ਪੰਜਾਬ ‘ਚ ਨਸ਼ੇ ਦੀ ਲਤ ਨੇ ਇੱਕ ਵਾਰ ਫਿਰ ਨੌਜਵਾਨ ਦੀ ਜਾਨ ਲੈ ਲਈ ਹੈ। ਤਰਨਤਾਰਨ ਜ਼ਿਲ੍ਹੇ ਦੇ ਪਿੰਡ ਜੋਧਪੁਰ ਵਿੱਚ ਰਹਿਣ ਵਾਲੇ 22 ਸਾਲਾ ਰਾਹੁਲ ਦੀ ਮੌਤ ਨਸ਼ੇ ਦੀ ਤੋੜ ਨਾ ਸਹਾਰਣ ਕਾਰਨ ਹੋ ਗਈ। ਪਰਿਵਾਰਕ ਮੈਂਬਰਾਂ ਦੇ ਅਨੁਸਾਰ, ਰਾਹੁਲ ਪਿਛਲੇ ਇੱਕ ਸਾਲ ਤੋਂ ਸਮੈਕ ਦਾ ਨਸ਼ਾ ਕਰਦਾ ਸੀ। ਪਿਛਲੇ ਕੁਝ ਦਿਨਾਂ ਤੋਂ ਉਸਨੂੰ ਪਰਿਵਾਰ ਵੱਲੋਂ ਨਸ਼ਾ ਛਡਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤੇ ਉਸਨੂੰ ਘਰ ਵਿੱਚ ਹੀ ਰੱਖਿਆ ਹੋਇਆ ਸੀ। ਪਰ ਨਸ਼ੇ ਦੀ ਤੋੜ ਬਹੁਤ ਜ਼ਿਆਦਾ ਹੋਣ ਕਾਰਨ ਰਾਹੁਲ ਦੀ ਹਾਲਤ ਖ਼ਰਾਬ ਹੋ ਗਈ ਅਤੇ ਉਸਦੀ ਮੌਤ ਹੋ ਗਈ।
ਰਾਹੁਲ ਦੀ ਪਤਨੀ ਇੰਦਰਜੀਤ ਕੌਰ ਨੇ ਦੱਸਿਆ ਕਿ ਪਿਛਲੇ ਦੋ-ਤਿੰਨ ਦਿਨ ਤੋਂ ਉਹ ਆਪਣੇ ਪਤੀ ਨੂੰ ਨਸ਼ਾ ਨਹੀਂ ਕਰਨ ਦੇ ਰਹੇ ਸਨ, ਪਰ ਉਸਦੀ ਤਬੀਅਤ ਅਚਾਨਕ ਵਿਗੜ ਗਈ। ਉਸਨੇ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਉਸਦਾ ਪਤੀ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਿਆ ਕਿਉਂਕਿ ਉਹ ਨਸ਼ੇ ਦੀ ਤੋੜ ਬਰਦਾਸ਼ਤ ਨਹੀਂ ਕਰ ਸਕਿਆ। ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਅਤੇ ਪਿੰਡ ਵਿੱਚ ਮਾਹੌਲ ਗ਼ਮਗੀਨ ਬਣਿਆ ਹੋਇਆ ਹੈ।
ਇੰਦਰਜੀਤ ਕੌਰ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਪਿੰਡ ਵਿੱਚ ਨਸ਼ਾ ਸ਼ਰੇਆਮ ਵੇਚਿਆ ਜਾਂਦਾ ਹੈ ਪਰ ਪੁਲਿਸ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਉਹਨਾਂ ਨੇ ਦੋਸ਼ ਲਗਾਇਆ ਕਿ ਨਸ਼ਾ ਵਪਾਰੀਆਂ ਨੂੰ ਕੋਈ ਨਹੀਂ ਰੋਕਦਾ, ਜਿਸ ਕਾਰਨ ਹਰ ਰੋਜ਼ ਕਈ ਘਰਾਂ ਦੇ ਚਿਰਾਗ ਬੁੱਝ ਰਹੇ ਹਨ।
ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਿੰਡ ਜੋਧਪੁਰ ਸਮੇਤ ਇਲਾਕੇ ਵਿੱਚ ਨਸ਼ਾ ਵੇਚਣ ਵਾਲਿਆਂ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਹੋਰ ਪਰਿਵਾਰ ਆਪਣੇ ਨੌਜਵਾਨ ਪੁੱਤਰਾਂ ਨੂੰ ਨਸ਼ੇ ਦੀ ਭੇਟ ਚੜ੍ਹਦੇ ਦੇਖਣ ਲਈ ਮਜਬੂਰ ਨਾ ਹੋਣ।