ਗੁਰੁਗ੍ਰਾਮ – ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) ਵਿੱਚ ਇੱਕ ਅਦਭੁੱਤ ਅਤੇ ਦੁਰਲੱਭ ਡਾਕਟਰੀ ਮਾਮਲਾ ਸਾਹਮਣੇ ਆਇਆ ਹੈ। ਇੱਥੇ ਗੁਰੂਗ੍ਰਾਮ ਦੇ ਫੋਰਟਿਸ ਮੈਮੋਰੀਅਲ ਰਿਸਰਚ ਇੰਸਟੀਚਿਊਟ ਦੇ ਡਾਕਟਰਾਂ ਨੇ ਇੱਕ 70 ਸਾਲਾ ਮਰੀਜ਼ ਦੇ ਪਿੱਤੇ ਦੀ ਥੈਲੀ ਵਿੱਚੋਂ 8,125 ਪੱਥਰੀਆਂ ਕੱਢ ਕੇ ਇਤਿਹਾਸਕ ਉਪਲਬਧੀ ਹਾਸਲ ਕੀਤੀ ਹੈ। ਡਾਕਟਰਾਂ ਨੇ ਸਿਰਫ਼ 60 ਮਿੰਟ ਦੀ ਲੈਪਰੋਸਕੋਪਿਕ ਸਰਜਰੀ ਕਰਕੇ ਇਹ ਕਾਰਨਾਮਾ ਕਰ ਦਿਖਾਇਆ।
5 ਸਾਲ ਤੋਂ ਸੀ ਦਰਦ ਨਾਲ ਪਰੇਸ਼ਾਨ
ਹਸਪਤਾਲ ਵੱਲੋਂ ਜਾਰੀ ਬਿਆਨ ਅਨੁਸਾਰ, ਇਹ ਮਰੀਜ਼ ਪਿਛਲੇ ਲਗਭਗ ਪੰਜ ਸਾਲ ਤੋਂ ਤਿੱਖੇ ਪੇਟ ਦਰਦ ਨਾਲ ਪੀੜਤ ਸੀ। ਉਸਨੂੰ ਵਾਰ-ਵਾਰ ਬੁਖਾਰ ਚੜ੍ਹਦਾ, ਭੁੱਖ ਨਹੀਂ ਲੱਗਦੀ ਸੀ ਅਤੇ ਛਾਤੀ ਤੇ ਪਿੱਠ ਵਿੱਚ ਵੀ ਭਾਰੀਪਨ ਮਹਿਸੂਸ ਹੁੰਦਾ ਸੀ। ਇਹ ਸਾਰੇ ਲੱਛਣ ਪਿੱਤੇ ਦੀ ਪੱਥਰੀ ਦੇ ਸੀ। ਪਰੰਤੂ ਮਰੀਜ਼ ਦੀ ਜਾਂਚ ਕਰਨ ਤੋਂ ਬਾਅਦ ਡਾਕਟਰ ਵੀ ਹੈਰਾਨ ਰਹਿ ਗਏ ਜਦੋਂ ਪਤਾ ਲੱਗਿਆ ਕਿ ਉਸਦੇ ਪਿੱਤੇ ਦੀ ਥੈਲੀ ਵਿੱਚ ਹਜ਼ਾਰਾਂ ਛੋਟੀਆਂ-ਵੱਡੀਆਂ ਪੱਥਰੀਆਂ ਮੌਜੂਦ ਹਨ।
ਇੱਕ ਘੰਟੇ ‘ਚ ਸਰਜਰੀ, 6 ਘੰਟੇ ਲੱਗੇ ਗਿਣਤੀ ਕਰਨ ਵਿੱਚ
ਡਾਕਟਰਾਂ ਨੇ 12 ਮਈ ਨੂੰ ਮਰੀਜ਼ ਦੀ ਲੈਪਰੋਸਕੋਪਿਕ ਸਰਜਰੀ ਕੀਤੀ। ਇਹ ਸਰਜਰੀ ਲਗਭਗ ਇੱਕ ਘੰਟੇ ਚੱਲੀ। ਪਰ ਜਦੋਂ ਪੱਥਰੀਆਂ ਨੂੰ ਗਿਣਣ ਦੀ ਵਾਰੀ ਆਈ, ਤਾਂ ਪੂਰੀ ਟੀਮ ਨੂੰ ਹੈਰਾਨੀ ਹੋਈ ਕਿਉਂਕਿ ਗਿਣਤੀ ਕਰਨ ਵਿੱਚ ਹੀ ਛੇ ਘੰਟੇ ਲੱਗ ਗਏ। ਡਾਕਟਰਾਂ ਦੇ ਮੁਤਾਬਕ, ਦਿੱਲੀ-ਐਨਸੀਆਰ ਖੇਤਰ ਵਿੱਚ ਹੁਣ ਤੱਕ ਪਿੱਤੇ ਦੀ ਥੈਲੀ ਵਿੱਚੋਂ ਇਹ ਸਭ ਤੋਂ ਵੱਡੀ ਗਿਣਤੀ ਵਿੱਚ ਪੱਥਰੀਆਂ ਕੱਢੀਆਂ ਗਈਆਂ ਹਨ।
ਪਿੱਤੇ ਦੀ ਪੱਥਰੀ ਕਿਉਂ ਬਣਦੀ ਹੈ?
ਡਾਕਟਰੀ ਮਾਹਿਰਾਂ ਦਾ ਕਹਿਣਾ ਹੈ ਕਿ ਪਿੱਤੇ ਦੀ ਪੱਥਰੀ ਅਕਸਰ ਕੋਲੈਸਟ੍ਰੋਲ ਦੇ ਅਸੰਤੁਲਨ ਕਾਰਨ ਬਣਦੀ ਹੈ। ਸ਼ੁਰੂ ‘ਚ ਇਹ ਛੋਟੀ ਹੋ ਸਕਦੀ ਹੈ ਪਰ ਜੇ ਸਮੇਂ ਸਿਰ ਪਤਾ ਨਾ ਲੱਗੇ ਜਾਂ ਇਲਾਜ ਨਾ ਹੋਵੇ ਤਾਂ ਇਹ ਹਜ਼ਾਰਾਂ ਦੀ ਗਿਣਤੀ ਤੱਕ ਵੱਧ ਸਕਦੀ ਹੈ। ਇਸ ਮਰੀਜ਼ ਦੇ ਮਾਮਲੇ ਨੇ ਇਸ ਗੱਲ ਨੂੰ ਸਾਬਤ ਕਰ ਦਿੱਤਾ ਹੈ ਕਿ ਛੋਟੀ ਸਮੱਸਿਆ ਵੀ ਸਮੇਂ ਨਾਲ ਵੱਡੀ ਮੁਸੀਬਤ ਦਾ ਰੂਪ ਧਾਰ ਸਕਦੀ ਹੈ।
ਸਿਹਤਮੰਦ ਹੋ ਕੇ ਘਰ ਵਾਪਸ ਗਿਆ ਮਰੀਜ਼
ਸਰਜਰੀ ਤੋਂ ਬਾਅਦ ਮਰੀਜ਼ ਦੀ ਹਾਲਤ ਵਿੱਚ ਤੇਜ਼ੀ ਨਾਲ ਸੁਧਾਰ ਆਇਆ ਅਤੇ ਸਿਰਫ਼ ਦੋ ਦਿਨਾਂ ਦੇ ਅੰਦਰ ਹੀ ਉਸਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਹੁਣ ਉਹ ਬਿਨਾਂ ਦਰਦ ਦੇ ਇੱਕ ਸਿਹਤਮੰਦ ਜੀਵਨ ਜੀ ਰਹਿਆ ਹੈ।
ਇਹ ਮਾਮਲਾ ਨਾ ਸਿਰਫ਼ ਡਾਕਟਰਾਂ ਲਈ ਇੱਕ ਵੱਡੀ ਸਫਲਤਾ ਹੈ, ਸਗੋਂ ਆਮ ਲੋਕਾਂ ਲਈ ਵੀ ਇੱਕ ਸਿੱਖਿਆ ਹੈ ਕਿ ਜੇਕਰ ਲੰਬੇ ਸਮੇਂ ਤੱਕ ਪੇਟ ਦਰਦ ਜਾਂ ਇਸ ਤਰ੍ਹਾਂ ਦੇ ਲੱਛਣ ਰਹਿਣ ਤਾਂ ਉਸਨੂੰ ਅਣਡਿੱਠਾ ਨਹੀਂ ਕਰਨਾ ਚਾਹੀਦਾ।