ਲੁਧਿਆਣਾ : ਲੁਧਿਆਣਾ ਅਤੇ ਫ਼ਿਲੌਰ ਵਿਚਕਾਰ ਨੈਸ਼ਨਲ ਹਾਈਵੇ ’ਤੇ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਜਨਕ ਘਟਨਾ ਸਾਹਮਣੇ ਆਈ ਹੈ। ਤਾਜ਼ਾ ਮਾਮਲੇ ਨੇ ਨਾ ਸਿਰਫ਼ ਸਥਾਨਕ ਲੋਕਾਂ ਬਲਕਿ ਪੂਰੇ ਇਲਾਕੇ ਦੇ ਯਾਤਰੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪਤਾ ਲੱਗਾ ਹੈ ਕਿ ਸਵਾਰੀਆਂ ਢੋਣ ਦੀ ਆੜ ’ਚ ਇਕ ਲੁਟੇਰਾ ਗਿਰੋਹ ਲੰਮੇ ਸਮੇਂ ਤੋਂ ਸਰਗਰਮ ਹੈ ਜੋ ਖ਼ਾਸ ਕਰਕੇ ਔਰਤਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਇਹ ਗਿਰੋਹ ਚਲਦੇ ਆਟੋ-ਰਿਕਸ਼ਿਆਂ ਵਿੱਚ ਤੇਜ਼ਧਾਰ ਹਥਿਆਰਾਂ ਦੇ ਜ਼ੋਰ ’ਤੇ ਲੁੱਟਪਾਟ ਕਰਦਾ ਹੈ।
ਇਹ ਦਹਿਲਾ ਦੇਣ ਵਾਲੀ ਘਟਨਾ ਅੱਜ ਸ਼ਾਮ ਕਰੀਬ 4 ਵਜੇ ਦੀ ਹੈ ਜਦੋਂ ਇਕ ਮਹਿਲਾ ਫ਼ਿਲੌਰ ਵੱਲ ਆਟੋ ਰਾਹੀਂ ਆ ਰਹੀ ਸੀ। ਪੀੜਤ ਮਹਿਲਾ ਦੇ ਬਿਆਨ ਮੁਤਾਬਕ, ਆਟੋ ਵਿੱਚ ਡਰਾਈਵਰ ਤੋਂ ਇਲਾਵਾ ਪਹਿਲਾਂ ਹੀ ਤਿੰਨ ਨੌਜਵਾਨ ਸਵਾਰ ਸਨ। ਰਸਤੇ ਵਿੱਚ ਇਕ ਲੜਕੇ ਨੇ ਬਾਥਰੂਮ ਜਾਣ ਦਾ ਬਹਾਨਾ ਬਣਾਕੇ ਆਟੋ ਰੁਕਵਾਇਆ ਅਤੇ ਵਾਪਸੀ ’ਤੇ ਬੈਠਦੇ ਹੀ ਬਾਕੀ ਦੋ ਸਾਥੀਆਂ ਨਾਲ ਮਿਲਕੇ ਮਹਿਲਾ ਨੂੰ ਵਿਚਕਾਰ ਫਸਾ ਲਿਆ। ਕੁਝ ਹੀ ਦੂਰੀ ਤੈਅ ਕਰਨ ਤੋਂ ਬਾਅਦ ਉਨ੍ਹਾਂ ਨੇ ਹਥਿਆਰ ਕੱਢ ਕੇ ਔਰਤ ਨੂੰ ਗਲੇ ਵਿੱਚ ਪਾਈ ਚੁੰਨੀ ਨਾਲ ਬੰਨ੍ਹਣ ਦੀ ਕੋਸ਼ਿਸ਼ ਕੀਤੀ।
ਪਰ ਮਹਿਲਾ ਨੇ ਹਿੰਮਤ ਨਹੀਂ ਹਾਰੀ ਅਤੇ ਸੁਰੱਖਿਆ ਲਈ ਦਿਲੇਰੀ ਦਿਖਾਈ। ਉਸਨੇ ਵਿਰੋਧ ਕਰਦਿਆਂ ਚਲਦੇ ਆਟੋ ਵਿੱਚੋਂ ਬਾਹਰ ਲਟਕ ਕੇ ਰਾਹਗੀਰਾਂ ਤੋਂ ਮਦਦ ਮੰਗਣ ਦੀ ਕੋਸ਼ਿਸ਼ ਕੀਤੀ। ਔਰਤ ਦੀ ਇਹ ਦਿਲ ਦਹਲਾ ਦੇਣ ਵਾਲੀ ਹਾਲਤ ਦੇਖ ਕੇ ਹੋਰ ਵਾਹਨਾਂ ਸਵਾਰ ਲੋਕਾਂ ਨੇ ਆਟੋ ਰੋਕਣ ਦੀ ਕੋਸ਼ਿਸ਼ ਕੀਤੀ। ਕਈ ਕਾਰ ਚਾਲਕਾਂ ਨੇ ਆਟੋ ਅੱਗੇ ਆਪਣੀਆਂ ਗੱਡੀਆਂ ਲਗਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਲੁਟੇਰਿਆਂ ਨੇ ਗੱਡੀਆਂ ਨੂੰ ਟੱਕਰ ਮਾਰਦਿਆਂ ਆਪਣਾ ਸਫ਼ਰ ਜਾਰੀ ਰੱਖਿਆ।
ਇਸ ਘਟਨਾ ਦੇ ਪਿੱਛੇ ਇਕ ਪੱਤਰਕਾਰ ਵੀ ਆਪਣੀ ਕਾਰ ਵਿੱਚ ਆ ਰਿਹਾ ਸੀ ਜਿਸ ਨੇ ਪੂਰੀ ਵਾਰਦਾਤ ਕੈਮਰੇ ’ਚ ਕੈਦ ਕਰ ਲਈ। ਕੁਝ ਦੂਰੀ ਤੈਅ ਕਰਨ ਤੋਂ ਬਾਅਦ ਬੇਕਾਬੂ ਆਟੋ ਅਚਾਨਕ ਪਲਟ ਗਿਆ। ਹਾਦਸੇ ’ਚ ਦੋ ਲੁਟੇਰੇ ਗੰਭੀਰ ਜ਼ਖਮੀ ਹੋ ਗਏ ਜਦੋਂਕਿ ਤੀਜਾ ਮੌਕੇ ਤੋਂ ਫਰਾਰ ਹੋ ਗਿਆ। ਲੋਕਾਂ ਨੇ ਗੁੱਸੇ ’ਚ ਜ਼ਖ਼ਮੀ ਲੁਟੇਰਿਆਂ ਨੂੰ ਖੂਬ ਪਿੱਟਿਆ ਅਤੇ ਬਾਅਦ ’ਚ ਉਨ੍ਹਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਪੀੜਤ ਮਹਿਲਾ ਵੀ ਜ਼ਖ਼ਮੀ ਹੋਈ ਹੈ, ਪਰ ਉਸਦੀ ਜਾਨ ਬਚ ਗਈ। ਲੋਕਾਂ ਨੇ ਕਿਹਾ ਕਿ ਜੇਕਰ ਆਟੋ ਮਹਿਲਾ ਦੀ ਸਾਈਡ ਵੱਲ ਪਲਟਦਾ ਤਾਂ ਵੱਡੀ ਤ੍ਰਾਸਦੀ ਹੋ ਸਕਦੀ ਸੀ।
ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ ਕਿ ਲੰਬੇ ਸਫ਼ਰ ਲਈ ਖ਼ਾਸ ਕਰਕੇ ਔਰਤਾਂ ਨੂੰ ਆਟੋ-ਰਿਕਸ਼ਿਆਂ ਦੀ ਬਜਾਏ ਬੱਸਾਂ ਜਾਂ ਹੋਰ ਸਰਕਾਰੀ ਸਹੂਲਤਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਔਰਤਾਂ ਨੂੰ ਮੁਫ਼ਤ ਬੱਸ ਯਾਤਰਾ ਦੀ ਸਹੂਲਤ ਦਿੱਤੀ ਗਈ ਹੈ ਜਿਸਦਾ ਲਾਭ ਲੈ ਕੇ ਉਹ ਆਪਣੇ ਆਪ ਨੂੰ ਇਸ ਕਿਸਮ ਦੇ ਖ਼ਤਰਿਆਂ ਤੋਂ ਬਚਾ ਸਕਦੀਆਂ ਹਨ।
ਪੁਲਿਸ ਵੱਲੋਂ ਦੋਵੇਂ ਲੁਟੇਰਿਆਂ ਨੂੰ ਹਿਰਾਸਤ ਵਿੱਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਦੋਂਕਿ ਫਰਾਰ ਲੁਟੇਰੇ ਦੀ ਤਲਾਸ਼ ਜਾਰੀ ਹੈ।