ਨਿਊਯਾਰਕ – ਅਮਰੀਕਾ ਦੇ ਟੈਕਸਾਸ ਰਾਜ ਵਿੱਚ ਵਾਪਰੇ ਇਕ ਦਹਿਲਾ ਦੇਣ ਵਾਲੇ ਕਤਲ ਮਾਮਲੇ ਨੇ ਸਾਰੇ ਭਾਰਤੀ ਸਮਾਜ ਨੂੰ ਹਿਲਾ ਕੇ ਰੱਖ ਦਿੱਤਾ ਹੈ। ਡੱਲਾਸ ਦੇ ਇਕ ਮੋਟਲ ਵਿਚ 41 ਸਾਲਾ ਭਾਰਤੀ ਨਾਗਰਿਕ ਚੰਦਰ ਨਾਗਮਲੱਈਆ ਦਾ ਬੇਰਹਿਮੀ ਨਾਲ ਸਿਰ ਕਲਮ ਕਰ ਦਿੱਤਾ ਗਿਆ। ਇਸ ਦਿਲ ਦਹਲਾ ਦੇਣ ਵਾਲੇ ਅਪਰਾਧ ਤੋਂ ਬਾਅਦ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ (ਡੀ.ਐੱਚ.ਐੱਸ.) ਨੇ ਐਲਾਨ ਕੀਤਾ ਹੈ ਕਿ ਦੋਸ਼ੀ ਉੱਤੇ ਨਾ ਸਿਰਫ਼ ਕਤਲ ਦਾ ਕੇਸ ਚੱਲੇਗਾ, ਸਗੋਂ ਉਸਨੂੰ ਦੇਸ਼ ਨਿਕਾਲਾ ਦੇਣ ਦੀ ਕਾਰਵਾਈ ਵੀ ਤੁਰੰਤ ਸ਼ੁਰੂ ਕਰ ਦਿੱਤੀ ਗਈ ਹੈ।
ਦੋਸ਼ੀ ਦੀ ਪਹਿਚਾਣ 37 ਸਾਲਾ ਯੋਰਡਾਨਿਸ ਕੋਬੋਸ-ਮਾਰਟੀਨੇਜ਼ ਦੇ ਰੂਪ ਵਿੱਚ ਹੋਈ ਹੈ, ਜੋ ਕਿ ਕਿਊਬਾ ਦਾ ਰਹਿਣ ਵਾਲਾ ਹੈ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖ਼ਲ ਹੋਇਆ ਸੀ। ਅਧਿਕਾਰੀਆਂ ਨੇ ਖੁਲਾਸਾ ਕੀਤਾ ਹੈ ਕਿ ਉਸ ਕੋਲ ਕੋਈ ਵੈਧ ਦਸਤਾਵੇਜ਼ ਨਹੀਂ ਹਨ ਅਤੇ ਉਸ ਦਾ ਅਪਰਾਧਿਕ ਇਤਿਹਾਸ ਵੀ ਕਾਫ਼ੀ ਭਾਰੀ ਹੈ। ਮਾਰਟੀਨੇਜ਼ ਉੱਤੇ ਪਹਿਲਾਂ ਵੀ ਵਾਹਨ ਚੋਰੀ, ਹਿੰਸਾ ਤੇ ਬੱਚਿਆਂ ਨਾਲ ਬਦਸਲੂਕੀ ਕਰਨ ਵਰਗੇ ਕਈ ਮਾਮਲੇ ਦਰਜ ਹੋ ਚੁੱਕੇ ਹਨ।
ਘਟਨਾ ਬੁੱਧਵਾਰ ਨੂੰ ਵਾਪਰੀ, ਜਦੋਂ ਮਾਰਟੀਨੇਜ਼ ਨੇ ਮੋਟਲ ਦੇ ਕਮਰੇ ਵਿਚ ਨਾਗਮਲੱਈਆ ਉੱਤੇ ਕੁਹਾੜੀ ਨਾਲ ਹਮਲਾ ਕਰ ਦਿੱਤਾ। ਸੋਸ਼ਲ ਮੀਡੀਆ ’ਤੇ ਵਾਇਰਲ ਇਕ ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਦੋਸ਼ੀ ਨੇ ਪੀੜਤ ਦਾ ਲਗਾਤਾਰ ਪਿੱਛਾ ਕਰਦੇ ਹੋਏ ਉਸ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ ਅਤੇ ਫਿਰ ਉਸ ਸਿਰ ਨੂੰ ਮੋਟਲ ਦੀ ਪਾਰਕਿੰਗ ਵਿੱਚ ਪਟਕਣ ਤੋਂ ਬਾਅਦ ਕੂੜੇਦਾਨ ਵਿੱਚ ਸੁੱਟ ਦਿੱਤਾ। ਇਹ ਦ੍ਰਿਸ਼ ਇਲਾਕੇ ਦੇ ਲੋਕਾਂ ਲਈ ਬਹੁਤ ਹੀ ਸਦਮੇ ਵਾਲੇ ਸਾਬਤ ਹੋਏ ਹਨ।
ਇਸ ਮਾਮਲੇ ਨੇ ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀਆਂ ਉੱਤੇ ਵੀ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ। ਡੀ.ਐੱਚ.ਐੱਸ. ਦੀ ਸਹਾਇਕ ਸਕੱਤਰ ਟ੍ਰਿਸ਼ੀਆ ਮੈਕਲਾਘਲੀ ਨੇ ਬਾਈਡੇਨ ਪ੍ਰਸ਼ਾਸਨ ਦੀ ਤਿੱਖੀ ਨਿੰਦਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ’ਚ ਆਉਣ ਦੀ ਇਜਾਜ਼ਤ ਦੇਣਾ ਸਿੱਧਾ ਅਪਰਾਧ ਨੂੰ ਸੱਦਾ ਦੇਣ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਵਿਅਕਤੀ ਨੂੰ ਸਮੇਂ ਸਿਰ ਦੇਸ਼ ’ਚੋਂ ਕੱਢਿਆ ਜਾਂਦਾ ਤਾਂ ਨਾਗਮਲੱਈਆ ਦੀ ਜ਼ਿੰਦਗੀ ਬਚਾਈ ਜਾ ਸਕਦੀ ਸੀ।
ਦੂਜੇ ਪਾਸੇ, ਕੈਲੀਫ਼ੋਰਨੀਆ ਤੋਂ ਡੈਮੋਕ੍ਰੇਟ ਪ੍ਰਤੀਨਿਧੀ ਰੋ ਖੰਨਾ ਨੇ ਵੀ ਇਸ ਘਿਨਾਉਣੀ ਹਿੰਸਾ ਦੀ ਤੀਖੀ ਨਿੰਦਾ ਕੀਤੀ। ਉਨ੍ਹਾਂ ਨੇ ‘ਐਕਸ’ (ਪਹਿਲਾਂ ਟਵਿੱਟਰ) ’ਤੇ ਲਿਖਿਆ ਕਿ ਇੱਕ ਮਿਹਨਤੀ ਭਾਰਤੀ ਪ੍ਰਵਾਸੀ ਦਾ ਉਸ ਦੀ ਪਤਨੀ ਅਤੇ ਪੁੱਤਰ ਦੇ ਸਾਹਮਣੇ ਸਿਰ ਕਲਮ ਕਰਨਾ ਬਹੁਤ ਹੀ ਦਹਿਲਾ ਦੇਣ ਵਾਲੀ ਘਟਨਾ ਹੈ। ਉਨ੍ਹਾਂ ਕਿਹਾ ਕਿ ਮਾਰਟੀਨੇਜ਼ ਵਰਗੇ ਦੋਸ਼ੀਆਂ ਨੂੰ, ਜਿਨ੍ਹਾਂ ਦਾ ਅਪਰਾਧਿਕ ਪਿਛੋਕੜ ਇੰਨਾ ਖ਼ਤਰਨਾਕ ਹੋਵੇ, ਕਦੇ ਵੀ ਅਮਰੀਕੀ ਸੜਕਾਂ ’ਤੇ ਖੁੱਲ੍ਹਾ ਨਹੀਂ ਛੱਡਣਾ ਚਾਹੀਦਾ।
ਭਾਰਤੀ ਸਮਾਜ ਵਿਚ ਇਸ ਘਟਨਾ ਕਾਰਨ ਚਰਚਾ ਅਤੇ ਚਿੰਤਾ ਦਾ ਮਾਹੌਲ ਬਣ ਗਿਆ ਹੈ। ਕਈ ਲੋਕਾਂ ਦਾ ਮੰਨਣਾ ਹੈ ਕਿ ਇਹ ਕੇਵਲ ਇਕ ਕਤਲ ਨਹੀਂ, ਸਗੋਂ ਇਮੀਗ੍ਰੇਸ਼ਨ ਪ੍ਰਣਾਲੀ ਦੀਆਂ ਖਾਮੀਆਂ ਦਾ ਵੀ ਸਪੱਸ਼ਟ ਨਤੀਜਾ ਹੈ। ਇਸ ਕੇਸ ਨੇ ਸਿਰਫ਼ ਅਮਰੀਕਾ ਹੀ ਨਹੀਂ, ਸਗੋਂ ਪੂਰੇ ਭਾਰਤੀ ਸਮੂਹ ਨੂੰ ਹਿਲਾ ਕੇ ਰੱਖ ਦਿੱਤਾ ਹੈ।