ਸਮਰਾਲਾ ਸ਼ਹਿਰ ਵਿੱਚ ਅਪਰਾਧਕ ਗਤੀਵਿਧੀਆਂ ਲਗਾਤਾਰ ਵਧ ਰਹੀਆਂ ਹਨ। ਤਾਜ਼ਾ ਮਾਮਲੇ ਵਿੱਚ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਸ਼ਾਮ ਦੇ ਸਮੇਂ ਇਕ ਨੌਜਵਾਨ ਤੋਂ ਸੋਨੇ ਦੀ ਚੇਨ ਲੁੱਟ ਕੇ ਫਰਾਰ ਹੋਣ ਦਾ ਕਾਰਨਾਮਾ ਕੀਤਾ। ਇਹ ਵਾਕਿਆ ਸਮਰਾਲਾ ਦੇ ਸ੍ਰੀ ਗੁਰਦੁਆਰਾ ਸਾਹਿਬ, ਚੰਡੀਗੜ੍ਹ ਰੋਡ ਨੇੜੇ ਸੰਘਣੀ ਅਬਾਦੀ ਵਾਲੇ ਇਲਾਕੇ ਦੀ ਗਲੀ ਵਿੱਚ ਵਾਪਰਿਆ, ਜਿਸ ਕਾਰਨ ਸਥਾਨਕ ਲੋਕਾਂ ਵਿੱਚ ਚਿੰਤਾ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਘਟਨਾ ਕਰੀਬ ਸ਼ਾਮ 7.30 ਵਜੇ ਵਾਪਰੀ, ਜਦੋਂ ਪੀੜਤ ਨੌਜਵਾਨ ਮਨੀ ਕੁਮਾਰ ਨੰਦਾ ਘਰ ਨੇੜੇ ਸਥਿਤ ਕੰਫੈਕਸ਼ਨਰੀ ਦੀ ਦੁਕਾਨ ਤੋਂ ਬਰੈਡ ਖਰੀਦ ਕੇ ਵਾਪਸ ਲੌਟ ਰਿਹਾ ਸੀ। ਉਸਨੇ ਦੱਸਿਆ ਕਿ ਦੋ ਮੋਟਰਸਾਈਕਲ ਸਵਾਰ ਉਸਦੇ ਕੋਲ ਆ ਰੁਕੇ। ਅਚਾਨਕ ਇੱਕ ਨੌਜਵਾਨ ਬਾਈਕ ਤੋਂ ਉਤਰੀਆ ਅਤੇ ਪਿੱਛੋਂ ਧੱਕਾ ਦੇ ਕੇ ਉਸਦੀ ਗਰਦਨ ਵਿੱਚ ਪਾਈ ਲਗਭਗ ਦੋ ਤੋਲੇ ਭਾਰ ਦੀ ਸੋਨੇ ਦੀ ਚੇਨ ਛੀਣ ਕੇ ਆਪਣੇ ਸਾਥੀ ਨਾਲ ਮੋਟਰਸਾਈਕਲ ‘ਤੇ ਬੈਠ ਕੇ ਤੇਜ਼ੀ ਨਾਲ ਫਰਾਰ ਹੋ ਗਿਆ।
ਮਨੀ ਕੁਮਾਰ ਨੇ ਲੁਟੇਰਿਆਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਦੀ ਤੇਜ਼ ਰਫ਼ਤਾਰ ਕਾਰਨ ਨਾਕਾਮ ਰਿਹਾ। ਉਸਨੇ ਤੁਰੰਤ ਸਮਰਾਲਾ ਪੁਲਿਸ ਨੂੰ ਸੂਚਿਤ ਕੀਤਾ ਅਤੇ ਨਿਆਂ ਦੀ ਮੰਗ ਕੀਤੀ। ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਚੁੱਕੀ ਹੈ, ਜਿਸ ਨਾਲ ਪੁਲਿਸ ਨੂੰ ਜਾਂਚ ਵਿੱਚ ਸਹਾਇਤਾ ਮਿਲ ਰਹੀ ਹੈ।
ਇਸ ਮਾਮਲੇ ਬਾਰੇ ਸਮਰਾਲਾ ਪੁਲਿਸ ਦੇ ਏਐਸਆਈ ਜਰਨੈਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੌਕੇ ‘ਤੇ ਪਹੁੰਚ ਕੇ ਆਲੇ ਦੁਆਲੇ ਦੇ ਘਰਾਂ ਅਤੇ ਦੁਕਾਨਾਂ ਦੇ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ। ਉਹਨਾਂ ਕਿਹਾ ਕਿ ਲੁਟੇਰਿਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਪੁਲਿਸ ਨੇ ਇਸ ਮਾਮਲੇ ਵਿੱਚ ਸਥਾਨਕ ਲੋਕਾਂ ਦੇ ਸਹਿਯੋਗ ਦੀ ਵੀ ਅਪੀਲ ਕੀਤੀ ਹੈ।
ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਸਨੀਕਾਂ ਵਿੱਚ ਕਾਫ਼ੀ ਰੋਸ ਹੈ ਅਤੇ ਲੋਕਾਂ ਨੇ ਪ੍ਰਸ਼ਾਸਨ ਤੋਂ ਇਲਾਕੇ ਵਿੱਚ ਰਾਤ ਦੇ ਸਮੇਂ ਪਟਰੋਲਿੰਗ ਵਧਾਉਣ ਦੀ ਮੰਗ ਕੀਤੀ ਹੈ ਤਾਂ ਜੋ ਐਸੀਆਂ ਵਾਰਦਾਤਾਂ ‘ਤੇ ਰੋਕ ਲੱਗ ਸਕੇ।