ਜਲੰਧਰ : ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ R Nait, ਪ੍ਰਸਿੱਧ ਗਾਇਕਾ ਗੁਰਲੇਜ਼ ਅਖ਼ਤਰ ਅਤੇ ਮਾਡਲ ਭਾਣਾ ਸਿੱਧੂ ਨੂੰ ਅੱਜ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਬੁਲਾਇਆ ਗਿਆ ਸੀ। ਪੁਲਿਸ ਨੇ ਤਿੰਨਾਂ ਨੂੰ ਵਿਵਾਦਿਤ ਗੀਤ “315” ਦੇ ਮਾਮਲੇ ਵਿੱਚ ਪੁੱਛਗਿੱਛ ਲਈ ਹਾਜ਼ਰ ਹੋਣ ਦੇ ਹੁਕਮ ਜਾਰੀ ਕੀਤੇ ਸਨ। ਇਸ ਸਬੰਧੀ ਅਧਿਕਾਰਕ ਤੌਰ ’ਤੇ ਦੁਪਹਿਰ 12 ਵਜੇ ਦਾ ਸਮਾਂ ਨਿਰਧਾਰਤ ਕੀਤਾ ਗਿਆ ਸੀ।
ਹਾਲਾਂਕਿ, ਨਿਰਧਾਰਤ ਸਮੇਂ ਤੋਂ ਇੱਕ ਘੰਟਾ ਵੱਧ ਹੋਣ ’ਤੇ ਵੀ, ਦੁਪਹਿਰ 1:15 ਵਜੇ ਤੱਕ ਤਿੰਨਾਂ ਵਿੱਚੋਂ ਕੋਈ ਵੀ ਪੁਲਿਸ ਦੇ ਦਫ਼ਤਰ ਨਹੀਂ ਪਹੁੰਚਿਆ। ਇਸ ਕਰਕੇ ਪੁਲਿਸ ਕਾਰਵਾਈ ਅਧੂਰੀ ਰਹਿ ਗਈ।
ਇਸ ਮਾਮਲੇ ਦੀ ਸ਼ੁਰੂਆਤ ਉਸ ਸਮੇਂ ਹੋਈ ਜਦੋਂ ਭਾਜਪਾ ਪੰਜਾਬ ਟ੍ਰੇਡ ਸੈੱਲ ਦੇ ਡਿਪਟੀ ਕਨਵੀਨਰ ਅਰਵਿੰਦ ਸਿੰਘ ਅਤੇ ਜਲੰਧਰ ਦੇ ਆਰਟੀਆਈ ਐਕਟਿਵਿਸਟ ਸਿਮਰਨਜੀਤ ਸਿੰਘ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ। ਸ਼ਿਕਾਇਤਕਰਤਾਵਾਂ ਦਾ ਦੋਸ਼ ਹੈ ਕਿ ਇਸ ਗੀਤ ਦੇ ਬੋਲ ਅਤੇ ਵੀਡੀਓ ਵਿੱਚ ਅਜਿਹੇ ਤੱਤ ਹਨ ਜੋ ਵਿਵਾਦ ਪੈਦਾ ਕਰ ਸਕਦੇ ਹਨ ਅਤੇ ਸਮਾਜ ਵਿੱਚ ਗਲਤ ਸੁਨੇਹਾ ਫੈਲਾਉਂਦੇ ਹਨ।
ਪੁਲਿਸ ਨੇ ਤਿੰਨਾਂ ਨੂੰ ਬੁਲਾਕੇ ਗੀਤ ਦੇ ਬੋਲ, ਵੀਡੀਓ ਦੀ ਬਣਤ ਅਤੇ ਇਸ ਦੇ ਮਤਲਬ ਬਾਰੇ ਸਪਸ਼ਟੀਕਰਨ ਲੈਣਾ ਸੀ। ਪਰ ਤਿੰਨੋਂ ਦੇ ਨਾ ਪਹੁੰਚਣ ਕਾਰਨ ਪੁੱਛਗਿੱਛ ਅੱਗੇ ਨਹੀਂ ਵਧ ਸਕੀ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਜਲਦ ਹੀ ਨਵਾਂ ਨੋਟਿਸ ਜਾਰੀ ਕਰਕੇ ਗਾਇਕ, ਗਾਇਕਾ ਅਤੇ ਮਾਡਲ ਨੂੰ ਮੁੜ ਤਲਬ ਕੀਤਾ ਜਾਵੇਗਾ। ਜੇਕਰ ਉਹ ਫਿਰ ਵੀ ਪੇਸ਼ ਨਾ ਹੋਏ ਤਾਂ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।