ਬਠਿੰਡਾ : ਬਰਸਾਤ ਦੇ ਮੌਸਮ ਦੌਰਾਨ ਸੱਪਾਂ ਦੇ ਡੰਗਣ ਦੇ ਮਾਮਲੇ ਵਧ ਰਹੇ ਹਨ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਸਾਵਧਾਨੀ ਤੇ ਜਾਗਰੂਕਤਾ ਸੰਬੰਧੀ ਸੁਨੇਹਾ ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਕਿਹਾ ਕਿ ਜੇ ਕਿਸੇ ਨੂੰ ਸੱਪ ਡੰਗ ਮਾਰ ਲਵੇ, ਤਾਂ ਘਬਰਾਉਣ ਦੀ ਬਜਾਏ ਤੁਰੰਤ ਮੈਡੀਕਲ ਸਹਾਇਤਾ ਲੈਣੀ ਚਾਹੀਦੀ ਹੈ ਕਿਉਂਕਿ ਹੁਣ ਸੱਪ ਦੇ ਡੰਗ ਦਾ ਇਲਾਜ ਸੰਭਵ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਸਾਰੀਆਂ ਕਮਿਊਨਿਟੀ ਹੈਲਥ ਸੈਂਟਰਾਂ (CHC) ਅਤੇ ਸਰਕਾਰੀ ਹਸਪਤਾਲਾਂ ਵਿੱਚ ਐਂਟੀ-ਸਨੇਕ ਵੈਨਮ ਦੇ ਟੀਕੇ ਉਪਲਬਧ ਹਨ। ਐਮਰਜੈਂਸੀ ਮੈਡੀਕਲ ਸੇਵਾ ਨੂੰ ਇਸ ਲਈ ਖ਼ਾਸ ਤੌਰ ‘ਤੇ ਮਜ਼ਬੂਤ ਕੀਤਾ ਗਿਆ ਹੈ, ਤਾਂ ਜੋ ਮਰੀਜ਼ ਨੂੰ ਕਿਸੇ ਵੀ ਤਰ੍ਹਾਂ ਦੀ ਦੇਰੀ ਤੋਂ ਬਚਾਇਆ ਜਾ ਸਕੇ ਅਤੇ ਸਮੇਂ ਸਿਰ ਇਲਾਜ ਮਿਲ ਸਕੇ।
ਸਿਹਤ ਅਧਿਕਾਰੀਆਂ ਦੀ ਸਲਾਹ
ਡਾਕਟਰਾਂ ਨੇ ਕਿਹਾ ਕਿ ਪੀੜਤ ਵਿਅਕਤੀ ਨੂੰ ਗੈਰ-ਤਜਰਬੇਕਾਰ ਜਾਂ ਗੈਰ-ਸਿੱਖਿਅਤ ਲੋਕਾਂ ਕੋਲ ਇਲਾਜ ਲਈ ਲਿਜਾਣ ਦੀ ਬਜਾਏ ਸਿੱਧੇ ਸਰਕਾਰੀ ਹਸਪਤਾਲ ਲਿਜਾਇਆ ਜਾਵੇ। ਉੱਥੇ ਹੀ ਮਾਹਰ ਡਾਕਟਰਾਂ ਕੋਲੋਂ ਇਲਾਜ ਕਰਵਾਉਣਾ ਸਭ ਤੋਂ ਸੁਰੱਖਿਅਤ ਤੇ ਪ੍ਰਭਾਵਸ਼ਾਲੀ ਹੈ।
ਧਿਆਨ ਰੱਖਣ ਵਾਲੀਆਂ ਗੱਲਾਂ
- ਪੀੜਤ ਨੂੰ ਹੌਂਸਲਾ ਦਿੰਦੇ ਰਹੋ ਤੇ ਉਸਦਾ ਮਨੋਬਲ ਡਿਗਣ ਨਾ ਦਿਓ।
- ਡੰਗ ਮਾਰੇ ਅੰਗ ਨੂੰ ਹਿਲਣ-ਡੁੱਲਣ ਤੋਂ ਬਚਾਉਣ ਲਈ ਸਪਲਿੰਟ ਦੀ ਮਦਦ ਨਾਲ ਸਥਿਰ ਰੱਖੋ।
- ਜਿੱਥੇ ਸੱਪ ਨੇ ਡੰਗ ਮਾਰਿਆ ਹੈ, ਉਸ ਥਾਂ ਨੂੰ ਨਾ ਤਾਂ ਕੱਟੋ ਅਤੇ ਨਾ ਹੀ ਮੂੰਹ ਨਾਲ ਜ਼ਹਿਰ ਕੱਢਣ ਦੀ ਕੋਸ਼ਿਸ਼ ਕਰੋ।
- ਡੰਗ ਵਾਲੀ ਥਾਂ ’ਤੇ ਬਰਫ ਨਾ ਲਗਾਓ ਅਤੇ ਨਾ ਹੀ ਮਾਲਿਸ਼ ਕਰੋ।
- ਰਾਤ ਦੇ ਸਮੇਂ ਟਾਰਚ ਦੀ ਵਰਤੋਂ ਕਰੋ, ਤਾਂ ਜੋ ਸੱਪਾਂ ਦੇ ਖ਼ਤਰੇ ਤੋਂ ਬਚਿਆ ਜਾ ਸਕੇ।
ਘਬਰਾਉਣ ਦੀ ਲੋੜ ਨਹੀਂ
ਸਿਹਤ ਅਧਿਕਾਰੀਆਂ ਨੇ ਕਿਹਾ ਕਿ ਸੱਪ ਦੇ ਡੰਗਣ ਦੀ ਸਥਿਤੀ ਵਿੱਚ ਲੋਕ ਅਕਸਰ ਘਬਰਾ ਜਾਂਦੇ ਹਨ, ਪਰ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਆਧੁਨਿਕ ਦਵਾਈਆਂ ਅਤੇ ਐਂਟੀ-ਵੈਨਮ ਟੀਕੇ ਕਾਰਗਰ ਹਨ। ਇਸ ਲਈ ਜੇ ਸਮੇਂ ਸਿਰ ਮੈਡੀਕਲ ਸਹਾਇਤਾ ਲਈ ਜਾਇਆ ਜਾਵੇ, ਤਾਂ ਪੀੜਤ ਦੀ ਜ਼ਿੰਦਗੀ ਨੂੰ ਆਸਾਨੀ ਨਾਲ ਬਚਾਇਆ ਜਾ ਸਕਦਾ ਹੈ।