ਨਰਸਾਂ ਵੱਲੋਂ ਤਨਖਾਹਾਂ ਵਿੱਚ ਲੰਮੇ ਸਮੇਂ ਤੋਂ ਚੱਲ ਰਹੇ ਫ਼ਰਕ ਨੂੰ ਖਤਮ ਕਰਨ ਅਤੇ ਪੇ-ਸਕੇਲ 4600 ਗ੍ਰੇਡ ਪੇ ਦੀ ਮੁੱਖ ਮੰਗ ਨੂੰ ਲੈ ਕੇ ਰਾਜ ਭਰ ਵਿੱਚ ਰੋਸ ਪ੍ਰਦਰਸ਼ਨ ਤੀਬਰ ਹੋ ਗਿਆ ਹੈ। ਪਟਿਆਲਾ, ਮੋਹਾਲੀ ਅਤੇ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਸਟਾਫ ਨਰਸਾਂ ਵੱਲੋਂ ਅਣਮਿੱਥੇ ਸਮੇਂ ਲਈ ਧਰਨਾ ਪ੍ਰਦਰਸ਼ਨ ਜਾਰੀ ਹੈ। ਇਹ ਸੰਘਰਸ਼ ਲਗਾਤਾਰ ਤੀਜੇ ਦਿਨ ਵਿੱਚ ਦਾਖਲ ਹੋ ਚੁੱਕਾ ਹੈ ਅਤੇ ਸਰਕਾਰ ‘ਤੇ ਦਬਾਅ ਵਧਦਾ ਜਾ ਰਿਹਾ ਹੈ।
ਪਟਿਆਲਾ ਰਾਜਿੰਦਰਾ ਹਸਪਤਾਲ ਵਿੱਚ ਧਰਨਾ ਤੀਸਰੇ ਦਿਨ ‘ਚ
ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਸਟਾਫ ਨਰਸਾਂ ਦਾ ਧਰਨਾ ਲਗਾਤਾਰ ਤੀਜੇ ਦਿਨ ਵਿੱਚ ਦਾਖਲ ਹੋ ਗਿਆ ਹੈ। ਇੱਥੇ ਨਰਸਿੰਗ ਕਰਮਚਾਰੀ ਅੰਕੁਰ ਹਸਪਤਾਲ ਦੀ ਪਾਰਕਿੰਗ ਦੀ ਛੱਤ ’ਤੇ ਚੜ੍ਹ ਕੇ ਆਪਣਾ ਰੋਸ ਜਤਾ ਰਿਹਾ ਹੈ। ਅੰਕੁਰ ਦੀ ਸਿਹਤ ਲੰਬੇ ਸਮੇਂ ਤੋਂ ਧਰਨਾ ਜਾਰੀ ਰਹਿਣ ਕਾਰਨ ਬਿਗੜਣ ਲੱਗੀ ਹੈ। ਉਹ ਖਾਣਾ ਛੱਡ ਚੁੱਕਾ ਹੈ ਅਤੇ ਸਿਰਫ਼ ਲਿਕਵਿਡ ਡਾਇਟ ’ਤੇ ਰਹਿਣ ਦਾ ਐਲਾਨ ਕਰ ਚੁੱਕਾ ਹੈ। ਅੰਕੁਰ ਨੇ ਇੱਕ ਵੀਡੀਓ ਜਾਰੀ ਕਰਕੇ ਚੇਤਾਵਨੀ ਦਿੱਤੀ ਕਿ ਜੇਕਰ ਦੋ ਦਿਨਾਂ ਵਿੱਚ ਮੰਗਾਂ ‘ਤੇ ਹੱਲ ਨਾ ਨਿਕਲਿਆ ਤਾਂ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ।
ਨਰਸਾਂ ਨੇ ਸਿਹਤ ਮੰਤਰੀ ਉੱਤੇ ਤਿੱਖੇ ਸਵਾਲ ਚੁੱਕਦਿਆਂ ਕਿਹਾ ਕਿ ਭਾਵੇਂ ਇਹ ਉਨ੍ਹਾਂ ਦਾ ਆਪਣਾ ਹਲਕਾ ਹੈ, ਪਰ ਮੰਤਰੀ ਨੇ ਇਕ ਵੀ ਦਿਨ ਧਰਨਾ ਸਥਾਨ ’ਤੇ ਆ ਕੇ ਸਥਿਤੀ ਦਾ ਜਾਇਜ਼ਾ ਨਹੀਂ ਲਿਆ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜਦ ਤੱਕ ਸਰਕਾਰ ਮੰਗਾਂ ਨੂੰ ਮੰਨਦੀ ਨਹੀਂ, ਉਹ ਪਿੱਛੇ ਨਹੀਂ ਹਟਣਗੀਆਂ।
ਮੋਹਾਲੀ ਵਿੱਚ ਵੀ ਸਟਾਫ ਨਰਸਾਂ ਦਾ ਰੋਸ
ਇਸੇ ਤਰ੍ਹਾਂ ਮੋਹਾਲੀ ਦੇ AIMS ਮੈਡੀਕਲ ਕਾਲਜ ਵਿੱਚ ਵੀ ਨਰਸਾਂ ਵੱਲੋਂ ਹਸਪਤਾਲ ਦੇ ਫੇਜ਼-6 ਖੇਤਰ ਵਿੱਚ ਅਣਮਿੱਥੇ ਸਮੇਂ ਲਈ ਧਰਨਾ ਜਾਰੀ ਹੈ। ਨਰਸਾਂ ਨੇ ਪੰਜਾਬ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਤਨਖਾਹਾਂ ਵਿੱਚ ਫ਼ਰਕ ਉਹਨਾਂ ਦੀ ਜ਼ਿੰਦਗੀ ਨਾਲ ਖਿਲਵਾੜ ਹੈ। ਉਹਨਾਂ ਨੇ ਸਾਫ਼ ਕੀਤਾ ਕਿ ਸਰਕਾਰ ਦੇ ਫੈਸਲੇ ਆਉਣ ਤੱਕ ਇਹ ਸੰਘਰਸ਼ ਨਹੀਂ ਰੁਕੇਗਾ।
ਅੰਮ੍ਰਿਤਸਰ ਵਿੱਚ ਵੀ ਹੜਤਾਲ ਜਾਰੀ
ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਵੀ ਸਟਾਫ ਨਰਸਾਂ ਵੱਲੋਂ ਧਰਨਾ ਪ੍ਰਦਰਸ਼ਨ ਜਾਰੀ ਹੈ। ਕਾਲਜ ਦੀ ਡਾਇਰੈਕਟਰ ਪ੍ਰਿੰਸੀਪਲ ਡਾ. ਭਵਨੀਤ ਭਾਰਤੀ, ਮੈਡੀਕਲ ਸੁਪਰਡੈਂਟ ਨਵਦੀਪ ਸਿੰਘ ਸੈਣੀ ਅਤੇ SMO ਮੁਹਾਲੀ ਡਾ. ਹਰਮਿੰਦਰ ਸਿੰਘ ਚੀਮਾ ਵੱਲੋਂ ਨਰਸਾਂ ਨੂੰ ਮਨਾਉਣ ਅਤੇ ਡਿਊਟੀ ‘ਤੇ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਗਈ ਪਰ ਨਰਸਾਂ ਨੇ ਸਾਫ਼ ਕੀਤਾ ਕਿ ਉਹ ਆਪਣੇ ਅਧਿਕਾਰਾਂ ਲਈ ਅਖੀਰ ਤੱਕ ਲੜਾਈ ਲੜਣਗੀਆਂ।
ਲੋਕਾਂ ਨੂੰ ਸਿਹਤ ਸੇਵਾਵਾਂ ‘ਤੇ ਅਸਰ
ਧਰਨਾ ਕਾਰਨ ਹਸਪਤਾਲਾਂ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਕੁਝ ਅਸੁਵਿਧਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ, ਨਰਸਾਂ ਨੇ ਦਾਅਵਾ ਕੀਤਾ ਹੈ ਕਿ DHS ਦੇ ਨਰਸਿੰਗ ਸਟਾਫ ਵੱਲੋਂ ਬੁਨਿਆਦੀ ਸਿਹਤ ਸੇਵਾਵਾਂ ਜਾਰੀ ਹਨ ਤਾਂ ਜੋ ਆਮ ਜਨਤਾ ਨੂੰ ਜ਼ਿਆਦਾ ਪਰੇਸ਼ਾਨੀ ਨਾ ਹੋਵੇ। ਉਹਨਾਂ ਕਿਹਾ ਕਿ ਸਾਲਾਂ ਤੋਂ ਘੱਟ ਤਨਖਾਹ ਤੇ ਵੱਧ ਕੰਮ ਦਾ ਬੋਝ ਸਹਿੰਦੇ ਹੋਏ ਉਹਨਾਂ ਦਾ ਧੀਰਜ ਖਤਮ ਹੋ ਗਿਆ ਹੈ।
ਸਰਕਾਰ ਨਾਲ ਮੀਟਿੰਗ ਅਤੇ ਅਗਲੇ ਕਦਮ
ਯੂਨੀਅਨ ਵੱਲੋਂ ਮਿੰਨੀ ਸਕੱਤਰੇਤ ਵਿੱਚ ਸਿਹਤ ਸਕੱਤਰ ਸ਼੍ਰੀਕੁਮਾਰ ਰਾਹੁਲ ਸਮੇਤ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਹੈ। ਸਰਕਾਰੀ ਅਧਿਕਾਰੀਆਂ ਨੇ ਯਕੀਨ ਦਵਾਇਆ ਹੈ ਕਿ 48 ਘੰਟਿਆਂ ਵਿੱਚ ਨਰਸਾਂ ਦੀਆਂ ਮੰਗਾਂ ਨੂੰ ਲੈ ਕੇ ਫੈਸਲਾ ਲਿਆ ਜਾਵੇਗਾ। ਨਰਸਾਂ ਨੇ ਕਿਹਾ ਕਿ ਜੇਕਰ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਵੀ ਵੱਡੇ ਪੱਧਰ ’ਤੇ ਕੀਤਾ ਜਾਵੇਗਾ।
ਪਟਿਆਲਾ, ਮੋਹਾਲੀ ਅਤੇ ਅੰਮ੍ਰਿਤਸਰ ਸਮੇਤ ਪੂਰੇ ਪੰਜਾਬ ਵਿੱਚ ਨਰਸਾਂ ਦੀ ਇਹ ਹੜਤਾਲ ਸਰਕਾਰ ਲਈ ਵੱਡੀ ਚੁਣੌਤੀ ਬਣੀ ਹੋਈ ਹੈ।