ਨਡਾਲਾ : ਪਿੰਡ ਰਾਏਪੁਰ ਅਰਾਈਆਂ ਦੇ ਨੌਜਵਾਨ ਨਵਦੀਪ ਸਿੰਘ ਨੂੰ ਨੰਬਰਦਾਰ ਨਿਯੁਕਤ ਕੀਤਾ ਗਿਆ, ਜਿਸ ਨਾਲ ਪਿੰਡ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਇਹ ਸਿਰਫ਼ ਉਸਦੇ ਪਰਿਵਾਰ ਲਈ ਮਾਣ ਵਾਲੀ ਗੱਲ ਨਹੀਂ, ਸਗੋਂ ਪਿੰਡ ਦੇ ਨੌਜਵਾਨਾਂ ਲਈ ਵੀ ਪ੍ਰੇਰਣਾਦਾਇਕ ਮਿਸਾਲ ਹੈ, ਕਿਉਂਕਿ ਘੱਟ ਉਮਰ ਵਿੱਚ ਇਹ ਜਿੰਮੇਵਾਰੀ ਸੰਭਾਲਣ ਵਾਲੇ ਉਹ ਚੋਟੀ ਦੇ ਨੌਜਵਾਨਾਂ ਵਿੱਚੋਂ ਇੱਕ ਹੈ।
ਨਵਦੀਪ ਸਿੰਘ ਦੇ ਸਵਾਗਤ ਲਈ ਪਿੰਡ ਵਾਸੀਆਂ ਨੇ ਢੋਲ ਵਜਾ ਕੇ, ਹਾਰ ਪਾ ਕੇ ਅਤੇ ਮਿਠਾਈ ਵੰਡ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਗੱਲਬਾਤ ਦੌਰਾਨ ਨਵਦੀਪ ਸਿੰਘ ਨੇ ਕਿਹਾ ਕਿ ਇਹ ਜਿੰਮੇਵਾਰੀ ਉਸ ਲਈ ਮਾਣ ਦੀ ਗੱਲ ਹੈ ਅਤੇ ਉਹ ਇਸਨੂੰ ਪੂਰੀ ਨਿਸ਼ਠਾ, ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਏਗਾ। ਉਹ ਹਮੇਸ਼ਾਂ ਪਿੰਡ ਦੀ ਭਲਾਈ ਅਤੇ ਵਿਕਾਸ ਲਈ ਤਤਪਰ ਰਹੇਗਾ।
ਇਸ ਮੌਕੇ ਤੇ ਸਰਪੰਚ ਵਰਿੰਦਰ ਪਰਾਸ਼ਰ, ਨੰਬਰਦਾਰ ਕੁਲਜੀਤ ਸਿੰਘ, ਮਹਿੰਦਰ ਸਿੰਘ, ਮਨਜਿੰਦਰ ਸਿੰਘ, ਨੰਬਰਦਾਰ ਬਿੱਲਾ, ਜੋਰਜ ਜੋਲੀ, ਕੁਲਦੀਪ ਸਿੰਘ, ਕੁਲਵਿੰਦਰ ਸਿੰਘ, ਹਰਪ੍ਰੀਤ ਸਿੰਘ, ਸੁਖਦੀਪ ਸਿੰਘ, ਮਨੀਮ ਵਿਨੋਦ ਕੁਮਾਰ, ਬਲਬੀਰ ਸਿੰਘ, ਭਗਵਾਨ ਸਿੰਘ, ਮਾਸਟਰ ਤਰਸੇਮ ਸਿੰਘ ਆਦਿ ਹਾਜ਼ਰ ਸਨ।