ਅੰਮ੍ਰਿਤਸਰ – ਪੰਜਾਬ ਵਿੱਚ ਨਸ਼ੇ ਦੇ ਖ਼ਿਲਾਫ਼ ਚਲ ਰਹੀ ਮੁਹਿੰਮ ਨੂੰ ਵੱਡੀ ਸਫਲਤਾ ਮਿਲੀ ਹੈ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਸੁਚੱਜੀ ਕਾਰਵਾਈ ਦੌਰਾਨ ਸਰਹੱਦੀ ਇਲਾਕੇ ਵਿੱਚ ਕਾਫੀ ਸਮੇਂ ਤੋਂ ਸਰਗਰਮ ਕ੍ਰਾਸ-ਬਾਰਡਰ ਹੈਰੋਇਨ ਕਾਰਟਲ ਨੂੰ ਬੇਨਕਾਬ ਕਰ ਦਿੱਤਾ ਹੈ। ਇਸ ਕਾਰਵਾਈ ਅਧੀਨ ਕੁੱਲ 9 ਸਮੱਗਲਰ ਗ੍ਰਿਫ਼ਤਾਰ ਕੀਤੇ ਗਏ ਹਨ, ਜਿਨ੍ਹਾਂ ਵਿੱਚ ਆਮ ਆਦਮੀ ਪਾਰਟੀ ਨਾਲ ਸੰਬੰਧਤ ਇੱਕ ਮੌਜੂਦਾ ਸਰਪੰਚ ਵੀ ਸ਼ਾਮਲ ਹੈ। ਪੁਲਿਸ ਨੇ ਉਨ੍ਹਾਂ ਤੋਂ 20 ਕਿਲੋ 194 ਗ੍ਰਾਮ ਹੈਰੋਇਨ ਅਤੇ ਇੱਕ ਆਧੁਨਿਕ ਪਿਸਟਲ ਸਮੇਤ ਮੈਗਜ਼ੀਨ ਵੀ ਕਬਜ਼ੇ ਵਿੱਚ ਕੀਤੇ ਹਨ।
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਾਰਵਾਈ ਦੋ ਪੜਾਅ ਵਿੱਚ ਕੀਤੀ ਗਈ। ਪਹਿਲੇ ਪੜਾਅ ਵਿੱਚ 5 ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ 8.187 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਸੀ। ਉਸ ਤੋਂ ਬਾਅਦ ਹੋਈ ਅਗਲੀ ਕਾਰਵਾਈ ਵਿੱਚ ਹੋਰ 4 ਤਸਕਰਾਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਵਿੱਚ ਗੁਰਸੇਵਕ ਸਿੰਘ ਦੇ ਖੁਲਾਸਿਆਂ ਤੋਂ ਬਾਅਦ ਗੁਰਭੇਜ ਸਿੰਘ ਅਤੇ ਉਸਦਾ ਪੁੱਤਰ ਗੁਰਦਿੱਤ ਸਿੰਘ ਵੀ ਸਾਹਮਣੇ ਆਏ। ਦੋਵੇਂ ਦਾ ਪਾਕਿਸਤਾਨੀ ਸਮੱਗਲਰ ‘ਪਠਾਣ’ ਨਾਲ ਸਿੱਧਾ ਸੰਪਰਕ ਸੀ, ਜੋ ਤਰਨਤਾਰਨ ਖੇਤਰ ਵਿੱਚ ਨਸ਼ਿਆਂ ਦੀ ਸਪਲਾਈ ਲਈ ਕਾਫ਼ੀ ਸਮੇਂ ਤੋਂ ਸਰਗਰਮ ਹੈ।
ਪੁਲਿਸ ਨੇ ਗੁਰਭੇਜ ਸਿੰਘ ਦੇ ਘਰ ਵਿੱਚ ਤਲਾਸ਼ੀ ਦੌਰਾਨ 10 ਕਿਲੋ ਹੈਰੋਇਨ ਬਰਾਮਦ ਕੀਤੀ, ਜੋ ਮੱਝਾਂ ਵਾਲੇ ਵਾੜੇ ਵਿੱਚ ਪਲਾਸਟਿਕ ਦੇ ਡੱਬੇ ਵਿੱਚ ਜ਼ਮੀਨ ਹੇਠਾਂ ਦੱਬ ਕੇ ਰੱਖੀ ਹੋਈ ਸੀ। ਇਸ ਗਿਰੋਹ ਵਿੱਚ ਮਲਕੀਤ ਸਿੰਘ ਨਾਮ ਦਾ ਵਿਅਕਤੀ ਵੀ ਸ਼ਾਮਲ ਸੀ, ਜੋ ਆਪਣੇ ਖੇਤਾਂ ਰਾਹੀਂ ਤਸਕਰਾਂ ਦੀ ਮਦਦ ਕਰਦਾ ਸੀ। ਇਹ ਸਮੱਗਲਰ ਮੁੱਖ ਤੌਰ ’ਤੇ ਤਰਨਤਾਰਨ ਅਤੇ ਅੰਮ੍ਰਿਤਸਰ ਦੇ ਪਿੰਡ ਕੋਟਲੀ ਖੇਤਰ ਵਿੱਚ ਸਰਗਰਮ ਸਨ।
‘AAP’ ਸਰਪੰਚ ਤੋਂ ਹੈਰੋਇਨ ਅਤੇ ਹਥਿਆਰ ਬਰਾਮਦ
ਸਭ ਤੋਂ ਵੱਡਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਪੁਲਿਸ ਨੇ ਅਜਨਾਲਾ ਖੇਤਰ ਦੇ ਪਿੰਡ ਕੋਟਲੀ ਸੱਕਾ ਦੇ ਸਰਪੰਚ ਗੁਰਜੀਤ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ। ਪੁੱਛਗਿੱਛ ਅਤੇ ਨਿਸ਼ਾਨਦੇਹੀ ਤੋਂ ਬਾਅਦ ਉਸਦੇ ਘਰ ਤੋਂ 2.06 ਕਿਲੋ ਹੈਰੋਇਨ, ਇੱਕ .30 ਬੋਰ ਪਿਸਟਲ ਅਤੇ ਮੈਗਜ਼ੀਨ ਬਰਾਮਦ ਕੀਤੀ ਗਈ। ਪਿਸਟਲ ਉਸਨੇ ਆਪਣੇ ਬਿਸਤਰੇ ਹੇਠਾਂ ਲੁਕਾ ਰੱਖਿਆ ਸੀ।
ਕਮਿਸ਼ਨਰ ਭੁੱਲਰ ਅਨੁਸਾਰ, ਹਾਲੀਆ ਹੜ੍ਹਾਂ ਕਾਰਨ ਸਮੱਗਲਰਾਂ ਨੇ ਆਪਣੇ ਨੈੱਟਵਰਕ ਨੂੰ ਨਵੀਂ ਤਰ੍ਹਾਂ ਐਕਟੀਵੇਟ ਕਰਕੇ ਤਰਨਤਾਰਨ ਰਾਹੀਂ ਨਸ਼ਿਆਂ ਦੀ ਸਪਲਾਈ ਸ਼ੁਰੂ ਕੀਤੀ ਸੀ। ਗੁਰਜੀਤ ਸਿੰਘ ਦੀ ਭੂਮਿਕਾ ਸਿਰਫ਼ ਹੈਰੋਇਨ ਸਮਗਲਿੰਗ ਤੱਕ ਹੀ ਸੀਮਿਤ ਨਹੀਂ ਸੀ, ਬਲਕਿ ਉਹ ਹਥਿਆਰਾਂ ਅਤੇ ਹਵਾਲਾ ਨੈੱਟਵਰਕ ਨਾਲ ਵੀ ਜੁੜਿਆ ਹੋਇਆ ਸੀ।
ਪੁਲਿਸ ਨੇ ਕਿਹਾ ਕਿ ਇਹ ਮਾਮਲਾ ਨਾ ਸਿਰਫ਼ ਨਸ਼ੇ ਦੇ ਗੰਭੀਰ ਰੁਝਾਨ ਨੂੰ ਦਰਸਾਉਂਦਾ ਹੈ, ਬਲਕਿ ਇਸ ਗੱਲ ਦਾ ਵੀ ਸਬੂਤ ਹੈ ਕਿ ਕਈ ਵਾਰ ਚੁਣੇ ਹੋਏ ਲੋਕ ਵੀ ਡਰੱਗ ਕਾਰਟੇਲ ਦਾ ਹਿੱਸਾ ਬਣ ਜਾਂਦੇ ਹਨ। ਅੰਮ੍ਰਿਤਸਰ ਪੁਲਿਸ ਨੇ ਯਕੀਨ ਦਵਾਇਆ ਹੈ ਕਿ ਨਸ਼ਾ ਮਾਫੀਆ ਦੇ ਖ਼ਿਲਾਫ਼ ਲੜਾਈ ਹੋਰ ਵੀ ਤੇਜ਼ ਕੀਤੀ ਜਾਵੇਗੀ ਅਤੇ ਸਰਹੱਦੀ ਇਲਾਕਿਆਂ ਵਿੱਚ ਸਰਗਰਮ ਗਿਰੋਹਾਂ ਨੂੰ ਜਲਦੀ ਤੋੜਿਆ ਜਾਵੇਗਾ।