ਬਠਿੰਡਾ ਦੇ ਜਨਤਾ ਨਗਰ ਗਲੀ ਨੰਬਰ 6 ਵਿੱਚ ਅੱਜ ਇੱਕ ਚੌਕਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਵਿਅਕਤੀ ਨੇ ਆਪਣੇ ਹੀ ਘਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਗਣੀਮਤ ਇਹ ਰਹੀ ਕਿ ਇਸ ਘਟਨਾ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਘਰ ਦੇ ਅੰਦਰ ਪਿਆ ਸਾਰਾ ਸਾਮਾਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ।
ਮਿਲੀ ਜਾਣਕਾਰੀ ਮੁਤਾਬਕ, ਘਰ ਵਿੱਚ ਰਹਿੰਦੀ ਮਹਿਲਾ ਨੇ ਦੱਸਿਆ ਕਿ ਉਹ 2500 ਰੁਪਏ ਕਿਰਾਏ ਦੇ ਮਕਾਨ ਵਿੱਚ ਆਪਣੇ ਪਰਿਵਾਰ ਨਾਲ ਰਹਿ ਰਹੀ ਸੀ। ਉਸਨੇ ਦੱਸਿਆ ਕਿ ਉਸਦਾ ਆਪਣੇ ਪਤੀ ਨਾਲ ਝਗੜਾ ਉਸਦੇ ਪਿਉ ਦੇ ਕਾਰਨ ਹੋਇਆ। ਪਤੀ ਨੂੰ ਇਹ ਗੱਲ ਪਸੰਦ ਨਹੀਂ ਸੀ ਕਿ ਉਹ ਆਪਣੀ ਪਤਨੀ ਦੇ ਪਿਉ ਨੂੰ ਰੋਟੀ ਅਤੇ ਸ਼ਰਾਬ ਦੇ ਰਹੀ ਸੀ। ਗੁੱਸੇ ਵਿੱਚ ਆ ਕੇ ਉਸਨੇ ਘਰ ਵਿੱਚ ਪਿਆ ਡੀਜ਼ਲ ਦਾ ਡਰਮ ਹੀ ਅੱਗ ਨਾਲ ਸੜਾ ਦਿੱਤਾ, ਜਿਸ ਕਾਰਨ ਸਾਰਾ ਘਰ ਅੱਗ ਦੀ ਲਪੇਟ ਵਿੱਚ ਆ ਗਿਆ।
ਮਹਿਲਾ ਨੇ ਰੋਦਿਆਂ ਹੋਇਆ ਕਿਹਾ ਕਿ ਉਸਦੇ ਛੋਟੇ-ਛੋਟੇ ਬੱਚੇ ਹੁਣ ਸੜਕ ‘ਤੇ ਰਹਿਣ ਲਈ ਮਜਬੂਰ ਹੋ ਗਏ ਹਨ। ਬੱਚੇ ਮਾਂ ਨੂੰ ਰੋਂਦਾ ਦੇਖ ਆਪਣੇ ਆਪ ਵੀ ਰੋਣ ਲੱਗ ਪਏ। ਸਭ ਤੋਂ ਦੁਖਦਾਈ ਗੱਲ ਇਹ ਰਹੀ ਕਿ ਗੁੱਸੇ ਵਿੱਚ ਆਏ ਵਿਅਕਤੀ ਨੇ ਆਪਣੇ ਬੱਚਿਆਂ ਦੀ ਵੀ ਚਿੰਤਾ ਨਹੀਂ ਕੀਤੀ ਅਤੇ ਘਰ ਨੂੰ ਹੀ ਅੱਗ ਦੇ ਹਵਾਲੇ ਕਰ ਦਿੱਤਾ।
ਇਸ ਘਟਨਾ ਬਾਰੇ ਜਾਣਕਾਰੀ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਕਾਫੀ ਜੱਦੋਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਮਕਾਨ ਮਾਲਕ ਵੀ ਮੌਕੇ ’ਤੇ ਪਹੁੰਚਿਆ। ਹਾਲਾਂਕਿ ਉਸਨੇ ਦਾਅਵਾ ਕੀਤਾ ਕਿ ਡਰਮ ਖਾਲੀ ਸੀ, ਪਰ ਪੀੜਤ ਪਰਿਵਾਰ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਡਰਮ ਵਿੱਚ ਡੀਜ਼ਲ ਭਰਿਆ ਹੋਇਆ ਸੀ।
ਫਾਇਰ ਬ੍ਰਿਗੇਡ ਅਫਸਰ ਨੇ ਵੀ ਪੁਸ਼ਟੀ ਕੀਤੀ ਹੈ ਕਿ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਹੁਣ ਪੁਲਿਸ ਵੱਲੋਂ ਵੀ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।