ਬਠਿੰਡਾ : ਜ਼ਿਲ੍ਹਾ ਬਠਿੰਡਾ ਦੇ ਪਿੰਡ ਰਾਏਕੇ ਕਲਾਂ ’ਚ ਮੇਲੇ ਦੌਰਾਨ ਹੰਗਾਮੇ ਅਤੇ ਹਿੰਸਕ ਘਟਨਾ ਨੇ ਸਾਰੇ ਇਲਾਕੇ ਨੂੰ ਸਨਸਨੀਖੇਜ਼ ਕਰ ਦਿੱਤਾ। ਮੇਲੇ ਵਿਚਾਲੇ ਨੌਜਵਾਨਾਂ ਦੇ ਦੋ ਧਿਰਾਂ ਵਿਚਾਲੇ ਹੋਈ ਝੜਪ ਨੂੰ ਕਾਬੂ ਕਰਨ ਲਈ ਜਦੋਂ ਪੁਲਿਸ ਪਹੁੰਚੀ ਤਾਂ ਮਾਮਲਾ ਹੋਰ ਗੰਭੀਰ ਹੋ ਗਿਆ। ਇਸ ਦੌਰਾਨ ਭੀੜ ਵੱਲੋਂ ਪੁਲਿਸ ਪਾਰਟੀ ’ਤੇ ਹੀ ਹਮਲਾ ਕਰ ਦਿੱਤਾ ਗਿਆ ਜਿਸ ਵਿਚ ਥਾਣਾ ਨੰਦਗੜ੍ਹ ਦੇ ਐਸਐਚਓ ਰਵਿੰਦਰ ਸਿੰਘ ਅਤੇ ਦੋ ਹੋਰ ਪੁਲਿਸ ਮੁਲਾਜ਼ਮ ਗੰਭੀਰ ਤੌਰ ’ਤੇ ਜ਼ਖਮੀ ਹੋ ਗਏ। ਸਭ ਜ਼ਖਮੀਆਂ ਨੂੰ ਤੁਰੰਤ ਬਠਿੰਡਾ ਦੇ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।
ਪਿੰਡ ਰਾਏਕੇ ਕਲਾਂ ਵਿੱਚ ਲੱਗੇ ਮੇਲੇ ਦੌਰਾਨ ਬਾਹਰੀ ਨੌਜਵਾਨਾਂ ਅਤੇ ਪਿੰਡ ਦੇ ਸਥਾਨਕ ਨੌਜਵਾਨਾਂ ਵਿਚਾਲੇ ਪਹਿਲਾਂ ਹਲਕਾ-ਫੁਲਕਾ ਵਾਦ-ਵਿਵਾਦ ਹੋਇਆ ਜੋ ਵੇਲੇ ਦੇ ਨਾਲ ਹਿੰਸਕ ਰੂਪ ਧਾਰ ਗਿਆ। ਝੜਪ ਦੇ ਚਲਦੇ ਇੱਕ ਵਿਅਕਤੀ ਪਿੰਡ ਦੇ ਇੱਕ ਨੰਬਰਦਾਰ ਦੇ ਘਰ ਵਿੱਚ ਛੁਪ ਗਿਆ। ਉਸ ਵਿਅਕਤੀ ਨੂੰ ਕਾਬੂ ਕਰਨ ਲਈ ਕੁਝ ਹਮਲਾਵਰ ਵੀ ਉਸ ਘਰ ਵਿੱਚ ਦਾਖਲ ਹੋਣ ਲੱਗੇ। ਤਣਾਓਪੂਰਨ ਹਾਲਾਤਾਂ ਨੂੰ ਵੇਖਦਿਆਂ ਘਰ ਦੇ ਲੋਕਾਂ ਨੇ ਤੁਰੰਤ ਪੁਲਿਸ ਨੂੰ ਫੋਨ ਕਰਕੇ ਸੂਚਿਤ ਕੀਤਾ।
ਸੂਚਨਾ ਮਿਲਦੇ ਹੀ ਨੰਦਗੜ੍ਹ ਥਾਣੇ ਦੇ ਐਸਐਚਓ ਰਵਿੰਦਰ ਸਿੰਘ ਆਪਣੀ ਟੀਮ ਸਮੇਤ ਮੌਕੇ ’ਤੇ ਪਹੁੰਚੇ। ਭੀੜ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਲਗਭਗ 10 ਤੋਂ 12 ਹਵਾਈ ਫਾਇਰ ਵੀ ਕੀਤੇ ਗਏ। ਇਸ ਦੇ ਬਾਵਜੂਦ ਸਥਿਤੀ ਸ਼ਾਂਤ ਨਹੀਂ ਹੋਈ ਤੇ ਭੀੜ ਵੱਲੋਂ ਉਲਟ ਪੁਲਿਸ ਟੀਮ ’ਤੇ ਹੀ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਵਿੱਚ ਐਸਐਚਓ ਰਵਿੰਦਰ ਸਿੰਘ ਸਮੇਤ ਦੋ ਹੋਰ ਪੁਲਿਸ ਮੁਲਾਜ਼ਮ ਗੰਭੀਰ ਜ਼ਖਮੀ ਹੋਏ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀ ਐਸਐਚਓ ਦੇ ਬਿਆਨ ਦੇ ਆਧਾਰ ’ਤੇ ਹਮਲਾਵਰਾਂ ਖ਼ਿਲਾਫ਼ ਇਰਾਦਾ ਕਤਲ ਸਮੇਤ ਕਈ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਸੀਆਈਏ ਸਟਾਫ਼ ਅਤੇ ਸਬ ਡਿਵੀਜ਼ਨ ਦੀ ਪੁਲਿਸ ਟੀਮਾਂ ਵੱਲੋਂ ਲਗਾਤਾਰ ਛਾਪੇ ਮਾਰੇ ਜਾ ਰਹੇ ਹਨ। ਪੁਲਿਸ ਨੇ ਹੁਣ ਤੱਕ ਤਿੰਨ ਆਰੋਪੀਆਂ ਨੂੰ ਕਾਬੂ ਕਰ ਲਿਆ ਹੈ ਜਦੋਂਕਿ ਬਾਕੀ ਨੂੰ ਫੜਨ ਲਈ ਜ਼ੋਰਦਾਰ ਕੋਸ਼ਿਸ਼ਾਂ ਜਾਰੀ ਹਨ।
ਇਸ ਘਟਨਾ ਨੇ ਇਲਾਕੇ ਵਿੱਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਮੇਲੇ ਵਰਗੇ ਸੱਭਿਆਚਾਰਕ ਸਮਾਰੋਹਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਮਨਾਇਆ ਜਾਣਾ ਚਾਹੀਦਾ ਹੈ, ਪਰ ਅਫ਼ਸੋਸ ਦੀ ਗੱਲ ਹੈ ਕਿ ਕੁਝ ਅਣਚਾਹੇ ਤੱਤਾਂ ਕਾਰਨ ਹਾਲਾਤ ਬੇਕਾਬੂ ਹੋ ਗਏ। ਪੁਲਿਸ ਨੇ ਵੀ ਭਰੋਸਾ ਦਵਾਇਆ ਹੈ ਕਿ ਕਾਨੂੰਨ-ਵਿਵਸਥਾ ਨੂੰ ਚੁਣੌਤੀ ਦੇਣ ਵਾਲਿਆਂ ਨੂੰ ਕਤਈ ਬਖ਼ਸ਼ਿਆ ਨਹੀਂ ਜਾਵੇਗਾ।