ਨਵੀਂ ਦਿੱਲੀ – ਭਾਰਤ ਦੇ ਟੈਲੀਕਾਮ ਖੇਤਰ ਲਈ ਇਤਿਹਾਸਕ ਦਿਨ ਬਣਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਸਰਕਾਰੀ ਟੈਲੀਕਾਮ ਕੰਪਨੀ ਬੀਐਸਐਨਐਲ ਦੇ ਬਹੁ-ਇੰਤਜ਼ਾਰ ਵਾਲੇ ਸਵਦੇਸ਼ੀ 4G ਨੈੱਟਵਰਕ (5G ਰੈਡੀ) ਦਾ ਰਾਸ਼ਟਰੀ ਪੱਧਰ ‘ਤੇ ਸ਼ੁਭਾਰੰਭ ਕੀਤਾ। ਇਹ ਨੈੱਟਵਰਕ ਦੇਸ਼ ਭਰ ਵਿੱਚ ਇੱਕੋ ਵਾਰ ਵਿੱਚ 97 ਹਜ਼ਾਰ ਤੋਂ ਵੱਧ ਸਾਈਟਾਂ ‘ਤੇ ਸ਼ੁਰੂ ਕੀਤਾ ਗਿਆ ਹੈ, ਜੋ ਆਪਣੇ ਆਪ ਵਿੱਚ ਇੱਕ ਵੱਡਾ ਰਿਕਾਰਡ ਹੈ।
ਭਾਰਤ ਟੈਲੀਕਾਮ ਤਕਨਾਲੋਜੀ ਵਿੱਚ ਦੁਨੀਆ ਦੇ ਚੋਟੀ ਦੇ 5 ਦੇਸ਼ਾਂ ਵਿੱਚ ਸ਼ਾਮਲ
ਸਵਦੇਸ਼ੀ ਤਕਨਾਲੋਜੀ ਨਾਲ ਬਣਿਆ ਇਹ ਨੈੱਟਵਰਕ ਭਾਰਤ ਨੂੰ ਉਹਨਾਂ ਗਿਣਤੀ ਦੇਸ਼ਾਂ ਦੀ ਕਤਾਰ ਵਿੱਚ ਲਿਆਉਂਦਾ ਹੈ ਜੋ ਆਪਣੀ ਟੈਲੀਕਾਮ ਤਕਨਾਲੋਜੀ ਅਤੇ ਉਪਕਰਣ ਖੁਦ ਡਿਜ਼ਾਇਨ ਅਤੇ ਤਿਆਰ ਕਰਦੇ ਹਨ। ਪ੍ਰਧਾਨ ਮੰਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਭਾਰਤ ਡੈਨਮਾਰਕ, ਸਵੀਡਨ, ਦੱਖਣੀ ਕੋਰੀਆ ਅਤੇ ਚੀਨ ਤੋਂ ਬਾਅਦ ਪੰਜਵਾਂ ਦੇਸ਼ ਬਣ ਗਿਆ ਹੈ ਜਿਸ ਨੇ ਆਪਣੀ ਘਰੇਲੂ ਤਕਨਾਲੋਜੀ ‘ਤੇ ਆਧਾਰਿਤ ਮੋਬਾਈਲ ਨੈੱਟਵਰਕ ਵਿਕਸਿਤ ਕੀਤਾ ਹੈ। ਇਹ ਕਦਮ ਦੇਸ਼ ਨੂੰ ਡਿਜ਼ਿਟਲ ਖੇਤਰ ਵਿੱਚ ਆਤਮਨਿਰਭਰ ਬਣਾਉਣ ਵੱਲ ਵੱਡੀ ਛਾਲ ਮੰਨੀ ਜਾ ਰਹੀ ਹੈ।
37 ਹਜ਼ਾਰ ਕਰੋੜ ਦੀ ਲਾਗਤ ਨਾਲ ਬਣੇ ਸੂਰਜੀ ਊਰਜਾ-ਅਧਾਰਿਤ 4G ਟਾਵਰ
ਬੀਐਸਐਨਐਲ ਦੀ ਸਿਲਵਰ ਜੁਬਲੀ ਦੇ ਮੌਕੇ ‘ਤੇ ਲਾਂਚ ਕੀਤੇ ਗਏ ਇਸ ਪ੍ਰੋਜੈਕਟ ਦੇ ਤਹਿਤ 97,500 ਤੋਂ ਵੱਧ ਮੋਬਾਈਲ 4G ਟਾਵਰਾਂ ਨੂੰ ਕਾਰਗਰ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ 92,600 ਸਾਈਟਾਂ ‘ਤੇ ਬੀਐਸਐਨਐਲ ਦੀ ਆਪਣੀ 4G ਤਕਨਾਲੋਜੀ ਵਰਤੀ ਗਈ ਹੈ। ਇਹ ਟਾਵਰ ਲਗਭਗ ₹37,000 ਕਰੋੜ ਦੀ ਵੱਡੀ ਲਾਗਤ ਨਾਲ ਤਿਆਰ ਕੀਤੇ ਗਏ ਹਨ ਅਤੇ ਖ਼ਾਸ ਗੱਲ ਇਹ ਹੈ ਕਿ ਇਹ ਸੂਰਜੀ ਊਰਜਾ ‘ਤੇ ਵੀ ਚੱਲਣ ਸਮਰੱਥ ਹਨ। ਅਧਿਕਾਰੀਆਂ ਮੁਤਾਬਕ ਨਵਾਂ ਨੈੱਟਵਰਕ ਕਲਾਉਡ-ਅਧਾਰਿਤ ਹੈ ਅਤੇ ਇਸਨੂੰ ਭਵਿੱਖ ਵਿੱਚ ਆਸਾਨੀ ਨਾਲ 5G ਸੇਵਾਵਾਂ ਵਿੱਚ ਅੱਪਗ੍ਰੇਡ ਕੀਤਾ ਜਾ ਸਕਦਾ ਹੈ।
ਡਿਜ਼ਿਟਲ ਇੰਡੀਆ ਮੁਹਿੰਮ ਨੂੰ ਮਿਲੀ ਨਵੀਂ ਰਫ਼ਤਾਰ
ਇਸ ਲਾਂਚ ਨਾਲ ਭਾਰਤ ਵਿੱਚ ਮੌਜੂਦ ਸਾਰੇ ਵੱਡੇ ਟੈਲੀਕਾਮ ਆਪਰੇਟਰ ਹੁਣ 4G ਸੇਵਾ ਨਾਲ ਲੈਸ ਹੋ ਚੁੱਕੇ ਹਨ। ਯਾਦ ਰਹੇ ਕਿ ਨਿੱਜੀ ਖੇਤਰ ਦੀਆਂ ਕੰਪਨੀਆਂ ਜਿਵੇਂ ਜੀਓ, ਏਅਰਟੇਲ ਅਤੇ ਵੋਡਾਫੋਨ-ਆਈਡਿਆ ਪਹਿਲਾਂ ਹੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ 4G ਅਤੇ 5G ਨੈੱਟਵਰਕ ਦੀ ਸੇਵਾ ਪ੍ਰਦਾਨ ਕਰ ਰਹੀਆਂ ਹਨ। ਪਰ ਬੀਐਸਐਨਐਲ ਦਾ ਇਹ ਕਦਮ ਨਾ ਸਿਰਫ਼ ਸਰਕਾਰੀ ਟੈਲੀਕਾਮ ਖੇਤਰ ਦੀ ਵਾਪਸੀ ਦਾ ਸੰਕੇਤ ਹੈ, ਬਲਕਿ “ਮੇਕ ਇਨ ਇੰਡੀਆ” ਮੁਹਿੰਮ ਨੂੰ ਵੀ ਮਜ਼ਬੂਤੀ ਦੇਵੇਗਾ।
ਪ੍ਰਧਾਨ ਮੰਤਰੀ ਨੇ ਇਸ ਮੌਕੇ ਤੇ ਡਿਜ਼ਿਟਲ ਇੰਡੀਆ ਫੰਡ ਦੇ ਤਹਿਤ ਦੇਸ਼ ਦੇ 100% 4G ਸੰਤ੍ਰਿਪਤਾ ਨੈੱਟਵਰਕ ਦੀ ਸ਼ੁਰੂਆਤ ਦਾ ਐਲਾਨ ਵੀ ਕੀਤਾ। ਇਸ ਪ੍ਰੋਜੈਕਟ ਰਾਹੀਂ 29 ਹਜ਼ਾਰ ਤੋਂ 30 ਹਜ਼ਾਰ ਪਿੰਡਾਂ ਨੂੰ ਮਿਸ਼ਨ-ਮੋਡ ਰਾਹੀਂ ਉੱਚ ਗਤੀ ਵਾਲੀ ਇੰਟਰਨੈੱਟ ਸੇਵਾ ਨਾਲ ਜੋੜਿਆ ਗਿਆ ਹੈ, ਜਿਸ ਨਾਲ ਪਿੰਡਾਂ ਅਤੇ ਸ਼ਹਿਰਾਂ ਵਿਚਾਲੇ ਡਿਜ਼ਿਟਲ ਖੱਡ ਨੂੰ ਘਟਾਉਣ ਵਿੱਚ ਮਦਦ ਮਿਲੇਗੀ।
ਗ੍ਰਾਹਕਾਂ ਲਈ ਕੀ ਹੋਣਗੇ ਫ਼ਾਇਦੇ
ਨਵੇਂ 4G ਨੈੱਟਵਰਕ ਨਾਲ ਨਾ ਕੇਵਲ ਕਾਲਿੰਗ ਅਤੇ ਇੰਟਰਨੈੱਟ ਦੀ ਗਤੀ ਵਿੱਚ ਸੁਧਾਰ ਆਏਗਾ, ਬਲਕਿ ਬੀਐਸਐਨਐਲ ਦੇ ਮੌਜੂਦਾ ਗਾਹਕਾਂ ਨੂੰ ਵੀ ਵਧੀਆ ਕੁਨੈਕਟੀਵਿਟੀ ਦਾ ਲਾਭ ਮਿਲੇਗਾ। ਪਿੰਡਾਂ ਵਿੱਚ ਰਹਿੰਦੇ ਲੋਕ, ਜਿੱਥੇ ਪ੍ਰਾਈਵੇਟ ਆਪਰੇਟਰਾਂ ਦੀ ਪਹੁੰਚ ਸੀਮਿਤ ਹੈ, ਉਥੇ ਬੀਐਸਐਨਐਲ ਦਾ ਇਹ 4G ਨੈੱਟਵਰਕ ਡਿਜ਼ਿਟਲ ਕ੍ਰਾਂਤੀ ਲਿਆਉਣ ਦੀ ਉਮੀਦ ਹੈ।
ਆਤਮਨਿਰਭਰ ਭਾਰਤ ਵੱਲ ਵੱਡਾ ਕਦਮ
ਸਰਕਾਰ ਦਾ ਮੰਨਣਾ ਹੈ ਕਿ ਸਵਦੇਸ਼ੀ ਟੈਲੀਕਾਮ ਤਕਨਾਲੋਜੀ ਦੇ ਵਿਕਾਸ ਨਾਲ ਭਾਰਤ ਨਾ ਕੇਵਲ ਆਪਣੇ ਉਪਕਰਣਾਂ ਤੇ ਨੈੱਟਵਰਕ ਦੇ ਖਰਚੇ ਘਟਾ ਸਕੇਗਾ, ਸਗੋਂ ਅੰਤਰਰਾਸ਼ਟਰੀ ਪੱਧਰ ‘ਤੇ ਟੈਲੀਕਾਮ ਨਿਰਯਾਤ ਵਿੱਚ ਵੀ ਆਪਣਾ ਯੋਗਦਾਨ ਵਧਾ ਸਕੇਗਾ। ਵਿਸ਼ਲੇਸ਼ਕ ਮੰਨ ਰਹੇ ਹਨ ਕਿ ਇਸ ਪ੍ਰੋਜੈਕਟ ਦੇ ਨਾਲ ਬੀਐਸਐਨਐਲ ਦੁਬਾਰਾ ਬਾਜ਼ਾਰ ਵਿੱਚ ਆਪਣੀ ਪੱਕੀ ਪਛਾਣ ਬਣਾਉਣ ਵੱਲ ਵਧ ਸਕਦਾ ਹੈ।