ਨਵੀਂ ਦਿੱਲੀ। ਦੇਸ਼ ਭਰ ਵਿੱਚ ਲੱਖਾਂ ਤਨਖਾਹਦਾਰ ਕਰਮਚਾਰੀਆਂ ਲਈ ਭਵਿੱਖ ਨਿਧੀ (PF) ਇੱਕ ਮਹੱਤਵਪੂਰਨ ਸੁਰੱਖਿਆ ਕਵਚ ਹੈ। ਕਰਮਚਾਰੀ ਭਵਿੱਖ ਨਿਧੀ ਸੰਸਥਾ (EPFO) ਆਪਣੇ ਮੈਂਬਰਾਂ ਨੂੰ ਵਧੀਆ ਸੇਵਾਵਾਂ ਦੇਣ ਲਈ ਲਗਾਤਾਰ ਨਵੇਂ ਕਦਮ ਚੁੱਕ ਰਹੀ ਹੈ। ਹੁਣ EPFO ਨੇ ਇੱਕ ਐਸਾ ਵੱਡਾ ਫੈਸਲਾ ਕੀਤਾ ਹੈ ਜਿਸ ਨਾਲ ਕਰੋੜਾਂ PF ਖਾਤਾ ਧਾਰਕਾਂ ਨੂੰ ਸਿੱਧਾ ਫਾਇਦਾ ਮਿਲੇਗਾ। ਕੇਂਦਰੀ ਭਵਿੱਖ ਨਿਧੀ ਕਮਿਸ਼ਨਰ (CPFC) ਵੱਲੋਂ ਜਾਰੀ ਨਵੀਂ ਹਦਾਇਤਾਂ ਅਨੁਸਾਰ, ਕਈ ਮਾਮਲਿਆਂ ਵਿੱਚ ਲਾਭਪਾਤਰੀਆਂ ਦੇ ਕਲੇਮ ਹੁਣ ਰੱਦ ਨਹੀਂ ਕੀਤੇ ਜਾਣਗੇ, ਸਗੋਂ ਅੰਸ਼ਕ ਭੁਗਤਾਨ (Part Payment) ਦੇ ਰੂਪ ਵਿੱਚ ਸਵੀਕਾਰ ਕੀਤੇ ਜਾਣਗੇ।
ਅਕਸਰ PF ਕਲੇਮ ਕਿਉਂ ਹੋ ਰਹੇ ਸਨ ਰੱਦ?
EPFO ਵੱਲੋਂ ਸਾਰੇ ਖੇਤਰੀ ਅਤੇ ਜ਼ੋਨਲ ਦਫਤਰਾਂ ਨੂੰ ਭੇਜੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਕਈ ਵਾਰ PF ਮੈਂਬਰਾਂ ਦੇ ਕਲੇਮ ਛੋਟੀਆਂ-ਛੋਟੀਆਂ ਤਕਨੀਕੀ ਗਲਤੀਆਂ ਕਾਰਨ ਰੱਦ ਕਰ ਦਿੱਤੇ ਜਾਂਦੇ ਸਨ। ਉਦਾਹਰਣ ਲਈ—
- ਪਿਛਲੇ PF ਖਾਤੇ ਤੋਂ ਨਵੀਂ ਨੌਕਰੀ ਵਾਲੇ ਖਾਤੇ ਵਿੱਚ ਫੰਡ ਟ੍ਰਾਂਸਫਰ ਨਾ ਹੋਣਾ
- ਫਾਰਮ 3A ਦੀ ਪ੍ਰਾਪਤੀ ਨਾ ਹੋਣਾ
- ਪਿਛਲੇ ਨਿਯੋਗਤਾ ਵੱਲੋਂ ਪੂਰਾ ਭੁਗਤਾਨ ਨਾ ਕੀਤਾ ਜਾਣਾ
- ਪੁਰਾਣੇ ਖਾਤੇ ਦੀ ਪੂਰੀ ਰਕਮ EPFO ਖਾਤੇ ਵਿੱਚ ਨਾ ਮਿਲਣਾ ਆਦਿ।
ਇਹ ਕਾਰਣ ਮੈਂਬਰਾਂ ਲਈ ਵਿੱਤੀ ਤੰਗੀ ਦਾ ਕਾਰਨ ਬਣਦੇ ਸਨ, ਕਿਉਂਕਿ ਕਲੇਮ ਰੱਦ ਹੋਣ ਨਾਲ ਉਨ੍ਹਾਂ ਨੂੰ ਆਪਣੀ ਹੀ ਜਮ੍ਹਾਂ ਰਕਮ ਪ੍ਰਾਪਤ ਕਰਨ ਲਈ ਲੰਬਾ ਇੰਤਜ਼ਾਰ ਕਰਨਾ ਪੈਂਦਾ ਸੀ।
ਨਵੀਂ ਗਾਈਡਲਾਈਨ ਨਾਲ ਕੀ ਬਦਲਾਵ?
ਹੁਣ EPFO ਨੇ ਲੇਖਾ ਪ੍ਰਕਿਰਿਆ ਮੈਨੂਅਲ ਦੇ ਪੈਰਾ 10.11 ਦੀ ਧਾਰਾ 11A ਅਨੁਸਾਰ ਇਹ ਨਿਰਦੇਸ਼ ਦਿੱਤਾ ਹੈ ਕਿ ਜਿੱਥੇ ਪੂਰਾ ਭੁਗਤਾਨ ਨਹੀਂ ਹੋ ਸਕਦਾ, ਉਥੇ ਕਲੇਮ ਨੂੰ ਅੰਸ਼ਕ-ਭੁਗਤਾਨ ਵਜੋਂ ਮੰਨਿਆ ਜਾਵੇ। ਇਸਦਾ ਅਰਥ ਇਹ ਹੈ ਕਿ ਮੈਂਬਰਾਂ ਨੂੰ ਉਨ੍ਹਾਂ ਦੀ ਉਪਲਬਧ ਰਕਮ ਦਾ ਭੁਗਤਾਨ ਤੁਰੰਤ ਕਰ ਦਿੱਤਾ ਜਾਵੇਗਾ ਅਤੇ ਬਾਕੀ ਬਚਤ ਰਕਮ ਜਦੋਂ ਪ੍ਰਾਪਤ ਹੋਵੇਗੀ ਤਾਂ ਉਸਦਾ ਭੁਗਤਾਨ ਵੱਖਰੇ ਤੌਰ ’ਤੇ ਕੀਤਾ ਜਾਵੇਗਾ।
ਮਹੀਨਾਵਾਰ ਐਂਟਰੀ ਤੇ ਨਿਗਰਾਨੀ ਲਾਜ਼ਮੀ
CPFC ਨੇ ਸਾਰੇ EPFO ਦਫਤਰਾਂ ਨੂੰ ਸਪਸ਼ਟ ਹਦਾਇਤ ਦਿੱਤੀ ਹੈ ਕਿ ਅੰਸ਼ਕ ਭੁਗਤਾਨ ਦੀ ਹਰ ਮਹੀਨੇ ਜਾਂਚ ਕੀਤੀ ਜਾਵੇ। ਜਿਵੇਂ ਹੀ ਪਿਛਲੀ ਬਕਾਇਆ ਰਕਮ ਮਿਲਦੀ ਹੈ, ਉਸਨੂੰ ਤੁਰੰਤ ਲਾਭਪਾਤਰੀ ਦੇ ਖਾਤੇ ਵਿੱਚ ਟਰਾਂਸਫਰ ਕੀਤਾ ਜਾਵੇ, ਤਾਂ ਜੋ ਮੈਂਬਰਾਂ ਨੂੰ ਦੁਬਾਰਾ ਕਲੇਮ ਕਰਨ ਦੀ ਲੋੜ ਨਾ ਪਵੇ।
EPF ਅਤੇ EPS ਸਕੀਮਾਂ ਦੀ ਮਹੱਤਤਾ
ਗੌਰਤਲਬ ਹੈ ਕਿ EPF ਸਕੀਮ ਅਧੀਨ ਇੱਕ ਤਨਖਾਹਦਾਰ ਕਰਮਚਾਰੀ ਦੀ ਤਨਖਾਹ ਦਾ ਇੱਕ ਹਿੱਸਾ ਹਰ ਮਹੀਨੇ PF ਖਾਤੇ ਵਿੱਚ ਜਮ੍ਹਾਂ ਹੁੰਦਾ ਹੈ। ਨਿਯੋਗਤਾ ਵੀ ਇਸ ਵਿੱਚ ਬਰਾਬਰ ਦੀ ਰਕਮ ਜੋੜਦਾ ਹੈ। PF ਵਿੱਚ ਜਮ੍ਹਾਂ ਫੰਡ ਦਾ ਕੁਝ ਹਿੱਸਾ EPS (Employees Pension Scheme) ਵਿੱਚ ਵੀ ਜਾਂਦਾ ਹੈ, ਜਿਸਦੇ ਤਹਿਤ ਮੈਂਬਰ ਨੂੰ ਰਿਟਾਇਰਮੈਂਟ ਤੋਂ ਬਾਅਦ ਪੈਨਸ਼ਨ ਮਿਲਦੀ ਹੈ। 60 ਸਾਲ ਦੀ ਉਮਰ ਪੂਰੀ ਹੋਣ ’ਤੇ PF ਮੈਂਬਰ ਆਪਣੀ ਜਮ੍ਹਾਂ ਰਕਮ ਦਾ ਇੱਕਮੁਸ਼ਤ ਭੁਗਤਾਨ ਵੀ ਲੈ ਸਕਦੇ ਹਨ।
ਲਾਭਪਾਤਰੀਆਂ ਲਈ ਸਿੱਧਾ ਫਾਇਦਾ
ਨਵੀਂ ਹਦਾਇਤਾਂ ਨਾਲ ਉਹ ਲਾਭਪਾਤਰੀ, ਜਿਨ੍ਹਾਂ ਨੂੰ ਪਹਿਲਾਂ ਕਲੇਮ ਰੱਦ ਹੋਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਹੁਣ ਸੁਚੱਜੇ ਤਰੀਕੇ ਨਾਲ ਆਪਣੀ ਉਪਲਬਧ ਰਕਮ ਪ੍ਰਾਪਤ ਕਰ ਸਕਣਗੇ। ਇਸ ਨਾਲ ਵਿੱਤੀ ਸੰਕਟ ਦੇ ਸਮੇਂ ਤੁਰੰਤ ਰਾਹਤ ਮਿਲੇਗੀ ਅਤੇ EPFO ਦੀ ਸੇਵਾ ਹੋਰ ਪਾਰਦਰਸ਼ੀ ਬਣੇਗੀ।
ਇਹ ਕਦਮ ਸਰਕਾਰ ਵੱਲੋਂ PF ਮੈਂਬਰਾਂ ਲਈ ਇੱਕ ਵੱਡੀ ਸੁਵਿਧਾ ਵਜੋਂ ਦੇਖਿਆ ਜਾ ਰਿਹਾ ਹੈ, ਜੋ ਨਾ ਸਿਰਫ਼ ਕਰਮਚਾਰੀਆਂ ਦੀਆਂ ਸਮੱਸਿਆਵਾਂ ਘਟਾਏਗਾ, ਸਗੋਂ EPFO ਦੇ ਕੰਮਕਾਜ ਨੂੰ ਵੀ ਹੋਰ ਆਸਾਨ ਅਤੇ ਤੇਜ਼ ਬਣਾਵੇਗਾ।