ਲੁਧਿਆਣਾ: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ (ਪਾਵਰਕਾਮ) ਦੀ ਸਿਟੀ ਵੈਸਟ ਡਿਵਿਜ਼ਨ ਵਿੱਚ ਤਾਇਨਾਤ ਜੇ. ਇੰਜੀਨੀਅਰ (JE) ਦੀਪਕ ਕੁਮਾਰ ਖਿਲਾਫ ਗੰਭੀਰ ਦੋਸ਼ਾਂ ਦੀ ਜਾਂਚ ਲਈ ਉੱਚ ਅਧਿਕਾਰੀਆਂ ਨੇ ਵੱਡੀ ਕਾਰਵਾਈ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਹ ਕਾਰਵਾਈ ਬਾਜਵਾ ਨਗਰ ਇਲਾਕੇ ਵਿੱਚ ਰਮਨ ਚੋਪੜਾ ਅਤੇ ਮਿਯੰਕ ਚੋਪੜਾ ਵਲੋਂ ਲਗਾਏ ਗਏ ਦੋਸ਼ਾਂ ਦੀ ਪੜਤਾਲ ਲਈ ਕੀਤੀ ਜਾ ਰਹੀ ਹੈ।
ਖਪਤਕਾਰਾਂ ਨੇ ਦੋਸ਼ ਲਗਾਏ ਹਨ ਕਿ ਉਨ੍ਹਾਂ ਦੀ ਫੈਕਟਰੀ ਵਿੱਚ ਮੀਟਰ ਸ਼ਾਰਟ ਸਰਕਟ ਹੋਣ ਕਾਰਨ ਬਿਜਲੀ ਸੜ ਕੇ ਖਰਾਬ ਹੋ ਗਈ, ਜਿਸਦੀ ਸ਼ਿਕਾਇਤ ਉਨ੍ਹਾਂ ਵਲੋਂ ਲਿਖਤੀ ਅਤੇ ਪਾਵਰਕਾਮ ਦੀ ਆਨਲਾਈਨ ਪੋਰਟਲ ‘ਤੇ ਕੀਤੀ ਗਈ, ਪਰ ਕੋਈ ਕਾਰਵਾਈ ਨਹੀਂ ਹੋਈ। ਇਸ ਕਾਰਨ ਉਨ੍ਹਾਂ ਦੇ ਵਪਾਰ ਨੂੰ ਵੱਡਾ ਨੁਕਸਾਨ ਹੋਇਆ।
ਰਮਨ ਅਤੇ ਮਿਯੰਕ ਚੋਪੜਾ ਨੇ ਦੋਸ਼ ਲਗਾਇਆ ਕਿ ਜਦੋਂ ਮਾਮਲੇ ਨੂੰ ਲੈ ਕੇ ਵਿਭਾਗੀ ਮੁਲਾਜ਼ਮ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨਾਲ ਕਥਿਤ ਬਦਸਲੂਕੀ ਕੀਤੀ ਗਈ। ਇਨ੍ਹਾਂ ਨੇ ਮੁੱਖ ਮੰਤਰੀ ਨੂੰ ਵੀ ਅਪੀਲ ਕੀਤੀ ਹੈ ਕਿ ਜੇ. ਇੰਜੀਨੀਅਰ ਦੀਪਕ ਕੁਮਾਰ ਖਿਲਾਫ ਵਿਜੀਲੈਂਸ ਜਾਂਚ ਕਰਵਾਈ ਜਾਵੇ ਅਤੇ ਤੁਰੰਤ ਸਸਪੈਂਡ ਕੀਤਾ ਜਾਵੇ। ਇਸ ਤੋਂ ਪਹਿਲਾਂ ਵੀ ਪਾਵਰਕਾਮ ਦੇ ਉੱਚ ਅਧਿਕਾਰੀਆਂ ਨੂੰ ਇਸ ਜੇ.ਈ. ਖਿਲਾਫ ਕਈ ਦਫਾ ਗੰਭੀਰ ਸ਼ਿਕਾਇਤਾਂ ਮਿਲ ਚੁੱਕੀਆਂ ਹਨ।
ਚੀਫ ਇੰਜੀਨੀਅਰ ਪਾਵਰਕਾਮ ਜਗਦੇਵ ਸਿੰਘ ਹਾਂਸ ਨੇ ਕਿਹਾ, “ਦੇਖਿਆ ਜਾ ਰਿਹਾ ਹੈ ਕਿ ਦੋਸ਼ ਸਬੂਤ ਮਿਲਣ ‘ਤੇ ਜੇ.ਈ. ਦੀਪਕ ਕੁਮਾਰ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੋਵਾਂ ਧਿਰਾਂ ਦੀ ਸੁਣਨ ਤੋਂ ਬਾਅਦ ਪੂਰੀ ਰਿਪੋਰਟ ਬਣਾਈ ਜਾਵੇਗੀ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ, ਜਿਸ ਦੇ ਆਧਾਰ ‘ਤੇ ਅੰਤਿਮ ਕਾਰਵਾਈ ਕੀਤੀ ਜਾਵੇਗੀ।”
ਇਸ ਕਾਰਵਾਈ ਨੂੰ ਲੈ ਕੇ ਲੋਕਾਂ ਵਿੱਚ ਪਾਵਰਕਾਮ ਦੀ ਪ੍ਰਸ਼ਾਸਨਕ ਕਾਰਜਸ਼ੈਲੀ ਅਤੇ ਬਿਜਲੀ ਸੇਵਾਵਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠਣ ਲੱਗੇ ਹਨ। ਸਰਕਾਰ ਅਤੇ ਪਾਵਰਕਾਮ ਅਧਿਕਾਰੀਆਂ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਸ਼ਿਕਾਇਤਾਂ ਦੀ ਪੂਰੀ ਜਾਂਚ ਕੀਤੀ ਜਾਵੇਗੀ ਅਤੇ ਜੇ.ਈ. ਦੀਪਕ ਕੁਮਾਰ ਖਿਲਾਫ ਉਚਿਤ ਕਾਰਵਾਈ ਕੀਤੀ ਜਾਵੇਗੀ।