ਲੁਧਿਆਣਾ : ਸ਼ਹਿਰ ਦੇ ਰੌਣਕੀ ਇਲਾਕੇ ਦੁਗਰੀ ਰੋਡ ਨੇੜੇ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਕਾਰ ਅਸੈਸਰੀ ਦੀ ਇੱਕ ਚਾਰ ਮੰਜ਼ਿਲਾ ਇਮਾਰਤ ਨੂੰ ਅਚਾਨਕ ਭਿਆਨਕ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ। ਵੇਖਦੇ ਹੀ ਵੇਖਦੇ ਅੱਗ ਨੇ ਇਮਾਰਤ ਦੇ ਵੱਡੇ ਹਿੱਸੇ ਨੂੰ ਆਪਣੀ ਚਪੇਟ ਵਿੱਚ ਕਰ ਲਿਆ ਅਤੇ ਲੱਖਾਂ ਰੁਪਏ ਦਾ ਕੀਮਤੀ ਸਮਾਨ ਸੜ ਕੇ ਸੁਆਹ ਹੋ ਗਿਆ। ਹਾਲਾਂਕਿ, ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿੱਚ ਕਿਸੇ ਵੀ ਕਿਸਮ ਦੇ ਜਾਨੀ ਨੁਕਸਾਨ ਦੀ ਖ਼ਬਰ ਸਾਹਮਣੇ ਨਹੀਂ ਆਈ।
ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਇਲਾਕੇ ਦੇ ਕਈ ਦੁਕਾਨਦਾਰਾਂ ਅਤੇ ਰਹਿਣ ਵਾਲਿਆਂ ਨੇ ਦੱਸਿਆ ਕਿ ਬਿਜਲੀ ਘੱਟ-ਵੱਧ ਹੋਣ ਕਰਕੇ ਇਮਾਰਤ ਵਿੱਚ ਅਚਾਨਕ ਚਿੰਗਾਰੀਆਂ ਨਿਕਲੀਆਂ, ਜੋ ਕੁਝ ਸਮੇਂ ਵਿੱਚ ਹੀ ਭਿਆਨਕ ਅੱਗ ਦਾ ਰੂਪ ਧਾਰ ਗਈ। ਅੱਗ ਦੇ ਸ਼ੁਰੂਆਤੀ ਪਲਾਂ ‘ਚ ਇਲਾਕੇ ਦੇ ਨੌਜਵਾਨਾਂ ਅਤੇ ਦੁਕਾਨਦਾਰਾਂ ਨੇ ਆਪਣੇ ਪੱਧਰ ‘ਤੇ ਪਾਣੀ ਨਾਲ ਅੱਗ ਬੁਝਾਉਣ ਦੇ ਯਤਨ ਕੀਤੇ, ਪਰ ਅੱਗ ਇੰਨੀ ਤੀਵਰ ਸੀ ਕਿ ਉਨ੍ਹਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਬੇਅਸਰ ਸਾਬਤ ਹੋਈਆਂ।
ਸਥਾਨਕ ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਅਤੇ ਪੁਲਿਸ ਨੂੰ ਸੂਚਿਤ ਕੀਤਾ। ਖ਼ਬਰ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਅੱਗ ਬੁਝਾਉਣ ਦਾ ਮੁਹਿੰਮ ਸ਼ੁਰੂ ਕੀਤੀ। ਫਾਇਰ ਅਧਿਕਾਰੀਆਂ ਨੇ ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ਾਂ ਕੀਤੀਆਂ। ਪੁਲਿਸ ਨੇ ਵੀ ਇਲਾਕੇ ਨੂੰ ਘੇਰ ਲਿਆ ਤਾਂ ਜੋ ਕਿਸੇ ਵੀ ਕਿਸਮ ਦੀ ਜਾਨੀ ਹਾਨੀ ਜਾਂ ਹੋਰ ਨੁਕਸਾਨ ਤੋਂ ਬਚਿਆ ਜਾ ਸਕੇ।
ਦੁਕਾਨ ਮਾਲਕ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਰਾਤ ਕਰੀਬ 9 ਵਜੇ ਦੁਕਾਨ ਬੰਦ ਕਰਕੇ ਘਰ ਪਹੁੰਚਿਆ ਸੀ। ਕੁਝ ਹੀ ਸਮੇਂ ਬਾਅਦ ਉਸਦੇ ਨਾਲ ਵਾਲੇ ਦੁਕਾਨਦਾਰ ਦਾ ਫ਼ੋਨ ਆਇਆ ਕਿ ਉਸਦੀ ਇਮਾਰਤ ਵਿੱਚ ਅੱਗ ਲੱਗ ਗਈ ਹੈ। ਜਦੋਂ ਉਹ ਤੁਰੰਤ ਵਾਪਸ ਮੌਕੇ ‘ਤੇ ਪਹੁੰਚਿਆ ਤਾਂ ਉਸਨੇ ਵੇਖਿਆ ਕਿ ਅੱਗ ਇੰਨੀ ਭਿਆਨਕ ਹੋ ਚੁੱਕੀ ਹੈ ਕਿ ਉਸਦੀ ਸਾਲਾਂ ਦੀ ਕਮਾਈ ਸਮਾਨ ਸਮੇਤ ਸੁਆਹ ਵਿੱਚ ਤਬਦੀਲ ਹੋ ਰਹੀ ਸੀ। ਉਸਦਾ ਕਹਿਣਾ ਸੀ ਕਿ ਜੇ ਅੱਗ ਕੁਝ ਘੰਟੇ ਪਹਿਲਾਂ ਲੱਗਦੀ ਤਾਂ ਇਮਾਰਤ ਅੰਦਰ ਮੌਜੂਦ ਕਰਮਚਾਰੀਆਂ ਅਤੇ ਲੋਕਾਂ ਦੀ ਜਾਨ ਨੂੰ ਵੀ ਵੱਡਾ ਖ਼ਤਰਾ ਪੈ ਸਕਦਾ ਸੀ।
ਫਿਲਹਾਲ, ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ ਪਰ ਇਮਾਰਤ ਅੰਦਰ ਪਿਆ ਕੀਮਤੀ ਸਮਾਨ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਲੱਖਾਂ ਰੁਪਏ ਦਾ ਵੱਡਾ ਨੁਕਸਾਨ ਹੋਇਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਅੱਗ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।