ਬਰਨਾਲਾ ਦੇ ਧਨੌਲਾ ਇਲਾਕੇ ਵਿੱਚ ਸਥਿਤ ਮਸ਼ਹੂਰ ਦੀਪਕ ਢਾਬਾ ਮੁੜ ਚਰਚਾ ਵਿੱਚ ਆ ਗਿਆ ਹੈ। ਇੱਥੇ ਦੇ ਗੁਰਦੁਆਰਾ ਸ਼ਹੀਦ ਬਾਬਾ ਨੱਥਾ ਸਿੰਘ ਧਨੌਲਾ ਦੇ ਪ੍ਰਬੰਧਕਾਂ ਨੇ ਢਾਬਾ ਮਾਲਕਾਂ ਸਮੇਤ ਕੁੱਲ ਚਾਰ ਲੋਕਾਂ ‘ਤੇ ਗੁਰੂਘਰ ਦੀ ਕਰੋੜਾਂ ਰੁਪਏ ਦੀ ਜ਼ਮੀਨ ਧੋਖਾਧੜੀ ਨਾਲ ਹੜਪਣ ਦੇ ਗੰਭੀਰ ਇਲਜ਼ਾਮ ਲਗਾਏ ਹਨ। ਇਸ ਸਬੰਧੀ ਪੁਲਿਸ ਨੇ ਵੀ ਕੇਸ ਦਰਜ ਕਰ ਲਿਆ ਹੈ।
ਗੁਰੂਘਰ ਦੀ ਕਰੋੜਾਂ ਦੀ ਜ਼ਮੀਨ ‘ਤੇ ਨਜ਼ਰ
ਸ਼ਿਕਾਇਤਕਰਤਾ ਗੁਰਨਾਮ ਸਿੰਘ ਦੇ ਮੁਤਾਬਕ ਗੁਰੂਘਰ ਕੋਲ ਧਨੌਲਾ-ਭੀਖੀ ਮੁੱਖ ਸੜਕ ‘ਤੇ ਲਗਭਗ 27 ਕਨਾਲ ਜ਼ਮੀਨ ਹੈ, ਜਿਸ ਦੀ ਕੀਮਤ ਪ੍ਰਤੀ ਏਕੜ 3 ਤੋਂ 4 ਕਰੋੜ ਰੁਪਏ ਬਣਦੀ ਹੈ। ਪਰ ਇਲਜ਼ਾਮ ਲਗਾਇਆ ਗਿਆ ਹੈ ਕਿ ਇਸ ਜ਼ਮੀਨ ਦਾ ਵੱਡਾ ਹਿੱਸਾ (20 ਕਨਾਲ) ਧੋਖੇ ਨਾਲ ਸਿਰਫ਼ 87 ਲੱਖ ਰੁਪਏ ਵਿੱਚ ਵੇਚ ਦਿੱਤਾ ਗਿਆ।
ਰਜਿਸਟਰੀ ਵਿੱਚ ਕੀਤੀ ਗਈਆਂ ਗੜਬੜਾਂ
ਪ੍ਰਬੰਧਕਾਂ ਦਾ ਕਹਿਣਾ ਹੈ ਕਿ ਗੁਰੂਘਰ ਦੇ ਅੰਦਰ ਪਰਿਵਾਰਕ ਝਗੜੇ ਦਾ ਫਾਇਦਾ ਚੁੱਕਦੇ ਹੋਏ, ਪਾਲ ਕੌਰ ਤੇ ਅਜੈ ਨੌਨਿਹਾਲ ਸਿੰਘ ਨੇ ਮਿਲੀਭੁਗਤ ਕਰਕੇ ਇਹ ਜ਼ਮੀਨ ਵੇਚੀ। ਇਸ ਦੌਰਾਨ, ਧਨੌਲਾ ਦੇ ਕੌਂਸਲਰ ਕੇਵਲ ਸਿੰਘ ਦੇ ਨਾਂ ‘ਤੇ ਜਾਅਲੀ ਦਸਤਖ਼ਤ ਕਰਵਾ ਕੇ ਦੋ ਵੱਖ-ਵੱਖ ਰਜਿਸਟਰੀਆਂ ਕੀਤੀਆਂ ਗਈਆਂ। ਪਹਿਲੀ ਰਜਿਸਟਰੀ ਪੰਜਾਬੀ ਵਿੱਚ ਕਰਵਾਈ ਗਈ ਸੀ, ਜਦਕਿ ਦੂਜੀ ਰਜਿਸਟਰੀ ਵਿੱਚ ਕੇਵਲ ਸਿੰਘ ਦੇ ਅੰਗਰੇਜ਼ੀ ਵਿੱਚ ਜਾਅਲੀ ਦਸਤਖ਼ਤ ਕਰਵਾ ਦਿੱਤੇ ਗਏ।
ਕੌਂਸਲਰ ਨੇ ਮੰਨਿਆ – “ਮੇਰੇ ਨਾਲ ਧੋਖਾ ਹੋਇਆ”
ਕੌਂਸਲਰ ਕੇਵਲ ਸਿੰਘ ਨੇ ਮੀਡੀਆ ਸਾਹਮਣੇ ਖੁਲਾਸਾ ਕੀਤਾ ਕਿ ਉਹ ਸਿਰਫ਼ ਸੱਤਵੀਂ ਜਮਾਤ ਤੱਕ ਪੜ੍ਹੇ ਹਨ ਅਤੇ ਹਮੇਸ਼ਾਂ ਪੰਜਾਬੀ ਵਿੱਚ ਹੀ ਦਸਤਖ਼ਤ ਕਰਦੇ ਹਨ। ਉਹਨਾਂ ਨੇ ਸਾਫ਼ ਕੀਤਾ ਕਿ ਉਨ੍ਹਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ, ਪਰ ਰਜਿਸਟਰੀ ‘ਚ ਉਨ੍ਹਾਂ ਦੇ ਨਾਂ ‘ਤੇ ਅੰਗਰੇਜ਼ੀ ਦੇ ਜਾਅਲੀ ਦਸਤਖ਼ਤ ਕੀਤੇ ਗਏ ਹਨ। ਕੌਂਸਲਰ ਦਾ ਦਾਅਵਾ ਹੈ ਕਿ ਪਹਿਲੀ ਜਾਅਲੀ ਰਜਿਸਟਰੀ ਤਾਂ ਢਾਬੇ ਵਿੱਚ ਹੀ ਕਰਵਾਈ ਗਈ ਸੀ।
ਪੁਲਿਸ ਵੱਲੋਂ ਕੇਸ ਦਰਜ
ਸ਼ਿਕਾਇਤਕਰਤਾ ਵੱਲੋਂ ਦਿੱਤੀ ਅਰਜ਼ੀ ‘ਤੇ ਡੇਢ ਮਹੀਨੇ ਦੀ ਜਾਂਚ ਤੋਂ ਬਾਅਦ, ਬਰਨਾਲਾ ਪੁਲਿਸ ਨੇ ਦੀਪਕ ਦੁੱਗਲ, ਸੰਦੀਪ ਦੁੱਗਲ, ਅਜੈ ਨੌਨਿਹਾਲ ਸਿੰਘ ਅਤੇ ਪਾਲ ਕੌਰ ਵਿਰੁੱਧ ਧਾਰਾ 319(2), 318(4) ਅਤੇ ਬੀਐਨਐਸ 117 ਤਹਿਤ ਕੇਸ ਦਰਜ ਕੀਤਾ ਹੈ। ਧਨੌਲਾ ਥਾਣੇ ਦੇ ਐਸਐਚਓ ਲਖਬੀਰ ਸਿੰਘ ਦੇ ਅਨੁਸਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਪ੍ਰਕਿਰਿਆ ਚੱਲ ਰਹੀ ਹੈ।
ਧਮਕੀਆਂ ਦੇ ਇਲਜ਼ਾਮ ਵੀ
ਗੁਰਨਾਮ ਸਿੰਘ ਨੇ ਇਹ ਵੀ ਦਾਅਵਾ ਕੀਤਾ ਕਿ ਕੇਸ ਦਰਜ ਹੋਣ ਤੋਂ ਬਾਅਦ ਉਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਹਨ ਅਤੇ ਕੁਝ ਲੋਕ ਇਸ ਮਾਮਲੇ ਨੂੰ ਝੂਠਾ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਲਈ ਉਹਨਾਂ ਨੇ ਪੁਲਿਸ ਤੋਂ ਮੁਲਜ਼ਮਾਂ ਦੀ ਜਲਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ।
ਢਾਬਾ ਮਾਲਕਾਂ ਦਾ ਰਵੱਈਆ
ਦੂਜੇ ਪਾਸੇ, ਜਦੋਂ ਮੀਡੀਆ ਵੱਲੋਂ ਦੀਪਕ ਢਾਬਾ ਪ੍ਰਬੰਧਕਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਮੀਡੀਆ ਕੋਲ ਆਉਣ ਤੋਂ ਕਤਰਾ ਗਏ ਅਤੇ ਕੋਈ ਸਿੱਧਾ ਜਵਾਬ ਨਹੀਂ ਦਿੱਤਾ।