ਲੁਧਿਆਣਾ : ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਬੇਅਦਬੀ ਦੀ ਇੱਕ ਗੰਭੀਰ ਘਟਨਾ ਸਾਹਮਣੇ ਆਉਣ ਨਾਲ ਸਿੱਖ ਜਗਤ ’ਚ ਭਾਰੀ ਰੋਸ ਪੈਦਾ ਹੋ ਗਿਆ ਹੈ। ਇਹ ਮਾਮਲਾ ਹਲਕਾ ਸਾਹਨੇਵਾਲ ਦੇ ਅਧੀਨ ਆਉਂਦੇ ਪਿੰਡ ਜੁਗਿਆਣਾ ਦੇ ਸ੍ਰੀ ਗੁਰਦੁਆਰਾ ਸਾਹਿਬ ਨਾਲ ਜੁੜਿਆ ਹੋਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇੱਕ ਮਹਿਲਾ, ਜਿਸ ਦੀ ਪਛਾਣ ਪ੍ਰਕਾਸ਼ ਕੌਰ ਵਜੋਂ ਹੋਈ ਹੈ, ਗੁਰਦੁਆਰੇ ਵਿੱਚ ਅਰਦਾਸ ਦੌਰਾਨ ਅਚਾਨਕ ਆਪਣੇ ਕੱਪੜੇ ਉਤਾਰਣ ਲੱਗ ਪਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਪਮਾਨਜਨਕ ਤਰੀਕੇ ਨਾਲ ਵਰਤਾਰਾ ਕੀਤਾ।
ਇਸ ਘਟਨਾ ਨੇ ਮੌਕੇ ’ਤੇ ਮੌਜੂਦ ਸਾਰੇ ਸ਼ਰਧਾਲੂਆਂ ਨੂੰ ਹੈਰਾਨ ਤੇ ਪਰੇਸ਼ਾਨ ਕਰ ਦਿੱਤਾ। ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਮਹਿਲਾ ਪਹਿਲਾਂ ਹੋਰਾਂ ਨਾਲ ਬਹਿਸ ਕਰਦੀ ਹੈ ਅਤੇ ਫਿਰ ਅਚਾਨਕ ਆਪਣੇ ਕੱਪੜੇ ਪਾੜਣ ਲੱਗ ਪੈਂਦੀ ਹੈ। ਇਸ ਦੌਰਾਨ ਮੌਕੇ ’ਤੇ ਮੌਜੂਦ ਕੁਝ ਮਹਿਲਾ ਸ਼ਰਧਾਲੂਆਂ ਨੇ ਉਸਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਸ ਨੇ ਕਿਸੇ ਦੀ ਨਹੀਂ ਸੁਣੀ। ਆਖਰਕਾਰ, ਉਸ ਨੇ ਆਪਣੇ ਸਾਰੇ ਕੱਪੜੇ ਉਤਾਰ ਦਿੱਤੇ, ਜਿਸ ਨਾਲ ਗੁਰਦੁਆਰੇ ਦੇ ਦਰਬਾਰ ਵਿੱਚ ਹੰਗਾਮਾ ਬਣ ਗਿਆ।
ਵੀਡੀਓ ਜਦੋਂ ਤੋਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ, ਤਦੋਂ ਤੋਂ ਹੀ ਸਿੱਖ ਸੰਗਤ, ਜਥੇਬੰਦੀਆਂ ਅਤੇ ਵੱਖ-ਵੱਖ ਧਾਰਮਿਕ ਸੰਸਥਾਵਾਂ ਵੱਲੋਂ ਕੜਾ ਰੋਸ ਜਤਾਇਆ ਜਾ ਰਿਹਾ ਹੈ। ਹਰ ਪਾਸੇ ਇਹ ਮੰਗ ਉੱਠ ਰਹੀ ਹੈ ਕਿ ਮਹਿਲਾ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਇਹ ਕੇਵਲ ਗੁਰੂ ਘਰ ਹੀ ਨਹੀਂ, ਸਗੋਂ ਪੂਰੀ ਸਿੱਖ ਕੌਮ ਦੀ ਭਾਵਨਾਵਾਂ ਨਾਲ ਖਿਲਵਾੜ ਹੈ।
ਇਸ ਸਬੰਧੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਬੇਅਦਬੀ ਦੇ ਦੋਸ਼ਾਂ ਹੇਠ ਮਹਿਲਾ ਪ੍ਰਕਾਸ਼ ਕੌਰ ਦੇ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਹੈ। ਸਾਹਨੇਵਾਲ ਥਾਣੇ ਦੇ ਇੰਚਾਰਜ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੁਸ਼ਟੀ ਕੀਤੀ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜਲਦ ਹੀ ਦੋਸ਼ਣੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਦੂਜੇ ਪਾਸੇ ਸਿੱਖ ਜਥੇਬੰਦੀਆਂ ਦੇ ਪ੍ਰਤੀਨਿਧੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਜਥੇਦਾਰ ਚੀਮਾ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਦਾ ਮੁੱਖ ਕਾਰਨ ਇਹ ਹੈ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਨਹੀਂ ਮਿਲਦੀ। ਕਈ ਵਾਰ ਮੁਕੱਦਮਾ ਦਰਜ ਹੋਣ ਦੇ ਬਾਵਜੂਦ ਵੀ ਦੋਸ਼ੀ ਕੁਝ ਮਹੀਨੇ ਬਾਅਦ ਜ਼ਮਾਨਤ ’ਤੇ ਬਾਹਰ ਆ ਜਾਂਦੇ ਹਨ ਅਤੇ ਫਿਰ ਉਸੇ ਤਰ੍ਹਾਂ ਦੀਆਂ ਘਟਨਾਵਾਂ ਨੂੰ ਦੁਹਰਾਉਂਦੇ ਹਨ। ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਸੱਚਮੁੱਚ ਬੇਅਦਬੀ ਰੋਕਣਾ ਚਾਹੁੰਦੀ ਹੈ ਤਾਂ ਸਖ਼ਤ ਕਾਨੂੰਨ ਬਣਾਉਣ ਨਾਲ ਨਾਲ ਤੁਰੰਤ ਅਤੇ ਉਦਾਹਰਣਯੋਗ ਸਜ਼ਾ ਵੀ ਯਕੀਨੀ ਬਣਾਈ ਜਾਵੇ।
ਇਹ ਘਟਨਾ ਨਾ ਸਿਰਫ਼ ਜੁਗਿਆਣਾ ਪਿੰਡ ਦੀ ਸੰਗਤ ਲਈ ਸਦਮੇ ਵਾਲੀ ਹੈ ਸਗੋਂ ਪੂਰੀ ਸਿੱਖ ਕੌਮ ਲਈ ਵੱਡਾ ਝਟਕਾ ਸਾਬਤ ਹੋਈ ਹੈ। ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਅਕਸਰ ਸਖ਼ਤ ਕਾਨੂੰਨ ਬਣਾਉਣ ਦੀਆਂ ਗੱਲਾਂ ਕਰਦੀ ਹੈ ਪਰ ਅਸਲ ਕਾਰਵਾਈ ਦੇ ਮਾਮਲੇ ਵਿੱਚ ਕਮਜ਼ੋਰ ਨਜ਼ਰ ਆਉਂਦੀ ਹੈ।
ਸਿੱਖ ਜਥੇਬੰਦੀਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜੇਕਰ ਇਸ ਮਾਮਲੇ ਵਿੱਚ ਤੁਰੰਤ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਵੱਡਾ ਰੋਸ ਪ੍ਰਦਰਸ਼ਨ ਹੋ ਸਕਦਾ ਹੈ। ਇਸ ਸਮੇਂ ਪੂਰੀ ਸਿੱਖ ਸੰਗਤ ਦੀ ਨਿਗਾਹ ਸਰਕਾਰ ਅਤੇ ਪ੍ਰਸ਼ਾਸਨ ਦੇ ਅਗਲੇ ਕਦਮ ’ਤੇ ਟਿਕੀ ਹੋਈ ਹੈ।