ਅਸੀਂ ਬਚਪਨ ਤੋਂ ਸੁਣਦੇ ਆ ਰਹੇ ਹਾਂ ਕਿ ਸਿਹਤਮੰਦ ਰਹਿਣ ਲਈ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ। ਸਵੇਰੇ ਖਾਲੀ ਪੇਟ ਪਾਣੀ ਪੀਣਾ ਹੋਵੇ ਜਾਂ ਦਿਨ ਭਰ ਘੁੱਟ-ਘੁੱਟ ਕੇ ਪੀਣਾ, ਇਹ ਅੱਜ ਦੀ ਸਿਹਤਮੰਦ ਜੀਵਨ ਸ਼ੈਲੀ ਦਾ ਹਿੱਸਾ ਬਣ ਚੁੱਕਿਆ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਹਾਲਤਾਂ ਵਿੱਚ ਇਹੀ ਪਾਣੀ, ਜੋ ਸਰੀਰ ਲਈ ਜ਼ਿੰਦਗੀ ਦੀ ਨਿਊਹ ਮੰਨਿਆ ਜਾਂਦਾ ਹੈ, ਜ਼ਹਿਰ ਸਾਬਤ ਹੋ ਸਕਦਾ ਹੈ?
ਮਾਹਿਰਾਂ ਦੇ ਅਨੁਸਾਰ ਇੱਕ ਗੰਭੀਰ ਬਿਮਾਰੀ ਹੈ ਜਿਸ ਵਿੱਚ ਬਹੁਤ ਜ਼ਿਆਦਾ ਪਾਣੀ ਪੀਣ ਕਾਰਨ ਸਰੀਰ ਵਿੱਚ ਸੋਡੀਅਮ ਦਾ ਪੱਧਰ ਇੰਨਾ ਘੱਟ ਹੋ ਜਾਂਦਾ ਹੈ ਕਿ ਵਿਅਕਤੀ ਬੇਹੋਸ਼ ਹੋ ਸਕਦਾ ਹੈ, ਇੱਥੋਂ ਤੱਕ ਕਿ ਕੋਮਾ ਵਿੱਚ ਵੀ ਚਲਾ ਜਾ ਸਕਦਾ ਹੈ। ਇਸ ਬਿਮਾਰੀ ਨੂੰ ਹਾਈਪੋਨੇਟ੍ਰੀਮੀਆ (Hyponatremia) ਕਿਹਾ ਜਾਂਦਾ ਹੈ।
ਹਾਈਪੋਨੇਟ੍ਰੀਮੀਆ ਕੀ ਹੈ?
ਇਹ ਇੱਕ ਮੈਡੀਕਲ ਹਾਲਤ ਹੈ ਜਿਸ ਵਿੱਚ ਸਰੀਰ ਦੇ ਤਰਲ ਪਦਾਰਥਾਂ ਵਿੱਚ ਸੋਡੀਅਮ ਦੀ ਮਾਤਰਾ ਅਸਧਾਰਨ ਤੌਰ ’ਤੇ ਘੱਟ ਹੋ ਜਾਂਦੀ ਹੈ। ਇਸ ਕਾਰਨ ਸੈੱਲ ਸੁੱਜਣ ਲੱਗਦੇ ਹਨ, ਖ਼ਾਸ ਕਰਕੇ ਦਿਮਾਗ ਦੇ ਸੈੱਲ। ਇਹ ਸਥਿਤੀ ਕਈ ਵਾਰ ਜ਼ਿੰਦਗੀ ਲਈ ਖ਼ਤਰਨਾਕ ਹੋ ਸਕਦੀ ਹੈ।
ਪਾਣੀ ਨਾਲ ਕਿਵੇਂ ਜੁੜਿਆ ਹੈ ਸੋਡੀਅਮ?
ਸੋਡੀਅਮ ਸਰੀਰ ਵਿੱਚ ਤਰਲ ਪਦਾਰਥਾਂ ਦੇ ਸੰਤੁਲਨ ਨੂੰ ਬਣਾਈ ਰੱਖਣ ਅਤੇ ਮਾਸਪੇਸ਼ੀਆਂ ਦੀ ਸਹੀ ਕਾਰਗੁਜ਼ਾਰੀ ਲਈ ਬਹੁਤ ਜ਼ਰੂਰੀ ਹੈ। ਜਦੋਂ ਕੋਈ ਵਿਅਕਤੀ ਹੱਦ ਤੋਂ ਵੱਧ ਪਾਣੀ ਪੀ ਲੈਂਦਾ ਹੈ, ਤਾਂ ਵੱਧ ਪਾਣੀ ਸਰੀਰ ਵਿੱਚ ਸੋਡੀਅਮ ਦੀ ਮਾਤਰਾ ਨੂੰ ਪਤਲਾ ਕਰ ਦਿੰਦਾ ਹੈ। ਇਸ ਕਾਰਨ ਹੀ ਹਾਈਪੋਨੇਟ੍ਰੀਮੀਆ ਦੀ ਸਥਿਤੀ ਪੈਦਾ ਹੁੰਦੀ ਹੈ।
ਹਾਈਪੋਨੇਟ੍ਰੀਮੀਆ ਦੇ ਮੁੱਖ ਲੱਛਣ
- ਲਗਾਤਾਰ ਥਕਾਵਟ ਜਾਂ ਕਮਜ਼ੋਰੀ ਮਹਿਸੂਸ ਹੋਣਾ
- ਮਤਲੀ ਤੇ ਉਲਟੀਆਂ ਆਉਣੀਆਂ
- ਸਿਰ ਦਰਦ ਅਤੇ ਚੱਕਰ ਆਉਣੇ
- ਮਾਸਪੇਸ਼ੀਆਂ ਵਿੱਚ ਕੜਵੱਲ ਜਾਂ ਦਰਦ
- ਜ਼ਿਆਦਾ ਪਸੀਨਾ ਆਉਣਾ
- ਗੰਭੀਰ ਮਾਮਲਿਆਂ ਵਿੱਚ ਬੇਹੋਸ਼ੀ ਜਾਂ ਕੋਮਾ
ਇਸ ਤੋਂ ਬਚਾਅ ਕਿਵੇਂ ਕੀਤਾ ਜਾ ਸਕਦਾ ਹੈ?
- ਪਾਣੀ ਹਮੇਸ਼ਾਂ ਪਿਆਸ ਦੇ ਅਨੁਸਾਰ ਹੀ ਪੀਣਾ ਚਾਹੀਦਾ ਹੈ।
- ਇੱਕ ਵਾਰ ਵਿੱਚ ਬਹੁਤ ਸਾਰਾ ਪਾਣੀ ਨਾ ਪੀਓ, ਬਲਕਿ ਦਿਨ ਭਰ ਥੋੜ੍ਹਾ-ਥੋੜ੍ਹਾ ਕਰਕੇ ਪੀਓ।
- ਖੇਡਾਂ ਜਾਂ ਭਾਰੀ ਕਸਰਤ ਦੌਰਾਨ ਸਿਰਫ਼ ਸਾਫ਼ ਪਾਣੀ ਦੀ ਬਜਾਏ ORS, ਨਿੰਬੂ ਪਾਣੀ ਜਾਂ ਨਾਰੀਅਲ ਪਾਣੀ ਵਰਗੇ ਇਲੈਕਟ੍ਰੋਲਾਈਟ ਪੀਣੇ ਵਧੀਆ ਰਹਿੰਦੇ ਹਨ।
- ਜਿਨ੍ਹਾਂ ਲੋਕਾਂ ਨੂੰ ਗੁਰਦੇ ਜਾਂ ਦਿਲ ਦੀਆਂ ਬਿਮਾਰੀਆਂ ਹਨ, ਉਹ ਹਮੇਸ਼ਾਂ ਡਾਕਟਰ ਦੀ ਸਲਾਹ ਮੁਤਾਬਕ ਹੀ ਪਾਣੀ ਪੀਣ।
👉 ਇਸ ਤਰ੍ਹਾਂ ਪਾਣੀ ਪੀਣਾ ਜਰੂਰੀ ਹੈ, ਪਰ ਹੱਦ ਤੋਂ ਵੱਧ ਪੀਣਾ ਵੀ ਕਈ ਵਾਰ ਸਿਹਤ ਲਈ ਖ਼ਤਰਾ ਬਣ ਸਕਦਾ ਹੈ।