ਬਮਿਆਲ – ਸਰਹੱਦੀ ਇਲਾਕੇ ਦੇ ਪਿੰਡ ਅਨਿਆਲ ‘ਚ ਇੱਕ ਗਰੀਬ ਪਰਿਵਾਰ ਦੇ ਕੱਚੇ ਘਰ ਦੀ ਛੱਤ ਮੀਂਹ ਕਾਰਨ ਅਚਾਨਕ ਡਿੱਗ ਗਈ। ਛੱਤ ਡਿੱਗਣ ਨਾਲ ਕਮਰੇ ਦਾ ਸਾਰਾ ਸਾਮਾਨ ਮਲਬੇ ਹੇਠ ਦੱਬ ਗਿਆ, ਪਰ ਖੁਸ਼ਕਿਸਮਤੀ ਨਾਲ ਪਰਿਵਾਰ ਦੇ ਸਭ ਮੈਂਬਰ ਵਕ਼ਤ ਤੇ ਬਾਹਰ ਨਿਕਲ ਕੇ ਸੁਰੱਖਿਅਤ ਰਹੇ।ਪਰਿਵਾਰ ਮੁਖੀ ਰੂਪ ਲਾਲ ਨੇ ਦੱਸਿਆ ਕਿ ਉਹਨਾਂ ਦੇ ਘਰ ‘ਚ ਦੋ ਕਮਰੇ ਹਨ ਅਤੇ ਕੁੱਲ ਚਾਰ ਮੈਂਬਰ ਹਨ। ਕੱਲ੍ਹ ਰਾਤ ਘਰ ਵਿੱਚ ਮਹਿਮਾਨ ਵੀ ਆਏ ਹੋਏ ਸਨ ਅਤੇ ਸਭ ਕੱਚੇ ਕਮਰੇ ਵਿੱਚ ਸੌਂ ਰਹੇ ਸਨ। ਰਾਤ ਦੀ ਬਾਰਿਸ਼ ਤੋਂ ਬਾਅਦ ਛੱਤ ਦਾ ਇੱਕ ਹਿੱਸਾ ਡਿੱਗਣਾ ਸ਼ੁਰੂ ਹੋਇਆ ਤਾਂ ਉਹ ਤੁਰੰਤ ਬਾਹਰ ਨਿਕਲ ਆਏ। ਕੁਝ ਹੀ ਪਲਾਂ ਵਿੱਚ ਪੂਰੀ ਛੱਤ ਢਹਿ ਗਈ, ਜਿਸ ਨਾਲ ਕਣਕ, ਚੌਲਾਂ ਅਤੇ ਹੋਰ ਘਰੇਲੂ ਸਾਮਾਨ ਮਲਬੇ ਹੇਠ ਚੂਰ ਹੋ ਗਿਆ।ਰੂਪ ਲਾਲ ਨੇ ਦੱਸਿਆ ਕਿ ਉਹ ਆਵਾਸ ਯੋਜਨਾ ਤਹਿਤ ਘਰ ਬਣਾਉਣ ਲਈ ਅਰਜ਼ੀ ਦੇ ਚੁੱਕੇ ਹਨ, ਪਰ ਹੁਣ ਤੱਕ ਕੋਈ ਮਦਦ ਨਹੀਂ ਮਿਲੀ। ਹੁਣ ਛੱਤ ਡਿੱਗਣ ਤੋਂ ਬਾਅਦ ਉਹਨਾਂ ਨੂੰ ਨਾਲ ਲੱਗਦੇ ਟੁੱਟੇ-ਫੁੱਟੇ ਕਮਰੇ ਵਿੱਚ ਰਹਿਣਾ ਪੈ ਰਿਹਾ ਹੈ। ਪਰਿਵਾਰ ਨੇ ਪ੍ਰਸ਼ਾਸਨ ਕੋਲੋਂ ਤੁਰੰਤ ਮਦਦ ਅਤੇ ਮੁਆਵਜ਼ੇ ਦੀ ਮੰਗ ਕੀਤੀ ਹੈ।