ਦਿੱਲੀ ਦੇ ਧੌਲਾ ਕੁਆਂ ਖੇਤਰ ਵਿੱਚ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿੱਚ ਵਿੱਤ ਮੰਤਰਾਲੇ ਦੇ ਡਿਪਟੀ ਸੈਕਟਰੀ ਨਵਜੋਤ ਸਿੰਘ ਦੀ ਮੌਤ ਹੋ ਗਈ, ਜਦਕਿ ਉਨ੍ਹਾਂ ਦੀ ਪਤਨੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇੱਕ ਤੇਜ਼ ਰਫ਼ਤਾਰ ਬੀਐਮਡਬਲਯੂ ਕਾਰ ਨੇ ਉਨ੍ਹਾਂ ਦੀ ਸਾਈਕਲ ਨੂੰ ਟੱਕਰ ਮਾਰ ਦਿੱਤੀ।
ਹਾਦਸੇ ਤੋਂ ਬਾਅਦ ਨਵਜੋਤ ਸਿੰਘ ਦੇ ਪੁੱਤਰ ਨਵਨੂਰ ਸਿੰਘ ਨੇ ਸਿਸਟਮ ’ਤੇ ਵੱਡੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਉਨ੍ਹਾਂ ਦੇ ਪਿਤਾ ਨੂੰ 20 ਕਿਲੋਮੀਟਰ ਦੂਰ ਹਸਪਤਾਲ ਲਿਜਾਣ ਦੀ ਬਜਾਏ ਨੇੜਲੇ ਕਿਸੇ ਸੁਪਰਸਪੈਸ਼ਲਿਟੀ ਹਸਪਤਾਲ ਜਾਂ ਏਮਜ਼ ਵਿੱਚ ਪਹੁੰਚਾਇਆ ਜਾਂਦਾ ਤਾਂ ਸ਼ਾਇਦ ਉਹਦੀ ਜ਼ਿੰਦਗੀ ਬਚ ਸਕਦੀ ਸੀ। ਨਵਨੂਰ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਇੱਕ ਪਰਿਵਾਰਕ ਦੋਸਤ ਨੇ ਕਾਲ ਕਰਕੇ ਦੱਸਿਆ ਕਿ ਉਨ੍ਹਾਂ ਦੇ ਮਾਤਾ-ਪਿਤਾ ਨੂੰ ਜੀਟੀਬੀ ਨਗਰ ਦੇ ਨਿਊਲਾਈਫ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਹਾਦਸਾ ਲਗਭਗ ਦੁਪਹਿਰ 1 ਤੋਂ 1:30 ਵਜੇ ਦੇ ਵਿਚਕਾਰ ਵਾਪਰਿਆ। ਇੱਕ ਔਰਤ, ਜੋ ਬੀਐਮਡਬਲਯੂ ਚਲਾ ਰਹੀ ਸੀ, ਨੇ ਸਾਈਕਲ ਨੂੰ ਟੱਕਰ ਮਾਰੀ, ਜਿਸ ਕਾਰਨ ਮਾਤਾ-ਪਿਤਾ ਗੰਭੀਰ ਰੂਪ ਵਿੱਚ ਜ਼ਖਮੀ ਹੋਏ। ਪਰ ਹੈਰਾਨੀਜਨਕ ਤੌਰ ’ਤੇ ਉਨ੍ਹਾਂ ਨੂੰ 20 ਕਿਲੋਮੀਟਰ ਦੂਰ ਇੱਕ ਐਸੇ ਹਸਪਤਾਲ ਲਿਜਾਇਆ ਗਿਆ ਜਿੱਥੇ ਬੁਨਿਆਦੀ ਸਹੂਲਤਾਂ ਵੀ ਉਪਲਬਧ ਨਹੀਂ ਸਨ। ਉੱਥੇ ਨਵਜੋਤ ਸਿੰਘ ਨੂੰ ਮ੍ਰਿਤਕ ਐਲਾਨਿਆ ਗਿਆ। ਨਵਨੂਰ ਨੇ ਕਿਹਾ ਕਿ ਹਾਦਸਿਆਂ ਵਿੱਚ ਤੁਰੰਤ ਮੌਤ ਬਹੁਤ ਘੱਟ ਹੁੰਦੀ ਹੈ, ਜੇਕਰ ਉਨ੍ਹਾਂ ਨੂੰ ਧੌਲਾ ਕੁਆਂ ਨੇੜੇ ਮੌਜੂਦ ਕਿਸੇ ਵੱਡੇ ਹਸਪਤਾਲ ਵਿੱਚ ਲਿਜਾਇਆ ਜਾਂਦਾ ਤਾਂ ਸ਼ਾਇਦ ਨਤੀਜਾ ਵੱਖਰਾ ਹੋ ਸਕਦਾ ਸੀ।
ਦਿੱਲੀ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਨਵਜੋਤ ਸਿੰਘ, ਜੋ ਹਰੀ ਨਗਰ ਵਿੱਚ ਰਹਿੰਦੇ ਸਨ, ਆਪਣੀ ਪਤਨੀ ਨਾਲ ਸਾਈਕਲਿੰਗ ਕਰ ਰਹੇ ਸਨ, ਉਸੇ ਸਮੇਂ ਇਹ ਹਾਦਸਾ ਵਾਪਰਿਆ। ਇਸ ਦੌਰਾਨ ਬੀਐਮਡਬਲਯੂ ਕਾਰ ਦੀ ਟੱਕਰ ਨਾਲ ਨਾਲ ਸਾਈਕਲ ਦੀ ਟੱਕਰ ਇੱਕ ਬੱਸ ਨਾਲ ਵੀ ਹੋਈ, ਜਿਸ ਨਾਲ ਸਥਿਤੀ ਹੋਰ ਗੰਭੀਰ ਬਣ ਗਈ।
ਚਸ਼ਮਦੀਦਾਂ ਦੇ ਅਨੁਸਾਰ, ਇੱਕ ਔਰਤ ਕਾਰ ਚਲਾ ਰਹੀ ਸੀ ਅਤੇ ਹਾਦਸੇ ਤੋਂ ਬਾਅਦ ਉਸਨੇ ਆਪਣੇ ਪਤੀ ਨਾਲ ਮਿਲਕੇ ਇੱਕ ਟੈਕਸੀ ਰੋਕੀ ਅਤੇ ਜ਼ਖਮੀਆਂ ਨੂੰ ਹਸਪਤਾਲ ਤੱਕ ਪਹੁੰਚਾਇਆ। ਬਾਅਦ ਵਿੱਚ ਹਸਪਤਾਲ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਦੂਜਾ ਗੰਭੀਰ ਜ਼ਖਮੀ ਹੈ।
ਪੁਲਿਸ ਨੇ ਹਾਦਸੇ ਵਿੱਚ ਸ਼ਾਮਲ ਦੋਵੇਂ ਵਾਹਨਾਂ ਨੂੰ ਜ਼ਬਤ ਕਰ ਲਿਆ ਹੈ। ਅਪਰਾਧ ਵਿਭਾਗ ਦੀ ਟੀਮ ਨੇ ਮੌਕੇ ਦੀ ਜਾਂਚ ਕੀਤੀ ਹੈ ਅਤੇ ਫੋਰੈਂਸਿਕ ਸਾਇੰਸ ਲੈਬ (FSL) ਦੀ ਟੀਮ ਨੂੰ ਵੀ ਸਬੂਤ ਇਕੱਠੇ ਕਰਨ ਲਈ ਬੁਲਾਇਆ ਗਿਆ ਹੈ। ਹਾਦਸੇ ਤੋਂ ਬਾਅਦ ਦਿੱਲੀ ਵਿੱਚ ਸੜਕ ਸੁਰੱਖਿਆ, ਹਸਪਤਾਲ ਪ੍ਰਬੰਧ ਅਤੇ ਐਮਰਜੈਂਸੀ ਸਿਸਟਮ ਦੀ ਕਾਰਗੁਜ਼ਾਰੀ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ।