ਬਮਿਆਲ: ਪਿਛਲੇ 2-3 ਦਿਨਾਂ ਤੋਂ ਲਗਾਤਾਰ ਪੈ ਰਹੀ ਬਰਸਾਤ ਕਾਰਨ ਬਿਆਸ ਦਰਿਆ ਦਾ ਪਾਣੀ ਪੱਧਰ ਵਧ ਗਿਆ ਹੈ। ਇਸ ਨਾਲ ਨਾਲ, ਸਰਹੱਦੀ ਇਲਾਕੇ ਬਮਿਆਲ ਨੇੜੇ ਜਲਾਲੀਆ ਦਰਿਆ ਵਿੱਚ ਵੱਡੀ ਮਾਤਰਾ ਵਿੱਚ ਪਾਣੀ ਆਉਣ ਨਾਲ ਹੜ੍ਹ ਜਿਹੀ ਸਥਿਤੀ ਬਣ ਗਈ ਹੈ।
ਸਵੇਰੇ ਲਗਭਗ 7 ਵਜੇ ਦਰਿਆ ਦਾ ਪਾਣੀ ਪੱਧਰ ਕਾਫੀ ਉੱਚਾ ਹੋ ਗਿਆ, ਜਿਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਪਾਣੀ ਫੈਲ ਗਿਆ। ਦਰਿਆ ਕੰਢੇ ਖੜੀਆਂ ਫਸਲਾਂ ਲਗਭਗ ਤਬਾਹ ਹੋ ਚੁੱਕੀਆਂ ਹਨ। ਪਿੰਡ ਅਨਿਆਲ ਦੇ ਕੁਝ ਰਿਹਾਇਸ਼ੀ ਇਲਾਕਿਆਂ ਵਿੱਚ ਵੀ ਪਾਣੀ ਦਾਖਲ ਹੋ ਗਿਆ ਹੈ।

ਮਨਵਾਲ ਤੇ ਮੰਗਵਾਲ ਮੋੜ ਨੇੜੇ ਦਰਿਆ ਕੋਲ ਵੱਸਦੇ ਕੁਝ ਘਰਾਂ ਵਿੱਚ ਪਾਣੀ ਵੜ ਗਿਆ ਹੈ। ਇਕ ਪੋਲਟਰੀ ਫਾਰਮ, ਗੁੱਜਰ ਪਰਿਵਾਰਾਂ ਦੇ ਘਰ ਅਤੇ ਕਿਸਾਨਾਂ ਦੀਆਂ ਮੋਟਰਾਂ ਵੀ ਪਾਣੀ ਵਿੱਚ ਆ ਗਈਆਂ ਹਨ। ਮਨਵਾਲ ਮੰਗਵਾਲ ਦੇ ਇਕ ਪੀੜਤ ਨੇ ਦੱਸਿਆ ਕਿ ਸਵੇਰੇ ਅਚਾਨਕ ਪਾਣੀ ਘਰ ਵਿੱਚ ਵੜ ਗਿਆ, ਜਿਸ ਕਾਰਨ ਕੀਮਤੀ ਸਮਾਨ, ਰਾਸ਼ਨ ਅਤੇ ਪਸ਼ੂਆਂ ਦਾ ਚਾਰਾ ਪਾਣੀ ਵਿੱਚ ਡੁੱਬ ਗਿਆ।
ਦਤਿਆਲ ਤੋਂ ਬਮਿਆਲ ਰਾਹੀਂ ਫਤਿਹਪੁਰ ਜਾਣ ਵਾਲੀ ਸੜਕ ਵੀ ਪਾਣੀ ਹੇਠਾਂ ਆ ਗਈ ਹੈ, ਜਿਸ ਨਾਲ ਆਵਾਜਾਈ ਮੁਸ਼ਕਲ ਹੋ ਗਈ ਹੈ। ਮੰਗਵਾਲ ਮੋੜ, ਜਿੱਥੇ ਪੁਲਿਸ ਚੌਂਕੀ ਹੈ, ਵੀ ਪਾਣੀ ਦੇ ਘੇਰੇ ਵਿੱਚ ਹੈ। ਹਰ ਵਾਰੀ ਜਦੋਂ ਜਲਾਲੀਆ ਦਰਿਆ ਵਿੱਚ ਹੜ੍ਹ ਆਉਂਦੀ ਹੈ, ਇਲਾਕੇ ਦੇ ਲੋਕਾਂ ਨੂੰ ਇਸੇ ਤਰ੍ਹਾਂ ਦੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।