ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਨੇ ਅਮਰੀਕਾ ਦੀ ਕ੍ਰਿਕਟ ਸੰਸਥਾ ਯੂਐਸਏ ਕ੍ਰਿਕਟ ਖ਼ਿਲਾਫ਼ ਵੱਡਾ ਫੈਸਲਾ ਲੈਂਦੇ ਹੋਏ ਇਸਦੀ ਮੈਂਬਰਸ਼ਿਪ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਆਈਸੀਸੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਫੈਸਲਾ ਲੰਬੇ ਸਮੇਂ ਤੋਂ ਚੱਲ ਰਹੀਆਂ ਗੰਭੀਰ ਪ੍ਰਬੰਧਕੀ ਗੜਬੜਾਂ, ਵਾਰ-ਵਾਰ ਹੋਈਆਂ ਉਲੰਘਣਾਵਾਂ ਅਤੇ ਪਿਛਲੇ ਸਾਲ ਦੇ ਮਾਮਲਿਆਂ ਦੀ ਪੂਰੀ ਸਮੀਖਿਆ ਕਰਨ ਤੋਂ ਬਾਅਦ ਲਿਆ ਗਿਆ। ਆਈਸੀਸੀ ਨੇ ਸਪਸ਼ਟ ਕੀਤਾ ਕਿ ਯੂਐਸਏ ਕ੍ਰਿਕਟ ਨੇ ਮੈਂਬਰ ਦੇ ਤੌਰ ’ਤੇ ਆਪਣੀਆਂ ਸੰਵਿਧਾਨਕ ਜ਼ਿੰਮੇਵਾਰੀਆਂ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਹੈ।
ਆਈਸੀਸੀ ਦੇ ਅਧਿਕਾਰਿਕ ਬਿਆਨ ਅਨੁਸਾਰ, ਯੂਐਸਏ ਕ੍ਰਿਕਟ ਨੇ ਆਪਣੀ ਸੰਗਠਨਾਤਮਕ ਢਾਂਚੇਬੰਦੀ ਨੂੰ ਮਜ਼ਬੂਤ ਕਰਨ ਅਤੇ ਇੱਕ ਕਾਰਜਸ਼ੀਲ ਸ਼ਾਸਨ ਪ੍ਰਣਾਲੀ ਲਾਗੂ ਕਰਨ ਵਿੱਚ ਨਾਕਾਮੀ ਦਰਸਾਈ ਹੈ। ਇਸਦੇ ਨਾਲ-ਨਾਲ, ਸੰਯੁਕਤ ਰਾਜ ਓਲੰਪਿਕ ਅਤੇ ਪੈਰਾਲੰਪਿਕ ਕਮੇਟੀ (USOPC) ਵੱਲੋਂ ਰਾਸ਼ਟਰੀ ਸ਼ਾਸਨ ਸੰਸਥਾ ਦਾ ਦਰਜਾ ਪ੍ਰਾਪਤ ਕਰਨ ਲਈ ਲੋੜੀਂਦੀ ਪ੍ਰਗਤੀ ਵੀ ਨਹੀਂ ਕੀਤੀ ਗਈ। ਆਈਸੀਸੀ ਨੇ ਦੋਸ਼ ਲਗਾਇਆ ਕਿ ਇਨ੍ਹਾਂ ਖਾਮੀਆਂ ਕਾਰਨ ਨਾ ਸਿਰਫ਼ ਅਮਰੀਕਾ ਵਿੱਚ, ਸਗੋਂ ਵਿਸ਼ਵ ਪੱਧਰ ’ਤੇ ਵੀ ਕ੍ਰਿਕਟ ਦੀ ਸਾਖ ਨੂੰ ਵੱਡਾ ਨੁਕਸਾਨ ਹੋਇਆ ਹੈ।
ਇਹ ਫੈਸਲਾ ਉਸ ਵੇਲੇ ਸਾਹਮਣੇ ਆਇਆ ਹੈ ਜਦੋਂ 2028 ਵਿੱਚ ਲਾਸ ਏਂਜਲਸ ਓਲੰਪਿਕ ਰਾਹੀਂ ਕ੍ਰਿਕਟ ਇੱਕ ਵਾਰ ਫਿਰ ਓਲੰਪਿਕ ਕੈਲੰਡਰ ਵਿੱਚ ਵਾਪਸੀ ਕਰਨ ਜਾ ਰਿਹਾ ਹੈ। ਹਾਲਾਂਕਿ, ਆਈਸੀਸੀ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਮੈਂਬਰਸ਼ਿਪ ਮੁਅੱਤਲ ਹੋਣ ਦੇ ਬਾਵਜੂਦ, ਅਮਰੀਕਾ ਦੀ ਰਾਸ਼ਟਰੀ ਪੁਰਸ਼ ਅਤੇ ਮਹਿਲਾ ਟੀਮਾਂ ਆਈਸੀਸੀ ਦੇ ਮੁਕਾਬਲਿਆਂ ਵਿੱਚ ਹਿੱਸਾ ਲੈ ਸਕਣਗੀਆਂ ਅਤੇ ਓਲੰਪਿਕ ਲਈ ਆਪਣੀ ਤਿਆਰੀ ਜਾਰੀ ਰੱਖ ਸਕਣਗੀਆਂ। ਇਹ ਕਦਮ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਹੈ ਕਿ ਖਿਡਾਰੀ ਪ੍ਰਬੰਧਕੀ ਵਿਵਾਦਾਂ ਦਾ ਸ਼ਿਕਾਰ ਨਾ ਬਣਨ।
ਆਈਸੀਸੀ ਬੋਰਡ ਨੇ ਆਪਣੀ ਮੀਟਿੰਗ ਦੌਰਾਨ ਇਹ ਫੈਸਲਾ ਲੈਂਦੇ ਹੋਏ ਕਿਹਾ ਕਿ ਪਿਛਲੇ ਸਾਲ ਦੇ ਰਿਕਾਰਡਾਂ, ਵਿੱਤੀ ਹਾਲਾਤਾਂ ਅਤੇ ਮੁੱਖ ਹਿੱਸੇਦਾਰਾਂ ਨਾਲ ਹੋਈਆਂ ਚਰਚਾਵਾਂ ਤੋਂ ਬਾਅਦ ਇਹ ਸਾਬਤ ਹੋਇਆ ਕਿ ਯੂਐਸਏ ਕ੍ਰਿਕਟ ਵਾਰ-ਵਾਰ ਆਈਸੀਸੀ ਸੰਵਿਧਾਨ ਦੀ ਉਲੰਘਣਾ ਕਰਦਾ ਰਿਹਾ ਹੈ। ਖ਼ਾਸ ਤੌਰ ’ਤੇ, ਕਾਰਜਸ਼ੀਲ ਗਵਰਨਿੰਗ ਬਾਡੀ ਦਾ ਨਾ ਬਣਨਾ, ਆਰਥਿਕ ਪ੍ਰਬੰਧ ਵਿੱਚ ਗੜਬੜ, ਅਤੇ ਖੇਡ ਦੇ ਵਿਕਾਸ ਲਈ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦੀ ਅਣਦੇਖੀ ਮੁੱਖ ਕਾਰਨ ਵਜੋਂ ਗਿਣਾਏ ਗਏ ਹਨ।
ਗ਼ੋਰ ਤਲਬ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਯੂਐਸਏ ਕ੍ਰਿਕਟ ਪ੍ਰਬੰਧਨ ਸੰਬੰਧੀ ਸਮੱਸਿਆਵਾਂ ਕਾਰਨ ਖ਼ਬਰਾਂ ਵਿੱਚ ਹੈ। ਇਸ ਤੋਂ ਪਹਿਲਾਂ ਵੀ ਅਮਰੀਕੀ ਕ੍ਰਿਕਟ ਵਿੱਚ ਵਿੱਤੀ ਅਨਿਯਮਿਤਤਾਵਾਂ ਅਤੇ ਪ੍ਰਸ਼ਾਸਨਿਕ ਟਕਰਾਵ ਦੇ ਦੋਸ਼ ਲਗਦੇ ਰਹੇ ਹਨ। ਆਈਸੀਸੀ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਨਿਰਧਾਰਤ ਸਮੇਂ ਵਿੱਚ ਸੁਧਾਰ ਨਹੀਂ ਕੀਤੇ ਗਏ ਤਾਂ ਅਗਲੇ ਕਦਮ ਹੋਰ ਸਖ਼ਤ ਹੋ ਸਕਦੇ ਹਨ, ਜਿਸ ਵਿੱਚ ਪੂਰੀ ਤਰ੍ਹਾਂ ਮੈਂਬਰਸ਼ਿਪ ਖ਼ਤਮ ਕਰਨ ਦੀ ਸੰਭਾਵਨਾ ਵੀ ਸ਼ਾਮਲ ਹੈ।
ਇਸ ਮੁਅੱਤਲੀ ਨਾਲ ਅਮਰੀਕਾ ਵਿੱਚ ਕ੍ਰਿਕਟ ਦੇ ਭਵਿੱਖ ’ਤੇ ਸਵਾਲ ਖੜ੍ਹੇ ਹੋ ਗਏ ਹਨ। ਹਾਲਾਂਕਿ ਖਿਡਾਰੀਆਂ ਨੂੰ ਅਜੇ ਤੱਕ ਕੋਈ ਸਿੱਧਾ ਝਟਕਾ ਨਹੀਂ ਲੱਗਿਆ, ਪਰ ਜੇ ਪ੍ਰਬੰਧਕੀ ਅਸਮੰਜਸਾ ਲੰਬੇ ਸਮੇਂ ਤੱਕ ਚਲਦਾ ਰਿਹਾ ਤਾਂ ਦੇਸ਼ ਵਿੱਚ ਖੇਡ ਦੇ ਵਿਕਾਸ ’ਤੇ ਗੰਭੀਰ ਪ੍ਰਭਾਵ ਪੈ ਸਕਦਾ ਹੈ। ਆਈਸੀਸੀ ਨੇ ਇਹ ਵੀ ਸਾਫ਼ ਕਰ ਦਿੱਤਾ ਹੈ ਕਿ ਮੁਅੱਤਲੀ ਹਟਾਉਣ ਲਈ ਯੂਐਸਏ ਕ੍ਰਿਕਟ ਨੂੰ ਆਪਣੇ ਸੰਗਠਨਾਤਮਕ ਢਾਂਚੇ ਵਿੱਚ ਪਾਰਦਰਸ਼ਤਾ, ਵਿੱਤੀ ਜ਼ਿੰਮੇਵਾਰੀ ਅਤੇ ਸੰਵਿਧਾਨਕ ਪ੍ਰਕਿਰਿਆਵਾਂ ਨੂੰ ਤੁਰੰਤ ਲਾਗੂ ਕਰਨਾ ਪਵੇਗਾ।
ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕਾਂ ਦੀ ਨਜ਼ਰ ਹੁਣ ਇਸ ਗੱਲ ’ਤੇ ਟਿਕੀ ਹੈ ਕਿ ਯੂਐਸਏ ਕ੍ਰਿਕਟ ਕਿਵੇਂ ਤੇਜ਼ੀ ਨਾਲ ਸੁਧਾਰ ਕਰਕੇ ਆਪਣੀ ਮੈਂਬਰਸ਼ਿਪ ਦੁਬਾਰਾ ਹਾਸਲ ਕਰਨ ਦੀ ਕੋਸ਼ਿਸ਼ ਕਰਦਾ ਹੈ। 2028 ਓਲੰਪਿਕ ਦੀਆਂ ਤਿਆਰੀਆਂ ਦੇ ਮੱਦੇਨਜ਼ਰ, ਇਹ ਅਮਰੀਕੀ ਕ੍ਰਿਕਟ ਲਈ ਇੱਕ ਵੱਡੀ ਚੁਣੌਤੀ ਭਰੀ ਘੜੀ ਹੈ।