ਚਮੋਲੀ (ਉਤਰਾਖੰਡ): ਪਹਾੜੀ ਰਾਜ ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਨੰਦਾਨਗਰ ਖੇਤਰ ਵਿੱਚ ਬੁੱਧਵਾਰ ਦੇਰ ਰਾਤ ਆਏ ਬੱਦਲ ਫਟਣ ਨੇ ਭਾਰੀ ਤਬਾਹੀ ਮਚਾ ਦਿੱਤੀ। ਰਾਤ ਨੂੰ ਆਏ ਇਸ ਕਹਿਰ ਨੇ ਨੰਦਪ੍ਰਯਾਗ ਨੇੜੇ ਨੰਦਾਨਗਰ ਨਗਰ ਪੰਚਾਇਤ ਦੇ ਕੁੰਤਰੀ ਲਾਗਾਫਲੀ ਅਤੇ ਧੁਰਮਾ ਵਾਰਡਾਂ ਵਿੱਚ ਕਈ ਘਰਾਂ ਨੂੰ ਮਲਬੇ ਵਿੱਚ ਦਬਾ ਦਿੱਤਾ। ਸ਼ੁਰੂਆਤੀ ਜਾਣਕਾਰੀ ਅਨੁਸਾਰ, ਛੇ ਘਰ ਪੂਰੀ ਤਰ੍ਹਾਂ ਢਹਿ ਗਏ ਹਨ, ਜਦਕਿ ਪੰਜ ਲੋਕ ਲਾਪਤਾ ਹੋ ਗਏ।
ਦੋ ਲੋਕ ਬਚਾਏ ਗਏ, ਤਿੰਨ ਦੀ ਭਾਲ ਜਾਰੀ
ਜ਼ਿਲ੍ਹਾ ਆਫ਼ਤ ਪ੍ਰਬੰਧਨ ਕੇਂਦਰ ਨੇ ਦੱਸਿਆ ਕਿ ਰਾਹਤ ਅਤੇ ਬਚਾਅ ਕਾਰਜ ਤੁਰੰਤ ਸ਼ੁਰੂ ਕਰ ਦਿੱਤੇ ਗਏ। ਸਵੇਰ ਤੱਕ ਦੀ ਰਿਪੋਰਟ ਮੁਤਾਬਕ, ਬਚਾਅ ਟੀਮਾਂ ਨੇ ਮਲਬੇ ਹੇਠੋਂ ਦੋ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ, ਪਰ ਹਾਲੇ ਤਿੰਨ ਲੋਕਾਂ ਦੀ ਭਾਲ ਜਾਰੀ ਹੈ। ਮੌਕੇ ‘ਤੇ ਪਹੁੰਚੀਆਂ ਐਨਡੀਆਰਐਫ (NDRF) ਅਤੇ ਐਸਡੀਆਰਐਫ (SDRF) ਦੀਆਂ ਟੀਮਾਂ ਲਗਾਤਾਰ ਰਾਹਤ ਕਾਰਜ ਕਰ ਰਹੀਆਂ ਹਨ।
ਮੋਖਸ਼ ਨਦੀ ਦਾ ਪਾਣੀ ਖ਼ਤਰਨਾਕ ਪੱਧਰ ਤੇ
ਇਸ ਆਫ਼ਤ ਤੋਂ ਬਾਅਦ ਮੋਖਸ਼ ਨਦੀ ਵਿੱਚ ਪਾਣੀ ਦਾ ਪੱਧਰ ਖ਼ਤਰਨਾਕ ਤਰੀਕੇ ਨਾਲ ਵਧ ਗਿਆ ਹੈ। ਨਦੀ ਨਾਲ ਲੱਗਦੇ ਪਿੰਡਾਂ ਵਿੱਚ ਰਹਿਣ ਵਾਲਿਆਂ ਨੂੰ ਤੁਰੰਤ ਸੁਰੱਖਿਅਤ ਥਾਵਾਂ ਤੇ ਜਾਣ ਲਈ ਕਿਹਾ ਗਿਆ ਹੈ। ਨੰਦਾਨਗਰ ਦੀ ਮੋਖ ਘਾਟੀ ਦੇ ਧੁਰਮਾ ਪਿੰਡ ਵਿੱਚ ਨਦੀ ਦੇ ਹੜ੍ਹ ਦੇ ਮਲਬੇ ਨਾਲ ਅੱਧਾ ਦਰਜਨ ਹੋਰ ਘਰ ਵੀ ਢਹਿ ਗਏ ਹਨ।
ਪਹਿਲਾਂ ਵੀ ਖ਼ਤਰੇ ਦੀ ਚੇਤਾਵਨੀ
ਗੌਰ ਕਰਨ ਵਾਲੀ ਗੱਲ ਹੈ ਕਿ ਲਗਭਗ ਪੰਦਰਵਾੜਾ ਪਹਿਲਾਂ ਕੁੰਤਰੀ ਵਾਰਡ ਵਿੱਚ ਭੂ-ਸਖਲਨ ਅਤੇ ਡੂੰਘੀਆਂ ਤਰੇੜਾਂ ਕਾਰਨ 16 ਘਰ ਖ਼ਤਰੇ ਵਿੱਚ ਘਿਰ ਗਏ ਸਨ। ਇਸ ਖ਼ਤਰੇ ਦੇ ਮੱਦੇਨਜ਼ਰ, 64 ਨਿਵਾਸੀਆਂ ਨੂੰ ਪਹਿਲਾਂ ਹੀ ਰਾਹਤ ਕੈਂਪਾਂ ਵਿੱਚ ਸ਼ਿਫ਼ਟ ਕੀਤਾ ਗਿਆ ਸੀ।
ਪ੍ਰਸ਼ਾਸਨ ਅਤੇ ਸਿਹਤ ਵਿਭਾਗ ਸਚੇਤ
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਜ਼ਿਲ੍ਹਾ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ। ਸਿਹਤ ਵਿਭਾਗ ਵੱਲੋਂ ਤੁਰੰਤ ਐਮਰਜੈਂਸੀ ਬੰਦੋਬਸਤ ਕੀਤੇ ਗਏ ਹਨ ਤਾਂ ਜੋ ਜ਼ਖ਼ਮੀ ਲੋਕਾਂ ਨੂੰ ਇਲਾਜ ਮਿਲ ਸਕੇ। ਇਲਾਕੇ ਵਿੱਚ ਐਂਬੂਲੈਂਸਾਂ ਤਾਇਨਾਤ ਹਨ ਅਤੇ ਨਜ਼ਦੀਕੀ ਹਸਪਤਾਲਾਂ ਵਿੱਚ ਐਮਰਜੈਂਸੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ
ਰਾਤ ਨੂੰ ਆਏ ਇਸ ਕਹਿਰ ਨਾਲ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਕਈ ਲੋਕਾਂ ਦੇ ਘਰ ਢਹਿ ਗਏ ਹਨ, ਜਦਕਿ ਕੁਝ ਪਰਿਵਾਰ ਆਪਣੇ ਪਿਆਰਿਆਂ ਦੀ ਖ਼ਬਰ ਦੀ ਉਡੀਕ ਕਰ ਰਹੇ ਹਨ। ਸਥਾਨਕ ਪਿੰਡ ਵਾਸੀਆਂ ਨੇ ਦੱਸਿਆ ਕਿ ਤਬਾਹੀ ਇਸ ਕਦਰ ਸੀ ਕਿ ਕੁਝ ਹੀ ਮਿੰਟਾਂ ਵਿੱਚ ਪਿੰਡ ਦੇ ਪਿੰਡ ਮਲਬੇ ਵਿੱਚ ਦਬ ਗਏ।