ਪੰਜਾਬ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਰੋਸ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਹੁਸ਼ਿਆਰਪੁਰ ਵਿੱਚ ਬੀਤੇ ਦਿਨੀ ਇੱਕ ਛੋਟੇ ਬੱਚੇ ਦੇ ਕਤਲ ਦੇ ਦਿਲ ਦਹਿਲਾ ਦੇਣ ਵਾਲੇ ਮਾਮਲੇ ਤੋਂ ਬਾਅਦ ਹੁਣ ਸੂਬੇ ਦੇ ਕਈ ਪਿੰਡਾਂ ਵਿੱਚ ਪ੍ਰਵਾਸੀਆਂ ਖ਼ਿਲਾਫ਼ ਸਖ਼ਤ ਰਵੱਈਏ ਅਪਣਾਏ ਜਾ ਰਹੇ ਹਨ। ਇਸ ਕੜੀ ਵਿੱਚ ਬਠਿੰਡਾ ਜ਼ਿਲ੍ਹੇ ਦੇ ਪਿੰਡ ਗਹਿਰੀ ਦੀ ਪੰਚਾਇਤ ਅਤੇ ਸਮੁੱਚੇ ਨਗਰ ਨੇ ਗੁਰਦੁਆਰਾ ਸਾਹਿਬ ਰਾਹੀਂ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਪ੍ਰਵਾਸੀਆਂ ਖ਼ਿਲਾਫ਼ ਇਕ ਮਤਾ ਪਾਸ ਕੀਤਾ ਹੈ।
ਪਿੰਡ ਪੰਚਾਇਤ ਦਾ ਫੈਸਲਾ
ਪਿੰਡ ਦੇ ਸਰਪੰਚ ਬਲਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਿੰਡ ਵਿੱਚ ਕਿਸੇ ਵੀ ਪ੍ਰਵਾਸੀ ਦਾ ਆਧਾਰ ਕਾਰਡ ਜਾਂ ਵੋਟਰ ਕਾਰਡ ਨਹੀਂ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਵਾਸੀਆਂ ਨੂੰ ਬਿਨਾਂ ਪੁਲਿਸ ਵੈਰੀਫਿਕੇਸ਼ਨ ਦੇ ਪਿੰਡ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਹੋਵੇਗੀ। ਜੇਕਰ ਕੋਈ ਕਿਸਾਨ ਕੰਮ ਲਈ ਕਿਸੇ ਪ੍ਰਵਾਸੀ ਨੂੰ ਲਿਆਉਂਦਾ ਹੈ ਤਾਂ ਉਹ ਉਸਨੂੰ ਆਪਣੇ ਖੇਤ ਦੀ ਮੋਟਰ ’ਤੇ ਰਿਹਾਇਸ਼ ਦੇ ਸਕੇਗਾ, ਪਰ ਪਿੰਡ ਦੇ ਅੰਦਰ ਘਰਾਂ ਵਿੱਚ ਰਹਿਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਇਸ ਦੌਰਾਨ ਕਿਸਾਨਾਂ ਨੂੰ ਇਹ ਯਕੀਨੀ ਬਣਾਉਣਾ ਲਾਜ਼ਮੀ ਹੋਵੇਗਾ ਕਿ ਲਿਆਏ ਗਏ ਪ੍ਰਵਾਸੀ ਦੀ ਪਹਿਲਾਂ ਪੁਲਿਸ ਵੈਰੀਫਿਕੇਸ਼ਨ ਹੋਈ ਹੋਵੇ।
ਪਿੰਡ ਵਾਸੀਆਂ ਵੱਲੋਂ ਮਤੇ ਨੂੰ ਮਿਲੀ ਪ੍ਰਵਾਨਗੀ
ਇਹ ਫੈਸਲਾ ਪਿੰਡ ਪੰਚਾਇਤ ਅਤੇ ਨਗਰ ਵੱਲੋਂ ਸਾਂਝੇ ਤੌਰ ’ਤੇ ਲਿਆ ਗਿਆ ਹੈ ਅਤੇ ਇਸਨੂੰ ਸਮੁੱਚੇ ਪਿੰਡ ਵੱਲੋਂ ਹੱਥ ਖੜੇ ਕਰਕੇ ਪ੍ਰਵਾਨ ਕੀਤਾ ਗਿਆ। ਸਰਪੰਚ ਬਲਜੀਤ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਆਏ ਦਿਨ ਪ੍ਰਵਾਸੀਆਂ ਵੱਲੋਂ ਵੋਟਰ ਕਾਰਡ ਬਣਵਾਏ ਜਾ ਰਹੇ ਹਨ ਅਤੇ ਕਈ ਥਾਵਾਂ ’ਤੇ ਉਹਨਾਂ ਦੇ ਕਾਰਨ ਪਿੰਡ ਵਾਸੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿੰਡ ਗਹਿਰੀ ਵਿੱਚ ਵੀ ਕਈ ਪ੍ਰਵਾਸੀਆਂ ਨੇ ਪਹਿਲਾਂ ਵੋਟਾਂ ਬਣਵਾਈਆਂ ਹਨ ਜਿਸ ਨਾਲ ਲੋਕਾਂ ਵਿੱਚ ਗੁੱਸਾ ਹੈ।
ਪ੍ਰਸ਼ਾਸਨ ਨੂੰ ਕੀਤੀ ਜਾਵੇਗੀ ਸੂਚਨਾ
ਸਰਪੰਚ ਨੇ ਦੱਸਿਆ ਕਿ ਇਸ ਫੈਸਲੇ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਜਾਵੇਗਾ ਅਤੇ ਜੋ ਪ੍ਰਵਾਸੀ ਪਿੰਡ ਵਿੱਚ ਵੋਟਾਂ ਬਣਵਾ ਚੁੱਕੇ ਹਨ, ਉਹਨਾਂ ਦੀਆਂ ਵੋਟਾਂ ਕਟਵਾਉਣ ਲਈ ਡਿਪਟੀ ਕਮਿਸ਼ਨਰ ਬਠਿੰਡਾ ਕੋਲ ਅਰਜ਼ੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਕਈ ਸਾਲਾਂ ਤੋਂ ਪਿੰਡ ਵਿੱਚ ਰਹਿ ਰਹੇ ਪ੍ਰਵਾਸੀਆਂ ਦੀ ਵੀ ਪੁਲਿਸ ਵੈਰੀਫਿਕੇਸ਼ਨ ਕਰਵਾਈ ਜਾਵੇਗੀ ਤਾਂ ਜੋ ਇਹ ਪਤਾ ਲੱਗ ਸਕੇ ਕਿ ਉਹਨਾਂ ਦਾ ਕੋਈ ਅਪਰਾਧਿਕ ਪਿਛੋਕੜ ਤਾਂ ਨਹੀਂ।
ਪ੍ਰਵਾਸੀ ਲਿਆਉਣ ਵਾਲੇ ਕਿਸਾਨ ਦੀ ਜ਼ਿੰਮੇਵਾਰੀ
ਕਿਸਾਨ ਆਗੂ ਜਸਵੀਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਵੱਧ ਰਹੀਆਂ ਘਟਨਾਵਾਂ ਕਾਰਨ ਆਮ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਇਸ ਲਈ ਪੰਚਾਇਤ ਨੇ ਫੈਸਲਾ ਲਿਆ ਹੈ ਕਿ ਜੋ ਵੀ ਕਿਸਾਨ ਪ੍ਰਵਾਸੀਆਂ ਨੂੰ ਕੰਮ ਲਈ ਲਿਆਏਗਾ, ਉਹ ਉਨ੍ਹਾਂ ਨੂੰ ਪਿੰਡ ਵਿੱਚ ਨਹੀਂ ਰੱਖੇਗਾ, ਸਗੋਂ ਸਿਰਫ਼ ਖੇਤਾਂ ’ਤੇ ਹੀ ਰਿਹਾਇਸ਼ ਦੇਵੇਗਾ। ਉਸਨੇ ਇਹ ਵੀ ਕਿਹਾ ਕਿ ਪ੍ਰਵਾਸੀਆਂ ਦੇ ਆਮ ਨਾਂ ਰਾਮੂ, ਰਾਜੂ ਵਰਗੇ ਹੁੰਦੇ ਹਨ, ਅਤੇ ਜੇਕਰ ਉਹ ਕਿਸੇ ਅਪਰਾਧ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਣ ਤਾਂ ਉਹਨਾਂ ਨੂੰ ਲੱਭਣਾ ਮੁਸ਼ਕਿਲ ਹੋ ਸਕਦਾ ਹੈ।
ਅਪਰਾਧਿਕ ਪਿਛੋਕੜ ਦੀ ਜਾਂਚ ਜ਼ਰੂਰੀ
ਪਿੰਡ ਵਾਸੀਆਂ ਦਾ ਮੰਨਣਾ ਹੈ ਕਿ ਪ੍ਰਵਾਸੀਆਂ ਦੀ ਪੁਲਿਸ ਵੈਰੀਫਿਕੇਸ਼ਨ ਇਸ ਲਈ ਵੀ ਲਾਜ਼ਮੀ ਹੈ ਤਾਂ ਜੋ ਉਹਨਾਂ ਦਾ ਕੋਈ ਅਪਰਾਧਿਕ ਰਿਕਾਰਡ ਹੋਣ ਦੀ ਸਥਿਤੀ ਵਿੱਚ ਸਮੇਂ ਸਿਰ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਵਾਰਦਾਤ ਵਾਪਰਨ ਤੋਂ ਬਾਅਦ ਅਕਸਰ ਹੀ ਲੋਕ ਸੜਕਾਂ ’ਤੇ ਉਤਰਨ ਲਈ ਮਜਬੂਰ ਹੋ ਜਾਂਦੇ ਹਨ, ਪਰ ਜੇਕਰ ਪਹਿਲਾਂ ਹੀ ਸਖ਼ਤ ਕਦਮ ਚੁੱਕੇ ਜਾਣ ਤਾਂ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕਦਾ ਹੈ।
ਪਿੰਡ ਵਾਸੀਆਂ ਦਾ ਭਰੋਸਾ
ਇਸ ਫੈਸਲੇ ਦਾ ਪਿੰਡ ਦੇ ਲੋਕਾਂ ਵੱਲੋਂ ਖੁੱਲ੍ਹਾ ਸਵਾਗਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਹ ਮਤਾ ਨਾ ਸਿਰਫ਼ ਲੋਕਾਂ ਦੀ ਸੁਰੱਖਿਆ ਲਈ ਲਾਜ਼ਮੀ ਹੈ ਸਗੋਂ ਪਿੰਡ ਦੇ ਸਮਾਜਕ ਮਾਹੌਲ ਨੂੰ ਸੁਖਾਲਾ ਬਣਾਉਣ ਲਈ ਵੀ ਜ਼ਰੂਰੀ ਹੈ। ਪਿੰਡ ਵਾਸੀਆਂ ਨੇ ਯਕੀਨ ਦਵਾਇਆ ਹੈ ਕਿ ਉਹ ਇਸਨੂੰ ਪੂਰੀ ਦ੍ਰਿੜਤਾ ਨਾਲ ਲਾਗੂ ਕਰਨ ਵਿੱਚ ਪੰਚਾਇਤ ਦਾ ਸਾਥ ਦੇਣਗੇ।