ਨਵੀਂ ਦਿੱਲੀ – ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ਦੇ ਮੱਦੇਨਜ਼ਰ ਦਿੱਲੀ ਸਰਕਾਰ ਨੇ ਪੰਜਾਬ ਵਾਸੀਆਂ ਦੇ ਲਈ ਆਪਣਾ ਦਿਲ ਖੋਲ੍ਹ ਕੇ ਯੋਗਦਾਨ ਪਾਇਆ ਹੈ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਪੰਜਾਬ ਦੇ ਮੁੱਖ ਮੰਤਰੀ ਰਾਹਤ ਫੰਡ ਵਿੱਚ ਦਿੱਲੀ ਸਰਕਾਰ ਵੱਲੋਂ ਪੰਜ ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਜਾਰੀ ਕੀਤੀ ਗਈ ਹੈ। ਇਸ ਸਬੰਧੀ ਇੱਕ ਚੈੱਕ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਹੈ।
ਮੁੱਖ ਮੰਤਰੀ ਰੇਖਾ ਗੁਪਤਾ ਨੇ ਇਸ ਮੌਕੇ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਕ ਪੱਤਰ ਵੀ ਲਿਖਿਆ ਜਿਸ ਵਿੱਚ ਉਨ੍ਹਾਂ ਨੇ ਮਾਨ ਸਾਹਿਬ ਦੀ ਸਿਹਤ ਅਤੇ ਪੰਜਾਬ ਦੇ ਹਾਲਾਤਾਂ ਬਾਰੇ ਜਾਣਕਾਰੀ ਲਈ। ਉਹਨਾਂ ਨੇ ਭਰੋਸਾ ਦਵਾਇਆ ਕਿ ਦਿੱਲੀ ਸਰਕਾਰ ਹੀ ਨਹੀਂ, ਸਗੋਂ ਹਰ ਇੱਕ ਦਿੱਲੀ ਵਾਸੀ ਇਸ ਸੰਕਟਮਈ ਘੜੀ ਵਿੱਚ ਪੰਜਾਬ ਦੇ ਭਰਾ-ਭੈਣਾਂ ਦੇ ਨਾਲ ਇੱਕ ਪਰਿਵਾਰ ਵਾਂਗ ਖੜ੍ਹੇ ਹਨ।

ਉਨ੍ਹਾਂ ਕਿਹਾ, “ਇਹ 5 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਸਿਰਫ਼ ਆਰਥਿਕ ਯੋਗਦਾਨ ਨਹੀਂ, ਸਗੋਂ ਹਰ ਦਿੱਲੀ ਵਾਸੀ ਦੇ ਪਿਆਰ, ਸਨੇਹ ਅਤੇ ਭਰਾਵਾਂਪਨ ਦੀ ਨਿਸ਼ਾਨੀ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਯੋਗਦਾਨ ਪ੍ਰਭਾਵਿਤ ਪਰਿਵਾਰਾਂ ਨੂੰ ਆਪਣੀ ਜ਼ਿੰਦਗੀ ਮੁੜ ਪੱਟੜੀ ‘ਤੇ ਲਿਆਂਦੇ ਵਿੱਚ ਮਦਦਗਾਰ ਸਾਬਤ ਹੋਵੇਗਾ।”
ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਸੀਂ ਸਾਰੇ ਮਿਲ ਕੇ ਪ੍ਰਭੂ ਅੱਗੇ ਅਰਦਾਸ ਕਰੀਏ ਕਿ ਪੰਜਾਬ ਜਲਦੀ ਹੀ ਇਸ ਕੁਦਰਤੀ ਆਫ਼ਤ ਤੋਂ ਬਾਹਰ ਆ ਜਾਵੇ ਅਤੇ ਹਰ ਘਰ ਵਿੱਚ ਮੁੜ ਖੁਸ਼ੀਆਂ, ਚੈਨ ਅਤੇ ਮੁਸਕਰਾਹਟਾਂ ਵਾਪਸ ਆ ਸਕਣ।
ਦਿੱਲੀ ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜ਼ਰੂਰਤ ਪੈਣ ‘ਤੇ ਹੋਰ ਤਰੀਕਿਆਂ ਨਾਲ ਵੀ ਪੰਜਾਬ ਨੂੰ ਮਦਦ ਦਿੱਤੀ ਜਾਵੇਗੀ। ਸਰਕਾਰ ਵੱਲੋਂ ਟੀਮਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਭੇਜਣ ਅਤੇ ਰਾਹਤ ਸਮੱਗਰੀ ਭੇਜਣ ਦੇ ਵਿਕਲਪਾਂ ‘ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।

ਯਾਦ ਰਹੇ ਕਿ ਬੀਤੇ ਦਿਨੀਂ ਪੰਜਾਬ ਵਿੱਚ ਹੋਈ ਭਾਰੀ ਵਰਖਾ ਕਾਰਨ ਕਈ ਇਲਾਕੇ ਹੜ੍ਹਾਂ ਦੀ ਚਪੇਟ ਵਿੱਚ ਆ ਗਏ ਹਨ। ਲਗਭਗ 1400 ਪਿੰਡ ਡੁੱਬ ਗਏ ਹਨ ਅਤੇ ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਛੱਡਣ ਪਏ ਹਨ। ਕਈ ਪਰਿਵਾਰ ਬੇਘਰ ਹੋ ਕੇ ਰਾਹਤ ਕੈਂਪਾਂ ਵਿੱਚ ਪਨਾਹ ਲੈ ਰਹੇ ਹਨ। ਖੇਤੀਬਾੜੀ ਅਤੇ ਹੋਰ ਸੰਪਤੀ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ।
ਦਿੱਲੀ ਸਰਕਾਰ ਦਾ ਇਹ ਕਦਮ ਨਾ ਸਿਰਫ਼ ਪੰਜਾਬ ਦੇ ਲੋਕਾਂ ਲਈ ਰਾਹਤ ਲਿਆਉਣ ਵਾਲਾ ਹੈ, ਬਲਕਿ ਦੋਨੋ ਰਾਜਾਂ ਦੇ ਆਪਸੀ ਭਰਾਵਾਂਪਨ ਅਤੇ ਇਕਤਾ ਦੀ ਇੱਕ ਮਜ਼ਬੂਤ ਮਿਸਾਲ ਵੀ ਪੇਸ਼ ਕਰਦਾ ਹੈ।