ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਨੇ ਹਾਲੀਆ ਹੜ੍ਹਾਂ ਕਾਰਨ ਖੇਤਾਂ ਵਿੱਚ ਜਮ੍ਹਾਂ ਹੋਈ ਮਿੱਟੀ ਨੂੰ ਲੈ ਕੇ ਕਿਸਾਨਾਂ ਲਈ ਵੱਡਾ ਫੈਸਲਾ ਕੀਤਾ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਬੀਰ ਗੋਸਲ ਨੇ ਐਲਾਨ ਕੀਤਾ ਹੈ ਕਿ 27 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਕਿਸਾਨ ਮੇਲੇ ਦੇ ਦੌਰਾਨ ਮਿੱਟੀ ਦੀ ਜਾਂਚ ਮੁਫ਼ਤ ਕੀਤੀ ਜਾਵੇਗੀ। ਆਮ ਤੌਰ ‘ਤੇ ਇਹ ਟੈਸਟ ਕਰਾਉਣ ਲਈ ਲਗਭਗ 50 ਰੁਪਏ ਲਾਗੂ ਹੁੰਦੇ ਹਨ, ਪਰ ਹੜ੍ਹਾਂ ਦੇ ਮੱਦੇਨਜ਼ਰ ਇਹ ਸੇਵਾ ਕਿਸਾਨਾਂ ਨੂੰ ਬਿਨਾਂ ਕਿਸੇ ਖ਼ਰਚੇ ਉਪਲਬਧ ਕਰਾਈ ਜਾਵੇਗੀ।
ਡਾ. ਗੋਸਲ ਨੇ ਦੱਸਿਆ ਕਿ ਕਿਸਾਨ ਆਪਣੇ ਖੇਤਾਂ ਦੀ ਮਿੱਟੀ ਲੈ ਕੇ ਆ ਸਕਦੇ ਹਨ, ਜਿਸਦੀ ਵਿਗਿਆਨਕ ਜਾਂਚ ਕੀਤੀ ਜਾਵੇਗੀ। ਇਸ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਹੜ੍ਹ ਨਾਲ ਆਈ ਨਵੀਂ ਮਿੱਟੀ ਖੇਤੀ ਲਈ ਕਿਸ ਤਰ੍ਹਾਂ ਦੀ ਹੈ ਅਤੇ ਉਸ ਵਿੱਚ ਕਿਹੜੇ ਤੱਤਾਂ ਦੀ ਘਾਟ ਜਾਂ ਵਧੇਰੇ ਮਾਤਰਾ ਮੌਜੂਦ ਹੈ। ਉਨ੍ਹਾਂ ਕਿਹਾ ਕਿ “PAU ਹਮੇਸ਼ਾ ਕਿਸਾਨਾਂ ਦੇ ਨਾਲ ਖੜ੍ਹੀ ਹੈ ਅਤੇ ਅੱਗੇ ਵੀ ਉਨ੍ਹਾਂ ਦੇ ਹਿਤਾਂ ਲਈ ਕੰਮ ਕਰਦੀ ਰਹੇਗੀ।”
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਿੱਟੀ ਵਿਗਿਆਨ ਵਿਭਾਗ ਦੇ ਮੁਖੀ ਡਾ. ਰਾਜੇਸ਼ ਸਿੱਕਾ ਨੇ ਹੜ੍ਹ ਨਾਲ ਆਈ ਮਿੱਟੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਮਿੱਟੀ ਪਹਾੜਾਂ ਤੋਂ ਪਾਣੀ ਰਾਹੀਂ ਆਉਂਦੀ ਹੈ ਅਤੇ ਇਸ ਵਿੱਚ ਰੇਤ (Sand), ਸਿਲਟ (Silt), ਚਿਕਣੀ ਮਿੱਟੀ (Clay) ਅਤੇ ਆਰਗੈਨਿਕ ਤੱਤ ਸ਼ਾਮਲ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਮਿੱਟੀ ਵਿੱਚ ਪੋਟੈਸ਼ੀਅਮ ਅਤੇ ਨਾਈਟ੍ਰੋਜਨ ਦੀ ਮਾਤਰਾ ਵੱਧ ਹੁੰਦੀ ਹੈ, ਜੋ ਖੇਤੀ ਲਈ ਲਾਭਦਾਇਕ ਹੈ।
ਡਾ. ਸਿੱਕਾ ਨੇ ਇਹ ਵੀ ਸਪੱਸ਼ਟ ਕੀਤਾ ਕਿ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਮਿੱਟੀ ਵਿੱਚ ਕੁਝ ਤੱਤਾਂ ਦੀ ਅਸਮਾਨਤਾ ਆ ਵੀ ਜਾਵੇ, ਤਾਂ ਹਰੀਆਂ ਖਾਦਾਂ (Green manure), ਰੂੜੀ ਦੀ ਖਾਦ ਜਾਂ ਹੋਰ ਜ਼ਰੂਰੀ ਤੱਤ ਪਾ ਕੇ ਉਸਨੂੰ ਸੰਤੁਲਿਤ ਕੀਤਾ ਜਾ ਸਕਦਾ ਹੈ। ਇਸ ਨਾਲ ਮਿੱਟੀ ਦੀ ਗੁਣਵੱਤਾ ਹੋਰ ਸੁਧਰੇਗੀ ਅਤੇ ਖੇਤੀਬਾੜੀ ਲਈ ਸਕਾਰਾਤਮਕ ਪ੍ਰਭਾਵ ਪਵੇਗਾ।
ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਫ਼ੈਸਲਾ ਨਾ ਸਿਰਫ਼ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਰਾਹਤ ਦੇਵੇਗਾ, ਸਗੋਂ ਮਿੱਟੀ ਦੇ ਸਹੀ ਉਪਯੋਗ ਰਾਹੀਂ ਆਉਣ ਵਾਲੇ ਮੌਸਮ ਦੀ ਬੀਜਾਈ ਨੂੰ ਵੀ ਸੁਚਾਰੂ ਬਣਾਏਗਾ।