ਦਿੱਲੀ ਦੇ ਨਿਜ਼ਾਮੁਦੀਨ ਇਲਾਕੇ ‘ਚ ਹੁਮਾਯੂੰ ਦੇ ਮਕਬਰੇ ਨੇੜੇ ਇੱਕ ਦਰਗਾਹ ਵਿੱਚ ਸ਼ੁੱਕਰਵਾਰ ਨੂੰ ਵੱਡਾ ਹਾਦਸਾ ਵਾਪਰਿਆ। ਦਰਗਾਹ ਸ਼ਰੀਫ਼ ਪੱਤੇ ਸ਼ਾਹ ਦੇ ਇੱਕ ਕਮਰੇ ਦੀ ਛੱਤ ਅਤੇ ਕੰਧ ਦਾ ਹਿੱਸਾ ਅਚਾਨਕ ਢਹਿ ਗਿਆ। ਇਸ ਵਿੱਚ 6 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਲੋਕ ਜ਼ਖਮੀ ਹੋਏ ਹਨ। ਕੁਝ ਲੋਕਾਂ ਦੇ ਮਲਬੇ ਹੇਠ ਫਸੇ ਹੋਣ ਦੀ ਵੀ ਸੰਭਾਵਨਾ ਹੈ।
ਦਿੱਲੀ ਫਾਇਰ ਸਰਵਿਸ ਨੂੰ ਸ਼ਾਮ 3:51 ਵਜੇ ਇਸ ਹਾਦਸੇ ਦੀ ਸੂਚਨਾ ਮਿਲੀ। ਫੌਰੀ ਤੌਰ ‘ਤੇ 5 ਫਾਇਰ ਟੈਂਡਰ ਮੌਕੇ ‘ਤੇ ਭੇਜੇ ਗਏ। ਰਾਹਤ ਕਾਰਜ ਜਾਰੀ ਹੈ ਅਤੇ ਫਸੇ ਹੋਏ ਲੋਕਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਹਾਲੇ ਤੱਕ 11 ਲੋਕਾਂ ਨੂੰ ਮਲਬੇ ਵਿੱਚੋਂ ਬਾਹਰ ਕੱਢਿਆ ਗਿਆ ਹੈ ਅਤੇ ਸਭ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮਰਨ ਵਾਲਿਆਂ ਵਿੱਚ 3 ਔਰਤਾਂ ਅਤੇ 3 ਮਰਦ ਸ਼ਾਮਲ ਹਨ।
ਨਮਾਜ਼ ਦੌਰਾਨ ਵਾਪਰਿਆ ਹਾਦਸਾ
ਦਰਗਾਹ ਵਿੱਚ ਸ਼ੁੱਕਰਵਾਰ ਦੀ ਨਮਾਜ਼ ਲਈ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਸਨ। ਬਾਰਸ਼ ਕਾਰਨ ਬਹੁਤ ਸਾਰੇ ਲੋਕ ਅੰਦਰ ਚਲੇ ਗਏ ਸਨ। ਦਰਗਾਹ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਛੱਤ ਬਹੁਤ ਪੁਰਾਣੀ ਸੀ ਅਤੇ ਕਾਫੀ ਸਮੇਂ ਤੋਂ ਮੁਰੰਮਤ ਦੀ ਲੋੜ ਸੀ।
ਐਡਵੋਕੇਟ ਮੁਜੀਬ ਅਹਿਮਦ ਨੇ ਦੋਸ਼ ਲਗਾਇਆ ਕਿ ਦਰਗਾਹ ਕਮੇਟੀ ਵੱਲੋਂ ਕਈ ਵਾਰ ਮੁਰੰਮਤ ਦੀ ਇਜਾਜ਼ਤ ਲਈ ਬੇਨਤੀ ਕੀਤੀ ਗਈ ਸੀ, ਪਰ ਆਰਕੀਓਲੋਜੀਕਲ ਸਰਵੇ ਆਫ ਇੰਡੀਆ (ASI) ਨੇ ਮਨਜ਼ੂਰੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ASI ਦੀ ਲਾਪਰਵਾਹੀ ਕਾਰਨ ਛੱਤ ਵਿੱਚ ਦਰਾਰ ਆਈ, ਜੋ ਅਖ਼ਿਰਕਾਰ ਹਾਦਸੇ ਦਾ ਕਾਰਨ ਬਣੀ।